Patiala: ਰਾਜਪੁਰਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੱਢੀ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ
January 20, 2026 - PatialaPolitics
Patiala: ਰਾਜਪੁਰਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੱਢੀ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ

-ਐਸ.ਡੀ.ਐਮ ਨਮਨ ਮਾਰਕੰਨ ਤੇ ਪੁਲਿਸ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਸਥਾਨਕ ਵਸਨੀਕਾਂ ਨੇ ਕੀਤੀ ਸ਼ਮੂਲੀਅਤ
-ਕਿਹਾ, ਨੌਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਦਾ ਖਾਤਮਾ ਕਰਨ ਲਈ ਲੋਕਾਂ ਦਾ ਸਾਥ ਜਰੂਰੀ
ਰਾਜਪੁਰਾ, 20 ਜਨਵਰੀ:
ਅੱਜ ਐਸ.ਡੀ.ਐਮ ਰਾਜਪੁਰਾ ਨਮਨ ਮਾਰਕੰਨ ਦੀ ਅਗਵਾਈ ਹੇਠ ਇੱਥੇ ਵਾਰਡ ਨੰਬਰ 7 ਅਨੰਦ ਕਲੋਨੀ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੱਢੀ ਗਈ ਪੈਦਲ ਯਾਤਰਾ ਦੌਰਾਨ ਪੁਲਿਸ ਅਧਿਕਾਰੀਆਂ ਸਮੇਤ ਨਸ਼ਾ ਵਿਰੋਧੀ ਮੁਹਿੰਮ ਦੇ ਕੋਆਰਡੀਨੇਟਰਾਂ, ਵਾਰਡ ਪਹਿਰੇਦਾਰਾਂ ਅਤੇ ਸਥਾਨਕ ਵਸਨੀਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਪੈਦਲ ਯਾਤਰਾ ਦੌਰਾਨ “ਨਸ਼ੇ ਛੱਡੋ, ਕੋਹੜ ਵੱਢੋ” ਦੇ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਲਾਮਬੰਦ ਕੀਤਾ ਗਿਆ।
ਇਸੇ ਦੌਰਾਨ ਹਲਕਾ ਸਮਾਣਾ ਅੰਦਰ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਜ਼ਬੂਤ ਕਰਦੇ ਹੋਏ ਲੋਕਾਂ ਨੂੰ ਲਾਮਬੰਦ ਕਰ ਰਹੇ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਗੇੜ ਤਹਿਤ ਘਰ-ਘਰ ਪਹੁੰਚ ਬਣਾਈ ਜਾ ਰਹੀ ਹੈ ਅਤੇ ਨਸ਼ਿਆ ਦੇ ਕੋਹੜ ਦਾ ਖੁਰਾ ਖੋਜ ਮਿਟਾਉਣ ਲਈ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਸਾਡੇ ਨੌਜਵਾਨਾਂ ਉਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ ਜਿਸ ਲਈ ਲੋਕ ਵੀ ਇਸ ਮੁਹਿੰਮ ਨਾਲ ਹੁਣ ਜੁੜ ਰਹੇ ਹਨ।
ਇਸ ਮੌਕੇ ਐਸ.ਡੀ.ਐਮ ਨਮਨ ਮਾਰਕੰਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਬ ਡਵੀਜਨ ਰਾਜਪੁਰਾ ਵਿਖੇ ਲਗਾਤਾਰ ਪੈਦਲ ਯਾਤਰਾ ਕੱਢੀ ਜਾ ਰਹੀ ਹੈ ਅਤੇ ਘਰ-ਘਰ ਤੱਕ ਪਹੁੰਚ ਬਣਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦਾ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਨਮਨ ਮਾਰਕੰਨ ਨੇ ਕਿਹਾ ਕਿ ਨਸ਼ੇ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਸਗੋਂ ਇਸ ਨਾਲ ਮੁਸ਼ਕਿਲਾਂ ਹੋਰ ਵੱਧਦੀਆਂ ਹਨ,ਇਸ ਲਈ ਨਸ਼ੇ ਦੇ ਆਦੀਆਂ ਨੂੰ ਇਲਾਜ ਲਈ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾਕਿ ਲੋਕ ਪ੍ਰਸ਼ਾਸਨ ਅਤੇ ਸਰਕਾਰ ਦਾ ਨਸ਼ਿਆਂ ਵਿਰੁੱਧ ਸਾਥ ਦੇਣ।
