Patiala Politics

Latest Patiala News

Biba Jai Inder Kaur lays foundation stone of projects in Patiala

June 9, 2021 - PatialaPolitics

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੀ ਸਪੁਤਰੀ ਬੀਬਾ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਦੇ ਵਾਰਡ ਨੰਬਰ 48 ਦੇ ਗੁਰਦੁਆਰਾ ਸਾਹਿਬ ਖ਼ਾਲਸਾ ਮੁਹੱਲਾ ਵਿਖੇ ਨਵੀਂ ਬਣਨ ਵਾਲੀ ਧਰਮਸ਼ਾਲਾ ਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਵਾਰਡ ‘ਚ ਘਰ-ਘਰ ਹਰਿਆਲੀ ਮੁਹਿੰਮ ਤਹਿਤ ਬੂਟੇ ਲਾਉਣ ਦੀ ਮੁਹਿੰਮ ਵੀ ਅਰੰਭ ਕੀਤੀ।
ਜੈ ਇੰਦਰ ਕੌਰ ਨੇ ਦੱਸਿਆ ਕਿ ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਇਸ ਧਰਮਸ਼ਾਲਾ ਲਈ ਕੁਝ ਸਮਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 20 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ।ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਅਤੇ ਕਮਿਸ਼ਨਰ ਨਗਰ ਨਿਗਮ ਪੂਨਮਦੀਪ ਕੌਰ ਵੀ ਮੌਜੂਦ ਸਨ। ਸ੍ਰੀ ਯੋਗੀ ਨੇ ਆਪਣੀ ਵਾਰਡ ‘ਚ ਕੀਤੇ ਜਾ ਰਹੇ ਕਾਰਜਾਂ ਤੋਂ ਬੀਬਾ ਜੈ ਇੰਦਰ ਕੌਰ ਨੂੰ ਜਾਣੂ ਕਰਵਾਇਆ।
ਸ੍ਰੀ ਯੋਗੀ ਨੇ ਦੱਸਿਆ ਕਿ ਵਾਰਡ ਦਾ ਇੱਕ ਹਿੱਸਾ ਢੁਡਿਆਲ ਖ਼ਾਲਸਾ ਦੇ ਪਿਛਲੇ ਪਾਸੇ ਤੇ ਦੂਸਰਾ ਪਾਸਾ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਪਿਛਲੇ ਪਾਸੇ ਨਾਲ ਲੱਗਦਾ ਹੈ, ਜਿਥੇ ਕੂੜਾ ਸੁੱਟਿਆ ਜਾਂਦਾ ਸੀ, ਨੂੰ ਹੁਣ ਸਾਫ਼ ਕਰਵਾ ਕੇ ਇੱਥੇ ਬੂਟੇ ਲਗਾਏ ਗਏ ਹਨ। ਇਸ ਨੂੰ ਅਨਾਰਦਾਣਾ ਚੌਂਕ ਤੋਂ ਛੋਟੀ ਬਾਰਾਦਰੀ ਦੇ ਰਾਹੀਂ ਮਾਲ ਰੋਡ ਨਾਲ ਜੋੜਿਆ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਭੀੜ ਤੋਂ ਨਿਜਾਤ ਮਿਲੇਗੀ, ਉਥੇ ਹੀ ਸਥਾਨਕ ਲੋਕਾਂ ਦੀ ਜਾਇਦਾਦ ਦਾ ਮੁੱਲ ਵੀ ਵਧੇਗਾ।
ਇਸ ਤੋਂ ਇਲਾਵਾ ਬੀਬਾ ਜੈ ਇੰਦਰ ਕੌਰ ਨੇ ਵਾਰਡ ਨੰਬਰ 49 ਦੇ ਕਨੇਰੀਆਂ ਮੁਹੱਲਾ ਵਿਖੇ 28.74 ਲੱਖ ਰੁਪਏ ਦੀ ਲਾਗਤ ਨਾਲ ਇੰਟਰ ਲਾਕਿੰਗ ਟਾਇਲਾਂ ਨਾਲ ਬਣਨ ਵਾਲੀ ਨਵੀਆਂ ਸੜਕਾਂ ਦੇ ਕੰਮ ਦਾ ਵੀ ਅੱਜ ਆਗਾਜ਼ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਦੇ ਕੌਂਸਲਰ ਆਰਤੀ ਗੁਪਤਾ ਤੇ ਰਾਜੇਸ਼ ਲੱਕੀ ਵੀ ਮੌਜੂਦ ਸਨ, ਜਿਨ੍ਹਾਂ ਨੇ ਬੀਬਾ ਜੈ ਇੰਦਰ ਕੌਰ ਦਾ ਧੰਨਵਾਦ ਕੀਤਾ।
ਇਸਤੋਂ ਇਲਾਵਾ ਜੈ ਇੰਦਰ ਕੌਰ ਨੇ ਪਟਿਆਲਾ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਅਨਾਜ ਮੰਡੀ, ਤੋਪ ਖਾਨਾ ਮੋੜ, ਘੇਰ ਸੋਢੀਆਂ ਮੁਹੱਲਾ, ਭਿੰਡੀਆਂ ਵਾਲੀ ਗਲੀ ਦਾ ਦੌਰਾ ਕੀਤਾ, ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਵੀ ਮੌਜੂਦ ਸਨ। ਉਨ੍ਹਾਂ ਨੇ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ‘ਤੇ ਤਸੱਲੀ ਪ੍ਰਗਟ ਕਰਦਿਆਂ ਇਨ੍ਹਾਂ ਕੰਮਾਂ ਨੂੰ ਮਿੱਥੇ ਸਮੇਂ ‘ਤੇ ਮੁਕਮਲ ਕਰਨ ਲਈ ਆਖਿਆ ਅਤੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਣ ਨੂੰ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਕਾਰਨ ਪਟਿਆਲਾ ਵਾਸੀਆਂ ਨੂੰ ਘੱਟ ਤੋਂ ਘੱਟ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ।
ਬੀਬਾ ਜੈ ਇੰਦਰ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐਮ.ਪੀ. ਪ੍ਰਨੀਤ ਕੌਰ ਦੀ ਰਹਿਨੁਮਾਈ ਹੇਠ ਪਟਿਆਲਾ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਪਟਿਆਲਾ ਸ਼ਹਿਰ ਦੀ ਪੂਰੀ ਤਰ੍ਹਾਂ ਨਾਲ ਕਾਇਆਕਲਪ ਕਰ ਦਿੱਤੀ ਗਈ ਹੈ।