ਹਲਕਾ ਸਮਾਣਾ ’ਚ 15 ਥਾਵਾਂ ਵਿਖੇ ਕੱਢੀ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ
January 20, 2026 - PatialaPolitics
ਹਲਕਾ ਸਮਾਣਾ ’ਚ 15 ਥਾਵਾਂ ਵਿਖੇ ਕੱਢੀ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ

-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਜੰਗ ਹੁਣ ਲੋਕ ਲਹਿਰ ਬਣੀ: ਚੇਤਨ ਸਿੰਘ ਜੌੜਾਮਾਜਰਾ
-ਸਮਾਣਾ ਦੇ ਹਰੇਕ ਘਰ ਤੱਕ ਪੁੱਜੇਗੀ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ: ਰਿਚਾ ਗੋਇਲ
-“ਨਸ਼ੇ ਛੱਡੋ, ਕੋਹੜ ਵੱਢੋ” ਦੇ ਨਾਅਰਿਆਂ ਨਾਲ ਲੋਕਾਂ ਨੇ ਕੀਤੀ ਭਰਵੀਂ ਸ਼ਮੂਲੀਅਤ
ਸਮਾਣਾ, 20 ਜਨਵਰੀ:
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਹਲਕਾ ਸਮਾਣਾ ਅੰਦਰ 15 ਥਾਵਾਂ ਵਿਖੇ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਕੱਢੀ ਗਈ, ਜਿਸ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ। ਪੈਦਲ ਯਾਤਰਾ ਦੌਰਾਨ “ਨਸ਼ੇ ਛੱਡੋ, ਕੋਹੜ ਵੱਢੋ” ਦੇ ਨਾਅਰੇ ਗੂੰਜੇ, ਜਿਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਲਾਮਬੰਦ ਕੀਤਾ।
ਇਸ ਦੌਰਾਨ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਅੰਦਰ ਨਸ਼ਿਆਂ ਖ਼ਿਲਾਫ਼ ਅਰੰਭੀਮ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਹੁਣ ਲੋਕ ਲਹਿਰ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ ਅਤੇ ਇਹ ਨਸ਼ਿਆ ਦੀ ਅਲ੍ਹਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇਕਜੁੱਟ ਹੋਣ ਦਾ ਸੱਦਾ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਨੇ ਸਮਾਜ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਬੁਰਾਈ ਨੂੰ ਜੜੋਂ ਮੁਕਾਉਣ ਲਈ ਸਰਕਾਰ ਦੇ ਨਾਲ-ਨਾਲ ਲੋਕਾਂ ਦੀ ਸਾਂਝੀ ਭੂਮਿਕਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਐਸ.ਡੀ.ਐਮ ਰਿਚਾ ਗੋਇਲ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਕੱਢੀ ਜਾ ਰਹੀ ਇਹ ਪੈਦਲ ਯਾਤਰਾ ਸਮਾਣਾ ਦੇ ਹਰੇਕ ਘਰ ਤੱਕ ਪੁੱਜੇਗੀ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲੈ ਜਾਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਇਸ ਮੁਹਿੰਮ ਦਾ ਮੁੱਖ ਮਕਸਦ ਹੈ।
ਸਮਾਣਾ ਦੇ ਜਲਾਲ ਖੇੜਾ, ਕੁਤਬੁਨਪੁਰ, ਮਹਿਮੂਦਪੁਰ, ਮਿਆਲ ਖੁਰਦ, ਨਮਾਦਾ, ਰਨਬੀਰਪੁਰ, ਸੈਦੀਪੁਰ, ਸ਼ੇਰਮਾਜਰਾ, ਸੂਲਰ, ਸੁਲਤਾਨਪੁਰਾ, ਤਰੌੜਾ ਕਲਾਂ, ਟੋਡਰਪੁਰ, ਉਚਾ ਗਾਉਂ, ਬਠੋਈ ਖੁਰਦ ਅਤੇ ਸਮਾਣਾ ਦੀ ਵਾਰਡ ਨੰਬਰ 21 ਸਮਾਣਾ ਵਿਖੇ ਕੱਢੇ ਗਏ ਪੈਦਲ ਮਾਰਚ ਦੌਰਾਨ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਮੌਕੇ ਨਸ਼ਾ ਮੁਕਤੀ ਮੁਹਿੰਮ ਦੇ ਕੋਆਰਡੀਨੇਟਰਾਂ ਗੁਰਪ੍ਰੀਤ਼ ਸਿੰਘ, ਹਰਬੰਸ ਸਿੰਘ, ਗੁਰਵਿੰਦਰ ਸਿੰਘ, ਬਿੰਦਰ ਨਾਗਰ, ਗੁਰਸੇਵਕ ਸਿੰਘ, ਰਵਿੰਦਰ ਸਿੰਘ, ਪਰਮਿੰਦਰ ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਸਹਿਜਪਾਲ ਸਿੰਘ ਮੰਡ, ਅੰਗਰੇਜ ਸਿੰਘ ਤੋਂ ਇਲਾਵਾ, ਪੰਜਾਬ ਪੁਲਿਸ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
