Patiala:16000 kids switch from private to govt schools
July 4, 2021 - PatialaPolitics
Patiala:16000 kids switch from private to govt schools
ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਆਈਆਂ ਕ੍ਰਾਂਤੀਕਾਰੀ ਤਬਦੀਲੀਆਂ ਦੀ ਬਦੌਲਤ ਜ਼ਿਲ੍ਹਾ ਪਟਿਆਲਾ ਦੇ 94 ਪ੍ਰਾਇਮਰੀ ਤੇ 29 ਸੈਕੰਡਰੀ ਵਿੰਗ ਦੇ ਸਕੂਲਾਂ ‘ਚ ਇਸ ਸੈਸ਼ਨ ਦੌਰਾਨ 25 ਫ਼ੀਸਦੀ ਤੋਂ ਵਧੇਰੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਹੋਈ ਹਫ਼ਤਾਵਾਰੀ ਮੀਟਿੰਗ ‘ਚ ਜ਼ਿਲ੍ਹਾ ਪਟਿਆਲਾ ਦੇ ਸਿੱਖਿਆ ਅਧਿਕਾਰੀਆਂ ਨੇ ਉਕਤ ਰਿਪੋਰਟ ਪੇਸ਼ ਕੀਤੀ ਹੈ। ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ 16166 ਬੱਚੇ ਨਿੱਜੀ ਸਕੂਲਾਂ ਤੋਂ ਹੱਟ ਕੇ ਆਏ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ 211184 ਵਿਦਿਆਰਥੀ ਨਿੱਜੀ ਸਕੂਲਾਂ ‘ਚੋਂ ਹੱਟ ਕੇ ਆਏ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 940 ਪ੍ਰਾਇਮਰੀ ਸਕੂਲਾਂ ‘ਚ ਚਾਲੂ ਸੈਸ਼ਨ ਦੌਰਾਨ 8120 ਵਿਦਿਆਰਥੀ ਨਿੱਜੀ ਸਕੂਲਾਂ ਨੂੰ ਛੱਡ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਵਿਕਟੋਰੀਆ ‘ਚ 28 ਤੋਂ ਵੱਧ ਕੇ 102 ਬੱਚੇ ਹੋ ਗਏ ਹਨ, ਇਸ ਤਰ੍ਹਾਂ ਦਾਖ਼ਲੇ ‘ਚ 364 ਫ਼ੀਸਦੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ 375 ਸੈਕੰਡਰੀ ਵਿੰਗ ਦੇ ਸਕੂਲਾਂ ‘ਚ 8046 ਵਿਦਿਆਰਥੀ ਨਿੱਜੀ ਸਕੂਲਾਂ ਨੂੰ ਛੱਡ ਕੇ ਦਾਖਲ ਹੋਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ੀਲਖ਼ਾਨਾ ‘ਚ 1367 ਭਾਵ 53 ਪ੍ਰਤੀਸ਼ਤ ਬੱਚੇ ਮੌਜੂਦਾ ਸੈਸ਼ਨ ਦੌਰਾਨ ਵਧੇ ਹਨ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ‘ਚ ਇਸ ਵਾਰ 1225 ਬੱਚੇ ਭਾਵ 30 ਫ਼ੀਸਦੀ ਵਾਧਾ ਹੋਇਆ ਹੈ।
ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ‘ਚ 1105 ਬੱਚੇ ਭਾਵ 39 ਫ਼ੀਸਦੀ ਦਾਖਲਾ ਵਧਿਆ ਹੈ। ਉਕਤ ਵਾਧੇ ਸਬੰਧੀ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ‘ਚ ਪੰਜਾਬ ਸਰਕਾਰ ਦੀ ਅਗਵਾਈ ‘ਚ ਕੀਤੇ ਗਏ ਵੱਡੇ ਉਪਰਾਲਿਆਂ ਸਦਕਾ ਹੀ ਰਾਜ ਦੇ ਸਕੂਲਾਂ ‘ਚ ਬੱਚਿਆਂ ਦਾ ਦਾਖਲਾ ਵੱਡੀ ਗਿਣਤੀ ‘ਚ ਵਾਧਾ ਹੋਇਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ੀਲਖ਼ਾਨਾ ਦੇ ਪ੍ਰਿੰ. ਰਜਨੀਸ਼ ਗੁਪਤਾ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਵਿਭਾਗ ਨੇ ਹਰ ਖੇਤਰ ‘ਚ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਹੈ। ਜਿਸ ਸਦਕਾ ਪੰਜਾਬ ਸਿੱਖਿਆ ਦੇ ਖੇਤਰ ‘ਚ ਦੇਸ਼ ਦਾ ਅੱਵਲ ਨੰਬਰ ਸੂਬਾ ਬਣ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਬੋਲੜ ਦੇ ਸੈਂਟਰ ਹੈੱਡ ਟੀਚਰ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ‘ਚ ਵਧੀਆ ਸਹੂਲਤਾਂ ਤੇ ਮਿਆਰੀ ਵਿੱਦਿਆ ਸਦਕਾ ਲੋਕਾਂ ਦਾ ਬਹੁਤ ਵਿਸ਼ਵਾਸ ਵਧਿਆ ਹੈ ਤੇ ਨਤੀਜੇ ਵਜੋਂ ਬੱਚਿਆਂ ਦੀ ਗਿਣਤੀ ਵਧੀ ਹੈ।