Patiala: ਡੀ.ਸੀ ਦਫਤਰ ਵਿਖੇ ਲਗਾਇਆ ਬਰੇਸਟ ਕੈਂਸਰ ਸਕਰੀਨਿੰਗ ਕੈਂਪ

January 19, 2026 - PatialaPolitics

Patiala: ਡੀ.ਸੀ ਦਫਤਰ ਵਿਖੇ ਲਗਾਇਆ ਬਰੇਸਟ ਕੈਂਸਰ ਸਕਰੀਨਿੰਗ ਕੈਂਪ

ਪਟਿਆਲਾ 19 ਜਨਵਰੀ ( ) ਸਿਹਤ ਵਿਭਾਗ ਪਟਿਆਲਾ ਵੱਲੋਂ ਜਿਲ੍ਹਾ ਡੈਂਟਲ ਹੈਲਥ ਸਿਹਤ ਅਫਸਰ ਡਾ.ਸੁਨੰਦਾ ਗਰੋਵਰ ਦੀ ਸੁਪਰਵੀਜ਼ਨ ਅਤੇ ਡਾ.ਪਰਨੀਤ ਕੌਰ ਐਸ.ਐਮ.ਓ ਸੀ.ਐਚ.ਸੀ ਤ੍ਰਿਪੜੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕੰਮਪਲੈਕਸ ਪਟਿਆਲਾ ਵਿਖੇ ਥਰਮਾਲਾਈਟਿਕਸ ਬਰੇਸਟ ਕੈਂਸਰ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 28 ਦਫਤਰੀ ਮੁਲਾਜ਼ਮਾਂ ਦੀ ਕੈਂਸਰ ਵਾਸਤੇ ਸਕਰੀਨਿੰਗ ਕੀਤੀ ਗਈ। ਇਹਨਾਂ ਵਿੱਚੋਂ ਇੱਕ ਪੋਜੀਟਿਵ ਮਰੀਜ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਵਾਸਤੇ ਅਗਲੇਰੇ ਇਲਾਜ ਲਈ ਰੈਫਰ ਕੀਤਾ ਗਿਆ। ਇਸ ਮੌਕੇ ਦਫਤਰ ਦੀਆਂ 30 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦੀ ਬਰੈਸਟ ਕੈਂਸਰ ਵਾਸਤੇ ਜਾਂਚ ਕੀਤੀ ਗਈ। ਇਸ ਮਸ਼ੀਨ ਵਿੱਚ ਮੈਮੋਗ੍ਰੈਫੀ ਵਾਂਗ ਕੋਈ ਵੀ ਰੇਡੀਏਸ਼ਨ ਨਹੀਂ ਹੁੰਦੀ। ਇਹ ਸਰੀਰ ਨੂੰ ਬਿਨਾਂ ਛੂਹੇ ਜਾਂਚ ਕਰਦਾ ਹੈ ਤੇ ਪ੍ਰਕਿਰਿਆ ਨੂੰ ਦਰਦ ਰਹਿਤ ਬਣਾਉਂਦਾ ਹੈ। ਇਸ ਉਪਕਰਨ ਨੂੰ ਕਿਤੇ ਵੀ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਹ ਸਕਰੀਨਿੰਗ ਮਸ਼ੀਨ ਛਾਤੀ ਵਿੱਚ 4 ਐਮਐਮ ਜਿੰਨੀ ਛੋਟੀ ਰਸੌਲੀ ਦਾ ਵੀ ਪਤਾ ਲਗਾ ਸਕਦੀ ਹੈ। 30 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਇਹ ਬਹੁਤ ਫਾਇਦੇਮੰਦ ਹੈ ਖਾਸ ਕਰਕੇ ਜਿਨਾਂ ਦੇ ਛਾਤੀ ਵਿੱਚ ਟਿਸ਼ੂ ਸੰਘਣੇ ਹੁੰਦੇ ਹਨ। ਇਸ ਵਿੱਚ ਮਹਿਲਾਵਾਂ ਦੀ ਛਾਤੀ ਦੀ ਥਰਮਲ ਤਸਵੀਰ ਲਈ ਜਾਂਦੀ ਹੈ ਜੋ ਕਿ ਛਾਤੀ ਦੇ ਤਾਪਮਾਨ ਵਿੱਚ ਬਦਲਾਅ ਨੂੰ ਮਾਪਦੀ ਹੈ। ਏਆਈ ਸੋਫਟਵੇਅਰ ਪੰਜ ਮਿੰਟਾਂ ਵਿੱਚ ਪਤਾ ਲਗਾਉਂਦਾ ਹੈ ਕਿ ਕੈਂਸਰ ਦਾ ਜੋਖਮ ਹੈ ਕਿ ਨਹੀਂ।