Passengers leave from special train in Patiala Coronavirus curfew

May 6, 2020 - PatialaPolitics

ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਆਪਣੀ ਘਰ ਵਾਪਸੀ ਦੇ ਚਾਹਵਾਨ ਉਤਰ ਪ੍ਰਦੇਸ਼ ਦੇ ਆਜਮਗੜ੍ਹ ਜ਼ਿਲ੍ਹੇ ਦੇ 1200 ਵਸਨੀਕਾਂ ਨੂੰ ਅੱਜ ਪਟਿਆਲਾ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਰਵਾਨਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਬੱਸ ਅੱਡੇ ਵਿਖੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਪੂਰੇ ਇਹਤਿਆਤ ਨਾਲ ਕੀਤੇ ਪ੍ਰਬੰਧਾਂ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਕੀਤੀ। ਆਪਣੇ ਘਰਾਂ ਨੂੰ ਜਾਣ ਲਈ ਉਤਾਵਲੇ ਇਨ੍ਹਾਂ ਯਾਤਰੂਆਂ ਨੇ ਭੋਜਨ ਤੇ ਪਾਣੀ ਆਦਿ ਪ੍ਰਾਪਤ ਕਰਕੇ ਰੇਲ ਗੱਡੀ ‘ਚ ਬੈਠਦਿਆਂ ਹੀ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੈ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ, ਜੀ.ਆਰ.ਪੀ. ਦੇ ਏ.ਆਈ.ਜੀ. ਦਲਜੀਤ ਸਿੰਘ ਰਾਣਾ ਨਾਲ ਇੱਕ ਮੀਟਿੰਗ ਵੀ ਕੀਤੀ। ਡੀ.ਸੀ. ਨੇ ਦੱਸਿਆ ਕਿ ਅੱਜ ਭੇਜੇ ਗਏ ਇਨ੍ਹਾਂ ਯਾਤਰੂਆਂ ਦੀ ਬਣਾਈ ਗਈ ਸੂਚੀ ਆਜਮਗੜ੍ਹ ਪ੍ਰਸ਼ਾਸਨ ਨੂੰ ਵੀ ਭੇਜੀ ਗਈ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਵਿਆਪੀ ਲਾਕ ਡਾਊਨ ਤੇ ਕਰਫਿਊ ਕਰਕੇ ਹੋਰਨਾਂ ਰਾਜਾਂ ਦੇ ਪੰਜਾਬ ‘ਚ ਫਸੇ ਅਤੇ ਵਾਪਸੀ ਦੇ ਚਾਹਵਾਨ ਵਿਅਕਤੀਆਂ ਦੀ ਘਰ ਵਾਪਸੀ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਕੀਤਾ ਅਤੇ http://www.covidhelp.punjab.gov.in/PunjabOutRegistration.aspx ਲਿੰਕ ਜਰੀਏ ਰਜਿਸਟਰ ਹੋਏ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 34 ਹਜ਼ਾਰ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਹੈ ਤੇ ਅਗਲੇ ਦਿਨਾਂ ‘ਚ ਜੌਨਪੁਰ, ਅੰਬੇਦਕਰ ਨਗਰ, ਸੁਲਤਾਨਪੁਰ ਅਤੇ ਬਿਹਾਰ ਲਈ ਗੱਡੀਆਂ ਭਿਜਵਾਈਆਂ ਜਾਣਗੀਆਂ।
ਆਪਣੀ ਘਰ ਵਾਪਸੀ ਤੋਂ ਖੁਸ਼ ਨਜ਼ਰ ਆਏ ਆਜ਼ਮਗੜ੍ਹ ਜ਼ਿਲ੍ਹੇ ਦੇ ਵਸਨੀਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਉਪਰਾਲੇ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਾਫ਼ੀ ਲੰਮੇ ਅਰਸੇ ਤੋਂ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਸਨ ਪਰੰਤੂ ਲਾਕ ਡਾਊਨ ਕਰਕੇ ਇਥੇ ਹੀ ਫਸ ਕੇ ਰਹਿ ਗਏ ਸਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ‘ਚ ਦਾਖਲੇ ਲਈ ਪਟਿਆਲਾ ਜ਼ਿਲ੍ਹੇ ਅੰਦਰ 4 ਦਾਖਲਾ ਨਾਕਿਆਂ ਰਾਹੀਂ ਪਰਤਣ ਵਾਲਿਆਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਜਾਂ ਸਰਕਾਰੀ ਇਕਾਂਤਵਾਸ ਕੇਂਦਰਾਂ ‘ਚ ਕਵਾਰੰਟਾਈਨ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਇਸ ਤੋਂ ਪਹਿਲਾਂ ਜੰਮੂ ਤੇ ਕਸ਼ਮੀਰ ਦੇ 500 ਅਤੇ ਰਾਜਸਥਾਨ ਦੇ 145 ਬਸ਼ਿੰਦਿਆਂ ਨੂੰ ਬੱਸਾਂ ਰਾਹੀਂ ਵਾਪਸ ਭਿਜਵਾਇਆ ਸੀ।
ਇਸ ਮੌਕੇ ਐਸ.ਪੀ. ਐਚ ਨਵਨੀਤ ਸਿੰਘ ਬੈਂਸ, ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ ਤੇ ਇਨਾਇਤ ਗੁਪਤਾ, ਸੰਯੁਕਤ ਕਮਿਸ਼ਨਰ ਅਵਿਕੇਸ਼ ਗੁਪਤਾ, ਲਾਲ ਵਿਸ਼ਵਾਸ਼, ਜਗਨੂਰ ਸਿੰਘ ਗਰੇਵਾਲ ਤੇ ਜਸਲੀਨ ਕੌਰ ਸਮੇਤ ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।