Patiala Heritage Craft Mela 2020 ends with a memories

March 5, 2020 - PatialaPolitics


ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਵਿਸ਼ੇਸ਼ ਪਹਿਲਕਦਮੀ ਹੇਠ ਕਰਵਾਇਆ ਗਿਆ ‘ਕਰਾਫ਼ਟ ਮੇਲਾ-2020’ ਅੱਜ ਅਮਿਟ ਯਾਦਾਂ ਛੱਡਦਾ ਹੋਇਆ ਸਫ਼ਲਤਾ ਪੂਰਵਕ ਸੰਪੰਨ ਹੋ ਗਿਆ। ਇਸ ਮੇਲੇ ਦੀ ਸਫ਼ਲਤਾ ਲਈ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਦਰਸ਼ਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਵਧਾਈ ਦਿੱਤੀ ਹੈ।
ਇਸ ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਪਟਿਆਲਾ ਮੰਡਲ ਦੇ ਕਮਿਸ਼ਨਰ ਸ. ਦੀਪਿੰਦਰ ਸਿੰਘ ਨੇ ਇਸ ਕਰਾਫ਼ਟ ਮੇਲੇ ਦੌਰਾਨ 13 ਦਿਨ ਲੱਗੀਆਂ ਰਹੀਆਂ ਰੌਣਕਾਂ ਦੀ ਸਮਾਪਤੀ ਦਾ ਰਸਮੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਟਿਆਲਾ ਹੈਰੀਟੇਜ਼ ਫੈਸਟੀਵਲ ਨੂੰ ਮੁੜ ਸੁਰਜੀਤ ਕਰਨ ਲਈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵਧਾਈ ਦੇ ਪਾਤਰ ਹਨ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਸ ਮੇਲੇ ਨੂੰ ਆਯੋਜਿਤ ਕਰਨ ਲਈ ਦਿਨ ਰਾਤ ਇੱਕ ਕੀਤਾ। ਸ. ਦੀਪਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਮੇਲੇ ਜਿੱਥੇ ਲੋਕਾਂ ਲਈ ਮੰਨੋਰੰਜਨ ਤੇ ਖਰੀਦੋ-ਫ਼ਰੋਖ਼ਤ ਦਾ ਸਾਧਨ ਹੁੰਦੇ ਹਨ, ਉਥੇ ਹੀ ਇਨ੍ਹਾਂ ਨਾਲ ਆਪਸੀ ਭਾਈਚਾਰਕ ਸਾਂਝ ਤੇ ਏਕਤਾ ‘ਚ ਵੀ ਵਾਧਾ ਹੁੰਦਾ ਹੈ।
ਇਸ ਦੌਰਾਨ ਉੱਘੀ ਗਾਇਕ ਜੋੜੀ ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਨੇ ਦਰਸ਼ਕਾਂ ਦਾ ਖ਼ੂਬ ਮੰਨੋਰੰਜਨ ਕੀਤਾ ਅਤੇ ਇਸ ਤੋਂ ਪਹਿਲਾਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਦੇ ਲੋਕ ਨਾਚ, ਲੋਕ ਗੀਤ ਤੇ ਲੋਕ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਵੱਲੋਂ ਡਵੀਜਨਲ ਕਮਿਸ਼ਨਰ ਸ. ਦੀਪਿੰਦਰ ਸਿੰਘ, ਕਰਾਫ਼ਟ ਮੇਲੇ ਨੂੰ ਸਫ਼ਲ ਬਣਾਉਣ ਵਾਲੇ ਅਧਿਕਾਰੀਆਂ ਕਰਮਚਾਰੀਆਂ, ਵਲੰਟੀਅਰਾਂ, ਪਟਿਆਲਾ ਪੁਲਿਸ ਤੇ ਪੈਸਕੋ ਦੀ ਸੁਰੱਖਿਆ ਟੀਮ, ਇਸ ਮੇਲੇ ‘ਚ ਸਭ ਤੋਂ ਵੱਧ ਵਿਕਰੀ ਕਰਨ ਵਾਲੀਆਂ ਸਟਾਲਾਂ ਦੇ ਮਾਲਕਾਂ ਅਤੇ ਇਸ ਮੇਲੇ ‘ਚ ਵੱਖ-ਵੱਖ ਰਾਜਾਂ ਦੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕਰਨ ਵਾਲੇ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਰਸ਼ਕਾਂ ਸਮੇਤ ਸਾਰੇ ਇਸ ਮੇਲੇ ਨੂੰ ਸਫ਼ਲ ਬਣਾਉਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਜਦੋਂਕਿ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਕਰਾਫ਼ਟ ਮੇਲੇ ‘ਚ ਪਟਿਆਲਾ ਸਮੇਤ ਪੰਜਾਬ ਤੇ ਹੋਰਨਾਂ ਇਲਾਕਿਆਂ ਦੇ ਦਰਸ਼ਕਾਂ ਨੇ ਇਸ ਕਰਾਫ਼ਟ ਮੇਲੇ ਨੂੰ ਭਰਵਾਂ ਹੁੰਗਾਰਾ ਦਿੰਦਿਆਂ 3 ਲੱਖ ਤੋਂ ਵਧੇਰੇ ਦਰਸ਼ਕਾਂ ਨੇ ਸ਼ਿਰਕਤ ਕੀਤੀ ਹੈ।
ਡਾ. ਯਾਦਵ ਨੇ ਦੱਸਿਆ ਕਿ ਇਸ ਦੌਰਾਨ ਦੇਸ਼ ਤੇ ਵਿਦੇਸ਼ਾਂ ਤੋਂ ਪੁੱਜੇ ਸ਼ਿਲਪਕਾਰਾਂ ਤੇ ਦਸਤਕਾਰਾਂ ਵੱਲੋਂ ਲਗਾਈਆਂ ਵੱਖ-ਵੱਖ ਸਟਾਲਾਂ ‘ਤੇ 3 ਕਰੋੜ 15 ਲੱਖ ਰੁਪਏ ਦੇ ਕਰੀਬ ਵਿਕਰੀ ਦਰਜ ਕੀਤੀ ਗਈ, ਇਨ੍ਹਾਂ ‘ਚ ਯੂ.ਪੀ. ਦੇ ਨੌਸ਼ਾਦ ਅਲੀ ਵੱਲੋਂ ਬੈਡ ਸ਼ੀਟਾਂ 10 ਲੱਖ 80 ਹਜ਼ਾਰ ਰੁਪਏ, ਬਨਾਰਸ ਦੇ ਰੀਅਲ ਸਿਲਕ ਹੈਂਡਲੂਮ 10 ਲੱਖ 16 ਹਜ਼ਾਰ ਰੁਪੲ ਅਤੇ ਕਸ਼ਮੀਰ ਤੋਂ ਡਰਾਈ ਫਰੂਟ ਤੇ ਦਾਲਾਂ ਆਦਿ ਦੀ ਸਟਾਲ ਲਾਉਣ ਵਾਲੇ ਫਰਹਾਨ ਅਹਿਮਦ ਤੇ ਮੁਮਤਾਜ ਬਾਨੋ ਵੱਲੋਂ 7 ਲੱਖ 86 ਹਜ਼ਾਰ ਰੁਪਏ ਦੀ ਵਿਕਰੀ ਦਰਜ ਕੀਤੀ ਗਈ ਹੈ।
ਸਮਾਪਤੀ ਸਮਾਰੋਹ ਮੌਕੇ ਸਹਾਇਕ ਮੇਲਾ ਅਫ਼ਸਰ ਸ੍ਰੀ ਨਮਨ ਮੜਕਨ, ਈ.ਓ. ਪੁੱਡਾ ਸ੍ਰੀਮਤੀ ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ, ਡੀ.ਐਸ.ਪੀ. ਬਲਜਿੰਦਰ ਸਿੰਘ ਚਾਹਲ, ਡੀ.ਐਸ.ਪੀ. ਦਿਹਾਤੀ ਅਜੇਪਾਲ ਸਿੰਘ, ਡੀ.ਐਸ.ਪੀ. ਟ੍ਰੈਫਿਕ ਸ੍ਰੀ ਅੱਛਰੂ ਰਾਮ ਸ਼ਰਮਾ, ਸਿਵਲ ਤੇ ਪੁਲਿਸ ਅਧਿਕਾਰੀ ਤੇ ਕਰਮਚਾਰੀ, ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਤੇ ਅਧਿਆਪਕਾਂ ਸਮੇਤ ਵੱਡੀ ਗਿਣਤੀ ਦਰਸ਼ਕ ਵੀ ਮੌਜੂਦ ਸਨ।