Patiala: ਡਿਪਟੀ ਕਮਿਸ਼ਨਰ ਵੱਲੋਂ ਨਹਿਰੀ ਜਲ ਯੋਜਨਾ ਲਈ ਜਲ ਸੋਧਕ ਪਲਾਂਟ ਅਬਲੋਵਾਲ ਦੀ ਪ੍ਰਗਤੀ ਦਾ ਜਾਇਜ਼ਾ

January 21, 2026 - PatialaPolitics

Patiala: ਡਿਪਟੀ ਕਮਿਸ਼ਨਰ ਵੱਲੋਂ ਨਹਿਰੀ ਜਲ ਯੋਜਨਾ ਲਈ ਜਲ ਸੋਧਕ ਪਲਾਂਟ ਅਬਲੋਵਾਲ ਦੀ ਪ੍ਰਗਤੀ ਦਾ ਜਾਇਜ਼ਾ

-ਪ੍ਰਾਜੈਕਟ ਦਾ ਕੰਮ 31 ਮਾਰਚ ਤੱਕ ਮੁਕੰਮਲ ਕਰਨ ਦੀ ਹਦਾਇਤ

 

ਪਟਿਆਲਾ, 21 ਜਨਵਰੀ:

 

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਅਬਲੋਵਾਲ ਵਿਖੇ ਨਹਿਰੀ ਪਾਣੀ ‘ਤੇ ਅਧਾਰਤ 405 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਇਸ ਦੇ ਕੰਮ ‘ਚ ਤੇਜੀ ਲਿਆ ਕੇ ਇਸ ਨੂੰ 31 ਮਾਰਚ ਤੱਕ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।

 

ਅਬਲੋਵਾਲ ਵਿਖੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਡਿਪਟੀ ਕਮਿਸ਼ਨਰ ਨੂੰ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ ਅਤੇ ਲਾਰਸਨ ਐਂਡ ਟੂਬਰੋ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਸੁਖਦੇਵ ਝਾਅ ਨੇ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੇ ਨਾਲ ਨਗਰ ਨਿਗਮ ਸੰਯੁਕਤ ਕਮਿਸ਼ਨਰ ਮੈਡਮ ਸੋਨਮ ਅਤੇ ਪੰਜਾਬ ਵਿਕਾਸ ਕਮਿਸ਼ਨ ਦੀ ਟੀਮ ਦੇ ਮੈਂਬਰ ਵੀ ਮੌਜੂਦ ਸਨ। ਇਸ ਮਗਰੋਂ ਉਨ੍ਹਾਂ ਨੇ ਸ਼ਹਿਰ ਵਿੱਚ ਲੋਅਰ ਮਾਲ ਰੋਡ ‘ਤੇ ਪਾਈਪਾਂ ਪਾਉਣ ਲਈ ਪੁੱਟੀ ਸੜਕ ਦੀ ਤੁਰੰਤ ਮੁਰੰਮਤ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।

 

ਡਿਪਟੀ ਕਮਿਸ਼ਨਰ ਨੇ ਪ੍ਰਾਜੈਕਟ ਦੇ ਕੰਮ ਦੀ ਹਫ਼ਤਾਵਾਰੀ ਸਮੀਖਿਆ ਕਰਨ ਸਮੇਤ ਸ਼ਹਿਰ ‘ਚ ਜਿੱਥੇ ਕਿਤੇ ਕੋਈ ਸਮੱਸਿਆ ਆ ਰਹੀ ਹੈ, ਦੇ ਤੁਰੰਤ ਨਿਪਟਾਰੇ ਲਈ ਨਗਰ ਨਿਗਮ ਸੰਯੁਕਤ ਕਮਿਸ਼ਨਰ ਮੈਡਮ ਸੋਨਮ ਨੂੰ ਜਿੰਮੇਵਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੀ ਭਵਿਖੀ ਜੀਵਨ ਰੇਖਾ ਮੰਨੇ ਜਾਂਦੇ ਇਸ ਨਹਿਰੀ ਪਾਣੀ ‘ਤੇ ਅਧਾਰਤ ਜਲ ਸਪਲਾਈ ਯੋਜਨਾ ਤਹਿਤ ਸ਼ੁੱਧੀਕਰਨ ਪਲਾਂਟ ਨੂੰ ਮਿਥੇ ਸਮੇਂ ਦੇ ਅੰਦਰ-ਅੰਦਰ ਪੂਰਾ ਕਰਨ ਲਈ ਵਚਨਬੱਧ ਹੈ।

 

ਉਨ੍ਹਾਂ ਨੇ ਇਸ ਮੌਕੇ ਸਮੁੱਚੇ ਪ੍ਰਾਜੈਕਟ ਸਮੇਤ ਜ਼ਮੀਨਦੋਜ਼ ਸਰਵਿਸ ਜਲ ਭੰਡਾਰਨ, ਫਿਲਟਰ, ਮੋਟਰਾਂ, ਪਾਣੀ ਦੀਆਂ ਟੈਂਕੀਆਂ, ਪਾਣੀ ਦੀ ਪੂਰਤੀ ਲਈ ਲਾਇਨਾਂ ਦੇ ਕੰਮ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕੰਪਨੀ ਨੂੰ ਇਹ ਵੀ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਦਾ ਆਡਿਟ ਕਰਵਾਇਆ ਜਾਵੇ।

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਅਮਰੁਤ ਸਕੀਮ ਤਹਿਤ ਪੰਜਾਬ ਸਰਕਾਰ ਦੇ ਹਿੱਸੇ ਵਾਲੇ ਇਸ ਅਹਿਮ ਪ੍ਰਾਜੈਕਟ ਤਹਿਤ 236 ਮਿਲੀਅਨ ਲਿਟਰ ਪਾਣੀ ਨੂੰ ਸੰਭਾਲਣ ਲਈ ਜਮੀਨਦੋਜ਼ ਜਲ ਭੰਡਾਰਨ, 115 ਮਿਲੀਅਨ ਲਿਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਜਲ ਸ਼ੁੱਧੀਕਰਨ ਪਲਾਂਟ, 17.25 ਮਿਲੀਅਨ ਲਿਟਰ ਸਾਫ਼ ਪਾਣੀ ਵਾਲਾ ਜਲ ਭੰਡਾਰਨ, ਸ਼ਹਿਰ ‘ਚ 300 ਕਿਲੋਮੀਟਰ ਨਵੀਆਂ ਪਾਇਪ ਲਾਈਨਾਂ ਪਾਉਣ ਸਮੇਤ 12 ਟੈਂਕੀਆਂ ਅਤੇ 16 ਜਮੀਨ ਦੋਜ਼ ਟੈਂਕੀਆਂ ਦਾ ਕੰਮ ਅੰਤਮ ਛੋਹਾਂ ‘ਤੇ ਹੈ। ਇਸ ਮੌਕੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਰਾਜਿੰਦਰ ਚੋਪੜਾ ਅਤੇ ਹੋਰ ਅਧਿਕਾਰੀ ਮੌਜੂਦ ਸਨ।