34500 got vaccinated in Patiala today
July 3, 2021 - PatialaPolitics
ਮਿਸ਼ਨ ਫ਼ਤਹਿ
ਜ਼ਿਲ੍ਹੇ ‘ਚ 186 ਥਾਵਾਂ ‘ਤੇ ਲੱਗੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੇ ਮੈਗਾ ਕੈਂਪ
-ਟੀਕਾਕਰਨ ਮੈਗਾ ਕੈਂਪਾਂ ਨੂੰ ਭਰਵਾਂ ਹੁੰਗਾਰਾ, 34500 ਲੋਕਾਂ ਨੇ ਲਗਵਾਈ ਵੈਕਸੀਨ
-ਪਟਿਆਲਾ ਜ਼ਿਲ੍ਹੇ ਦੀ ਸਾਰੀ ਯੋਗ ਵੱਸੋਂ ਦਾ ਟੀਕਾਕਰਨ ਤੇਜੀ ਨਾਲ ਜਾਰੀ-ਕੁਮਾਰ ਅਮਿਤ
-ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਕੋਵਿਡ ਮਹਾਂਮਾਰੀ ਦੀ ਅਗਲੀ ਲਹਿਰ ਤੋਂ ਬਚਾਅ ਲਈ ਮੁਕੰਮਲ ਟੀਕਾਕਰਨ ਦਾ ਸੱਦਾ
ਪਟਿਆਲਾ, 3 ਜੁਲਾਈ:
ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਚੱਲ ਰਹੀ ਟੀਕਾਕਰਨ ਮੁਹਿੰਮ ਦੌਰਾਨ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ 186 ਥਾਵਾਂ ‘ਤੇ ਲਗਾਏ ਗਏ ਮੈਗਾ ਕੈਂਪਾਂ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੰਦਿਆਂ ਵੱਡੀ ਗਿਣਤੀ ‘ਚ ਟੀਕਾਕਰਨ ਕਰਵਾਇਆ। ਪ੍ਰਾਪਤ ਹੋਏ ਵੇਰਵਿਆਂ ਮੁਤਾਬਕ ਭਾਵੇਂ ਕਿ ਅੱਜ ਇਨ੍ਹਾਂ ਟੀਕਾਕਰਨ ਕੈਂਪਾਂ ਦਾ ਟੀਚਾ 32 ਹਜ਼ਾਰ ਮਿੱਥਿਆ ਗਿਆ ਸੀ ਪਰੰਤੂ ਆਮ ਲੋਕਾਂ ਦੇ ਸਹਿਯੋਗ ਸਦਕਾ ਸ਼ਾਮ ਤੱਕ 34500 ਲੋਕਾਂ ਵੱਲੋਂ ਟੀਕਾਕਰਨ ਕਰਵਾਇਆ ਜਾ ਚੁੱਕਾ ਸੀ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਹੋਰ ਵਿਭਾਗਾਂ ਅਤੇ ਸਮਾਜ ਸੇਵੀ ਸੰਗਠਨਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਲਗਾਏ ਗਏ ਇਨ੍ਹਾਂ ਕੈਂਪਾਂ ਦਾ ਜਾਇਜ਼ਾ ਲਿਆ। ਸ੍ਰੀ ਕੁਮਾਰ ਅਮਿਤ ਨੇ ਨਾਲ ਹੀ ਜ਼ਿਲ੍ਹੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਕੋਵਿਡ-19 ਦੀ ਅਗਲੀ ਲਹਿਰ ਤੋਂ ਬਚਾਅ ਅਤੇ ਕੋਵਿਡ ਵਿਰੁੱਧ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਿਸ਼ਨ ਫ਼ਤਹਿ ਤਹਿਤ ਅਰੰਭੀ ਜੰਗ ਜਿੱਤਣ ਲਈ ਮੁਕੰਮਲ ਵੱਸੋਂ ਦਾ ਟੀਕਾਕਰਨ ਹੀ ਇੱਕੋ-ਇੱਕ ਹੱਲ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੱਜ ਜ਼ਿਲ੍ਹੇ ‘ਚ ਉਲੀਕੇ 186 ਮੈਗਾ ਕੈਂਪਾਂ ‘ਚ ਟੀਕਾ ਲਗਾਉਣ ਦੇ ਅੱਜ ਦੇ ਮਿੱਥੇ ਟੀਚੇ ਨੂੰ ਪਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਲੋਕਾਂ ਨੇ ਸਵੈ ਇੱਛਾ ਨਾਲ ਵੱਡੀ ਗਿਣਤੀ ‘ਚ ਪੁੱਜ ਕੇ ਟੀਕਾ ਲਗਵਾਇਆ। ਉਨ੍ਹਾਂ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਿੰਡਾਂ ‘ਚ ਬਹੁਗਿਣਤੀ ਮਰੀਜ ਸਾਹਮਣੇ ਆਏ ਸਨ, ਜਿਸ ਕਰਕੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੀ ਮੁਕੰਮਲ ਵੱਸੋਂ ਦਾ ਟੀਕਾਕਰਨ ਦਾ ਵੀ ਟੀਚਾ ਹਾਸਲ ਕਰਨ ਲਈ ਪੰਚਾਇਤਾਂ ਦੇ ਸਹਿਯੋਗ ਦੀ ਲੋੜ ਹੈ।
ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਪਟਿਆਲਾ ਸ਼ਹਿਰ ‘ਚ ਵੱਖ-ਵੱਖ ਥਾਵਾਂ, ਸਕੂਲਾਂ, ਰਾਧਾ ਸੁਆਮੀ ਸਤਸੰਗ ਘਰ, ਥਾਪਰ ਕਾਲਜ ਆਦਿ ਵਿਖੇ ਲੱਗੇ ਇਨ੍ਹਾਂ ਟੀਕਾਕਰਨ ਕੈਂਪਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਜਸਲੀਨ ਕੌਰ ਭੁੱਲਰ, ਕੋਵਿਡ ਟੀਕਾਕਰਨ ਨੋਡਲ ਅਫ਼ਸਰ ਡਾ. ਪਰਨੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਇੰਜ. ਅਮਰਜੀਤ ਸਿੰਘ ਆਦਿ ਮੌਜੂਦ ਸਨ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ‘ਚ ਗੁਰਦੁਆਰਾ ਸਾਹਿਬਾਨਾਂ ਦੇ ਨਾਲ-ਨਾਲ ਮੰਦਿਰ ਕਮੇਟੀਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਜ਼ਿਲ੍ਹੇ ‘ਚ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ‘ਚ ਅਗਲੇ ਦਿਨਾਂ ‘ਚ ਹੋਰ ਤੇਜੀ ਆਵੇਗੀ। ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਨਾਭਾ, ਰਾਜਪੁਰਾ, ਸਮਾਣਾ, ਹਰਪਾਲਪੁਰ, ਕਾਲੋਮਾਜਰਾ, ਕੌਲੀ, ਭਾਦਸੋਂ, ਦੂਧਨ ਸਾਧਾਂ, ਸ਼ੁਤਰਾਣਾ, ਮਾਡਲ ਟਾਊਨ ਅਤੇ ਤ੍ਰਿਪੜੀ ਹਸਪਤਾਲਾਂ ਅਧੀਨ ਆਉਂਦੇ ਇਲਾਕਿਆਂ ‘ਚ ਵੱਡੀ ਗਿਣਤੀ ਲੋਕਾਂ ਨੇ ਟੀਕਾਕਰਨ ਕਰਵਾਇਆ ਹੈ। ਉਨ੍ਹਾਂ ਦੇ ਨਾਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂ ਗੋਇਲ ਵੀ ਮੌਜੂਦ ਸਨ।
ਕੋਵਿਡ ਟੀਕਾਕਰਨ ਨੋਡਲ ਅਫ਼ਸਰ ਡਾ. ਪਰਨੀਤ ਕੌਰ ਨੇ ਦੱਸਿਆ ਕਿ ਅੱਜ ਦੇ ਇਨ੍ਹਾਂ ਮੈਗਾ ਕੈਂਪਾਂ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਧਾਰਮਿਕ ਅਸਥਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਸਮੇਤ ਸਿਹਤ ਵਿਭਾਗ ਦੇ ਅਮਲੇ ਨੇ ਪੂਰਾ ਸਹਿਯੋਗ ਦਿੱਤਾ, ਜਿਸ ਕਰਕੇ ਘਰ-ਘਰ ਟੀਕਾਕਰਨ ਮੁਹਿੰਮ ਤਹਿਤ ਟੀਚੇ ਨੂੰ ਸਰ ਕੀਤਾ ਗਿਆ। ਡਾ. ਪਰਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ‘ਚ ਸਰਪੰਚ ਤੇ ਹੋਰ ਮੋਹਤਬਰ ਵਿਅਕਤੀ ਵੈਕਸੀਨੇਸ਼ਨ ਮੁਹਿੰਮ ‘ਚ ਮੋਹਰੀ ਭੂਮਿਕਾ ਨਿਭਾ ਰਹੇ ਹਨ।
ਇਸੇ ਦੌਰਾਨ ਪਿੰਡ ਭੱਠਲਾਂ ਦੀ ਮਹਿਲਾ ਸਰਪੰਚ ਅੰਜੂ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਅੱਜ ਲਗਾਏ ਗਏ ਮੈਗਾ ਕੈਂਪ ‘ਚ 108 ਵਿਅਕਤੀਆਂ, ਬਹੁ ਗਿਣਤੀ ਮਹਿਲਾਵਾਂ ਦੇ ਵੈਕਸੀਨੇਸ਼ਨ ਲਗਾਈ ਗਈ ਹੈ। ਸਰਪੰਚ ਅੰਜੂ ਨੇ ਕਿਹਾ ਪਿੰਡ ਭੱਠਲਾਂ ਦੀ ਸਾਰੀ ਟੀਕਾਕਰਨ ਯੋਗ ਵੱਸੋਂ ਦੇ ਕੋਵਿਡ ਤੋਂ ਬਚਾਅ ਦਾ ਟੀਕਾ ਲਗਾਉਣ ਦਾ ਜਲਦ ਟੀਚਾ ਪੂਰਾ ਕੀਤਾ ਜਾਵੇਗਾ।