Patiala SSP dismisses constable Amarinder Singh from Police job

September 24, 2020 - PatialaPolitics


ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਪਟਿਆਲਾ ਪੁਲਿਸ ਦੇ ਇਕ ਮੁਲਾਜ਼ਮ ਨੂੰ ਨੌਕਰੀ ਤੋਂ ਲੰਮਾ ਸਮਾਂ ਗੈਰ ਹਾਜ਼ਰ ਰਹਿਣ ਕਾਰਨ ਬਰਤਰਫ਼ (ਡਿਸਮਿਸ) ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਨੇ ਦਿੰਦਿਆ ਦੱਸਿਆ ਕਿ 30 ਦਿਨਾਂ ਦੀ ਐਕਸ ਇੰਡੀਆ ਲੀਵ ਲੈਕੇ ਸਿਪਾਹੀ ਅਮਰਿੰਦਰ ਸਿੰਘ ਨੰਬਰ 3261/ਪਟਿਆਲਾ, ਜੋ ਕਿ ਮਿਤੀ 4 ਜੂਨ 2018 ਨੂੰ ਵਿਦੇਸ਼ ਗਿਆ ਸੀ, ਜੋ ਵਾਪਸ ਆਪਣੀ ਡਿਊਟੀ ‘ਤੇ ਹਾਜ਼ਰ ਨਹੀ ਹੋਇਆ, ਜਿਸ ਕਾਰਨ ਉਕਤ ਕਰਮਚਾਰੀ ਨੂੰ ਮਿਤੀ 4 ਜੁਲਾਈ 2018 ਤੋਂ ਗੈਰਹਾਜ਼ਰ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਅਮਰਿੰਦਰ ਸਿੰਘ ਦੇ ਗੈਰਹਾਜ਼ਰ ਹੋਣ ਕਾਰਨ ਇਸ ਦੀ ਤਨਖ਼ਾਹ ਬੰਦ ਕੀਤੀ ਗਈ ਸੀ ਅਤੇ ਉਕਤ ਕਰਮਚਾਰੀ ਨੂੰ ਇਸ ਦੀ ਗੈਰਹਾਜ਼ਰੀ ਸਬੰਧੀ ਸਮੇਂ-ਸਮੇਂ ‘ਤੇ ਹਾਜਰੀ ਨੋਟਿਸ ਵੀ ਇਸ ਦੇ ਘਰ ਦੇ ਪਤੇ ‘ਤੇ ਭੇਜੇ ਗਏ ਸਨ। ਜੋ ਉਕਤ ਕਰਮਚਾਰੀ ਦੇ ਪਿਤਾ ਵੱਲੋ ਦੱਸਿਆ ਗਿਆ ਕਿ ਉਸ ਦਾ ਲੜਕਾ ਵਿਦੇਸ਼ ਕੈਨੇਡਾ ਵਿਖੇ ਚਲਾ ਗਿਆ ਹੈ। ਉਕਤ ਕਰਮਚਾਰੀ ਨੂੰ ਲਗਾਤਾਰ ਗੈਰਹਾਜ਼ਰ ਚਲੇ ਆਉਣ ਕਾਰਨ ਇਸ ਨੂੰ ਪੁਲਿਸ ਵਿਭਾਗ ਦੇ ਨਿਯਮਾਂ ਮੁਤਾਬਕ ਮੁਅੱਤਲ ਕਰਕੇ ਵਿਭਾਗੀ ਪੜਤਾਲ ਆਰੰਭ ਕਰਕੇ ਮੁਕੰਮਲ ਕਰਨ ਹਿਤ ਉਪ ਕਪਤਾਨ ਪੁਲਿਸ, ਸਿਟੀ-1, ਪਟਿਆਲਾ ਨੂੰ ਸੌਂਪੀ ਗਈ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਕਰਮਚਾਰੀ ਆਪਣੇ ਵਿਰੁੱਧ ਚੱਲ ਰਹੀ ਵਿਭਾਗੀ ਪੜਤਾਲ ਵਿੱਚ ਸ਼ਾਮਲ ਨਹੀਂ ਹੋਇਆ, ਜਿਸ ਵੱਲੋਂ ਆਪਣਾ ਜਵਾਬ ਈ-ਮੇਲ ਰਾਹੀ ਭੇਜਿਆ ਗਿਆ ਸੀ। ਜਿਸ ਦੇ ਲਿਖਤੀ ਜਵਾਬ ਨੂੰ ਵਾਚਿਆ ਗਿਆ, ਜਿਸ ਉਪਰੰਤ ਪੜਤਾਲੀਆ ਅਫ਼ਸਰ ਦੀ ਰਿਪੋਰਟ ਨਾਲ ਸਹਿਮਤ ਹੁੰਦੇ ਹੋਏ ਇਸ ਕਰਮਚਾਰੀ ਦੇ ਲਗਾਤਾਰ ਆਪਣੀ ਡਿਊਟੀ ਤੋ ਗੈਰਹਾਜ਼ਰ ਚਲੇ ਆਉਣ ਕਾਰਨ ਬਣਦੀ ਵਿਭਾਗੀ ਕਾਰਵਾਈ ਮੁਤਾਬਿਕ ਇਸ ਨੂੰ ਮਿਤੀ 23 ਸਤੰਬਰ 2020 ਨੂੰ ਪੁਲਿਸ ਵਿਭਾਗ ਵਿੱਚੋਂ ਬਰਖਾਸਤ/ਡਿਸਮਿਸ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਕਿਹਾ ਕਿ ਪੁਲਿਸ ਵਿਭਾਗ ਇਕ ਅਨੁਸ਼ਾਸਨਿਕ ਵਿਭਾਗ ਹੈ, ਅਤੇ ਜੋ ਵੀ ਕਰਮਚਾਰੀ ਮਹਿਕਮਾ ਪੁਲਿਸ ਦੇ ਅਨੁਸ਼ਾਸਨ ਦੀ ਉਲੰਘਣਾ ਕਰੇਗਾ, ਉਸ ਦੇ ਖ਼ਿਲਾਫ਼ ਬਣਦੀ ਸਖ਼ਤ ਤੋ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।