Patiala DC appeal to people 14 July 2020

July 14, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭ ਕੀਤੇ ਮਿਸ਼ਨ ਫ਼ਤਿਹ ਦੀ ਕਾਮਯਾਬੀ ਅਤੇ ਕੋਵਿਡ-19 ਤੋਂ ਬਚਾਅ ਲਈ ਮਾਸਕ ਪਾਉਣ, ਆਪਸੀ ਦੂਰੀ ਰੱਖਣ ਸਮੇਤ ਜਰੂਰੀ ਇਹਤਿਆਤ ਜਰੂਰ ਵਰਤੇ ਜਾਣ।
ਪੰਜਾਬ ਸਮੇਤ ਪਟਿਆਲਾ ਜ਼ਿਲ੍ਹੇ ‘ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾਵਾਇਰਸ ਦੀ ਲਾਗ ਦੇ ਕੇਸ ਵਧਣ ਦਾ ਜਿਕਰ ਕਰਦਿਆਂ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪਟਿਆਲਾ ਵਾਸੀਆਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਸੰਜਮ ਵਰਤਿਆਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਹਿਯੋਗ ਦਿੱਤਾ, ਹੁਣ ਕੁਝ ਸਮਾਂ ਹੋਰ ਸਹਿਯੋਗ ਦਿੰਦਿਆਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ‘ਚ ਆਪਣਾ ਯੋਗਦਾਨ ਪਾਉਣ।
ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਜੇਕਰ ਕਿਸੇ ਨੂੰ ਖਾਂਸੀ, ਜੁਕਾਮ ਜਾਂ ਕੋਵਿਡ ਦਾ ਕੋਈ ਹੋਰ ਲੱਛਣ ਹੋਵੇ ਤਾਂ ਇਸ ਸਬੰਧੀਂ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾਂ ਡਾਕਟਰੀ ਸਹਾਇਤਾ ਲਈ 104 ਨੰਬਰ ਡਾਇਲ ਕਰੋ। ਉਨ੍ਹਾਂ ਕਿਹਾ ਕਿ ਇਹ ਵੀ ਮਹੱਤਵਪੂਰਨ ਹੈ ਕਿ ਜੇਕਰ ਤੁਹਾਡੇ ਘਰਾਂ ‘ਚ ਬਜੁਰਗ, ਛੋਟੇ ਬੱਚੇ, ਗਰਭਵਤੀ ਮਹਿਲਾ ਜਾਂ ਕਿਸੇ ਗੰਭੀਰ ਬਿਮਾਰੀ ਦੇ ਸ਼ਿਕਾਰ ਹੋਣ ਤਾਂ ਉਨ੍ਹਾਂ ਦਾ ਖਾਸ ਖਿਆਲ ਰੱਖਿਆ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕੋਵਿਡ-19 ਪਾਜ਼ਿਟਿਵ ਮਾਮਲੇ ਵਧਣ ਕਰਕੇ ਪ੍ਰਸ਼ਾਸਨ ਨੂੰ ਕਈ ਕੰਟੇਨਮੈਂਟ ਜਾਂ ਮਾਈਕਰੋ ਕੰਟੇਨਮੈਂਟ ਜੋਨ ਬਣਾਉਣੇ ਪਏ ਹਨ, ਪਟਿਆਲਾ ‘ਚ ਧੀਰੂ ਕੀ ਮਾਜਰੀ, ਅਨੰਦ ਨਗਰ ਐਕਟੈਂਸ਼ਨ, ਤੋਪ ਖਾਨ ਰੋਡ, ਸਮਾਣਾ ‘ਚ ਮੱਛੀ ਹੱਟਾ, ਪੀਰਾਗੜੀ ਮੁਹੱਲਾ, ਤੇਜ ਕਲੋਨੀ ਤੇ ਜੱਟਾ ਪੱਤੀ ਆਦਿ, ਇਨ੍ਹਾਂ ‘ਚ ਵੱਧ ਤੋਂ ਵੱਧ ਟੈਸਟਿੰਗ ਅਤੇ ਲੋਕਾਂ ਦੀ ਆਵਾਜਾਈ ਨੂੰ ਨਿਯਮਤ ਕੀਤਾ ਜਾਂਦਾ ਹੈ ਤਾਂ ਕਿ ਕੋਵਿਡ ਵਾਇਰਸ ਅੱਗੇ ਨਾ ਫੈਲੇ, ਜਿਸ ਲਈ ਇਨ੍ਹਾਂ ਥਾਵਾਂ ਦੇ ਵਸਨੀਕਾਂ ਨੂੰ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਕਰਨਾ ਚਾਹੀਦਾ ਹੈ।
ਡੀ.ਸੀ. ਸ੍ਰੀ ਕੁਮਾਰ ਅਮਿਤ ਨੇ ਮੁੜ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਨੂੰ ਹਰਾਉਣ ਲਈ 24 ਘੰਟੇ ਤਤਪਰ ਹੈ ਪਰੰਤੂ ਲੋਕਾਂ ਦਾ ਸਹਿਯੋਗ ਜਰੂਰੀ ਹੈ, ਇਸ ਲਈ ਅਗਲੇ ਦੋ ਹਫ਼ਤਿਆਂ ਲਈ ਜ਼ਿਲ੍ਹਾ ਨਿਵਾਸੀ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ।