Red cross provides free helping equipments to handicap persons
June 25, 2021 - PatialaPolitics
ਰੈੱਡ ਕਰਾਸ ਵੱਲੋਂ ਦਿਵਿਆਂਗਜਨਾਂ ਨੂੰ ਮੁਫ਼ਤ ਸਹਾਇਤਾ ਉਪਕਰਨਾਂ ਦੀ ਵੰਡ
-480 ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ 65 ਲੱਖ ਰੁਪਏ ਦੇ ਸਹਾਇਤਾ ਉਪਕਰਨ ਉਪਲਬਧ ਕਰਵਾਏ ਜਾਣਗੇ : ਏ.ਡੀ.ਸੀ.
ਪਟਿਆਲਾ, 25 ਜੂਨ:
ਅਲਿਮਕੋ ਕਾਨਪੁਰ ਅਤੇ ਰੈੱਡ ਕਰਾਸ ਜ਼ਿਲ੍ਹਾ ਅੰਗਹੀਣਤਾ ਮੁੜਬਸੇਵਾ ਕੇਂਦਰ ਪਟਿਆਲਾ ਵੱਲੋਂ ਇੰਜੀਨੀਅਰਜ਼ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਵਿਸ਼ੇਸ਼ ਜ਼ਰੂਰਤਾਂ ਵਾਲੇ ਦਿਵਿਆਂਗਜਨ ਵਿਅਕਤੀਆਂ ਨੂੰ ਸੀ.ਐਸ.ਆਰ ਸਕੀਮ ਤਹਿਤ ਲੋੜੀਂਦੇ ਸਹਾਇਤਾ ਉਪਕਰਨ ਉਪਲਬਧ ਕਰਵਾਉਣ ਦੇ ਪਹਿਲੇ ਗੇੜ ‘ਚ ਬਲਾਕ ਘਨੌਰ ਦੇ 150 ਦੇ ਕਰੀਬ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਲਗਭਗ 16.5 ਲੱਖ ਰੁਪਏ ਦੇ ਸਾਮਾਨ ਦੀ ਵੰਡ ਕੀਤੀ ਗਈ।
ਡੀ.ਡੀ.ਆਰ.ਸੀ. ਪਟਿਆਲਾ ਵਿਖੇ ਕਰਵਾਏ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਮੋਟਰਾਈਜ਼ਡ ਟਰਾਈ ਸਾਈਕਲ, ਟਰਾਈ ਸਾਈਕਲ, ਵੀਲ ਚੇਅਰ, ਘੱਟ ਸੁਣਨ ਵਾਲੇ ਵਿਅਕਤੀਆਂ ਨੂੰ ਕੰਨਾਂ ਦੀਆਂ ਮਸ਼ੀਨਾਂ, ਨੇਤਰਹੀਣ ਵਿਅਕਤੀਆਂ ਨੂੰ ਸਮਾਰਟ ਫੋਨ, ਦਿਵਿਆਂਗ ਬੱਚਿਆਂ ਲਈ ਐਮ.ਆਰ. ਕਿੱਟਾਂ, ਚੱਲਣ ਫਿਰਨ ਤੋਂ ਅਸਮਰਥ ਵਿਅਕਤੀਆਂ ਨੂੰ ਬਸਾਖੀਆ ਅਤੇ ਕੈਲੀਪਰ ਆਦਿ ਦੀ ਵੰਡ ਕੀਤੀ।
ਇਸ ਮੌਕੇ ਏ.ਡੀ.ਸੀ. ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪਟਿਆਲਾ ਕਮ- ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਦੀ ਸਰਪ੍ਰਸਤੀ ਹੇਠ ਫਰਵਰੀ 2021 ‘ਚ ਪਟਿਆਲਾ ਜ਼ਿਲ੍ਹੇ ਅੰਦਰ ਸਮਾਣਾ, ਪਾਤੜਾਂ, ਨਾਭਾ, ਘਨੌਰ, ਰਾਜਪੁਰਾ, ਭੂਨਰਹੇੜੀ, ਨਾਭਾ ਅਤੇ ਪਟਿਆਲਾ ਵਿਖੇ ਮੈਡੀਕਲ ਕੈਂਪ ਲਗਾਏ ਗਏ ਸਨ, ਜਿਸ ‘ਚ ਵਿਸ਼ੇਸ਼ ਜਰੂਰਤਾਂ ਵਾਲੇ 1350 ਤੋਂ ਵੱਧ ਦਿਵਿਆਂਗਜਨ ਵਿਅਕਤੀਆਂ ਦੇ ਨਰੀਖਣ ਉਪਰੰਤ 480 ਵਿਅਕਤੀਆਂ ਨੂੰ ਸੂਚੀਬੱਧ ਕੀਤਾ ਗਿਆ ਸੀ, ਜਿਨ੍ਹਾਂ ਨੂੰ ਲਗਭਗ 65 ਲੱਖ ਤੋਂ ਵੱਧ ਦੀ ਕੀਮਤ ਦਾ ਸਮਾਨ ਇੰਜੀਨੀਅਰਜ਼ ਇੰਡੀਆ ਲਿਮਟਿਡ ਵਲੋਂ ਸੀ.ਐਸ.ਆਰ ਸਕੀਮ ਤਹਿਤ ਅਤੇ ਭਾਰਤ ਸਰਕਾਰ ਦੀ ਏ.ਡੀ.ਆਈ.ਪੀ ਸਕੀਮ ਤਹਿਤ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਦਿਵਿਆਂਗਜਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਇਕ ਵਿਅਕਤੀ ਨੂੰ ਆਪਣਾ ਮਨੋਬਲ ਉੱਚਾਂ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਇੱਕ ਚੰਗਾ ਸਮਾਜ ਸਿਰਜਣ ਵਿੱਚ ਵੀ ਯੋਗਦਾਨ ਪਾ ਸਕੇ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਡਾ. ਇਸ਼ਮਤ ਵਿਜੈ ਸਿੰਘ, ਏ.ਸੀ.ਯੂ.ਟੀ ਮਿਸ ਜਸਲੀਨ ਕੋਰ, ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ ਅਤੇ ਸੀਨੀਅਰ ਮੀਤ ਚੇਅਰਮੈਨ ਰਾਮਗੜੀਆ ਭਲਾਈ ਬੋਰਡ ਜਗਜੀਤ ਸਿੰਘ ਸੱਗੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਹਨਾਂ ਵਲੋਂ ਚੈਕ ਅਪ ਕਰਨ ਆਏ ਡਾਕਟਰਾਂ ਦੀ ਟੀਮ ਨੂੰ ਸਨਮਾਨਤ ਵੀ ਕੀਤਾ ਅਤੇ ਜ਼ਿਲ੍ਹਾ ਅੰਗਹੀਣਤਾ ਮੁੜਵਸੇਬਾ ਕੇਂਦਰ ਪਟਿਆਲਾ ਅਤੇ ਰੈਡ ਕਰਾਸ ਪਟਿਆਲਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਰੈਡ ਕਰਾਸ ਪਟਿਆਲਾ ਦੇ ਸਕੱਤਰ ਡਾ ਪ੍ਰਿਤਪਾਲ ਸਿੰਘ ਸਿੱਧੂ ਵਲੋਂ ਆਏ ਮਹਿਮਾਨਾ ਦਾ ਧੰਨਵਾਦ ਵੀ ਕੀਤਾ ਗਿਆ। ਇਸ ਕੈਂਪ ਵਿਚ ਵੱਖ-ਵੱਖ ਵਿਭਾਗ ਦੇ ਅਫਸਰ ਸਾਹਿਬਾਨ ਤੋਂ ਇਲਾਵਾਂ ਸਮਾਜ ਸੇਵੀਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ।
ਕੈਪਸ਼ਨ : ਏ.ਡੀ.ਸੀ. ਪੂਜਾ ਸਿਆਲ ਗਰੇਵਾਲ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਉਪਕਰਨਾਂ ਦੀ ਵੰਡ ਕਰਦੇ ਹੋਏ।