Patiala DC ban bathing at rivers & canals

ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰੋਂ ਵੱਖ ਵੱਖ ਸਥਾਨਾਂ ਤੋਂ ਲੰਘਦੀ ਭਾਖੜਾ ਨਹਿਰ ਅਤੇ ਹੋਰ ਵੱਡੀਆਂ-ਛੋਟੀਆਂ ਨਦੀਆਂ/ਨਹਿਰਾਂ ਵਿੱਚ ਕਿਸੇ ਵੀ ਸਥਾਨ ‘ਤੇ ਆਮ ਜਨਤਾ ਦੇ ਨਹਾਉਣ ਅਤੇ ਤੈਰਨ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਹਨ ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਾਰਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਅਤੇ ਆਮ ਲੋਕ ਜਿਨ੍ਹਾਂ ਵਿੱਚ ਬੱਚੇ ਤੇ ਨੌਜਵਾਨ ਵੀ ਸ਼ਾਮਲ ਹੁੰਦੇ ਹਨ, ਭਾਖੜਾ ਨਹਿਰ ਅਤੇ ਜ਼ਿਲ੍ਹੇ ਦੀਆਂ ਹੋਰ ਵੱਡੀਆਂ/ਛੋਟੀਆਂ ਨਹਿਰਾਂ ਵਿੱਚ ਨਹਾਉਣ/ਤੈਰਨ ਲਈ ਜਾਂਦੇ ਹਨ । ਉਨ੍ਹਾਂ ਕਿਹਾ ਕਿ ਕਈ ਵਾਰ ਪਾਣੀ ਦੇ ਤੇਜ਼ ਵਹਾਅ ਕਾਰਨ ਇਨ੍ਹਾਂ ਨਦੀਆਂ/ਨਹਿਰਾਂ ਵਿੱਚ ਤੈਰਨ/ਨਹਾਉਣ ਵਾਲੇ ਵਿਅਕਤੀ ਪਾਣੀ ਵਿੱਚ ਰੁੜ੍ਹ/ਡੁੱਬ ਜਾਂਦੇ ਹਨ ਜਿਸ ਕਾਰਨ ਪਟਿਆਲਾ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੀਆਂ ਨਹਿਰਾਂ ਵਿੱਚ ਨਹਾਉਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ । ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਪਾਬੰਦੀ ਦੇ ਇਹ ਹੁਕਮ 22 ਅਗਸਤ 2020 ਤੱਕ ਲਾਗੂ ਰਹਿਣਗੇ ।
