DC Patiala inspects ongoing work at new Bus Stand Patiala
October 9, 2021 - PatialaPolitics
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਸਵੇਰੇ ਪਟਿਆਲਾ – ਰਾਜਪੁਰਾ ਰੋਡ ਤੇ ਬਣ ਰਹੇ ਨਵੇਂ ਬੱਸ ਸਟੈਂਡ ਦੇ ਉਸਾਰੀ ਕਾਰਜ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਹੁਣ ਤੱਕ ਹੋਏ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਨਵੇਂ ਬੱਸ ਸਟੈਂਡ ਤੇ ਰਾਜਪੁਰਾ ਰੋਡ ਵਲੋਂ ਆਉਣ ਵਾਲੀਆਂ ਬੱਸਾਂ ਦੀ ਐਂਟਰੀ ਨੂੰ ਸੁਖਾਲਾ ਬਣਾਉਣ ਲਈ ਫਲਾਈ ਓਵਰ ਉਸਾਰੀ ਅਧੀਨ ਹੋਣ ਕਾਰਨ, ਇਸ ਸੜ੍ਹਕ ‘ਤੇ ਆਵਾਜਾਈ ਰੋਕ ਕੇ ਹੋਰਨਾਂ ਰਸਤਿਆਂ ਤੋਂ ਚਲਾਏ ਜਾਣ ਕਾਰਨ ਲੋਕਾਂ ਨੂੰ ਕੁੱਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਗਲੇ ਕੁਝ ਦਿਨਾਂ ਚ ਇਸ ਹਿੱਸੇ ਤੇ ਸਲੈਬ ਪਾਉਣ ਬਾਅਦ, ਇਸ ਰਾਹ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਬਿਲਡਿੰਗ ਦੀਆਂ ਛੱਤਾਂ ਦੀਆਂ ਸਾਰੀਆਂ ਸਲੈਬਾਂ ਦਾ ਕੰਮ ਹੋ ਚੁੱਕਾ ਹੈ। ਹੁਣ ਫ਼ਰਸ਼, ਪਲੱਸਤਰ, ਬੱਸਾਂ ਦੇ ਚੱਲਣ ਲਈ ਪੇਵਮੈਂਟ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਨਿਰਮਾਣ ਕਾਰਜ ਨੂੰ ਮਿੱਥੇ ਸਮੇਂ ਚ ਪੂਰਾ ਕਰ ਲਿਆ ਜਾਵੇਗਾ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਸ ਐਲ ਗਰਗ ਵਲੋਂ ਬੱਸ ਅੱਡੇ ਚ ਬੱਸਾਂ ਦੇ ਆਉਣ ਲਈ ਬਣਾਏ ਜਾ ਰਹੇ ਕੁਨੈਕਟਿੰਗ ਫਲਾਈਓਵਰ ਦੇ ਪਿੱਲਰ ਬਣਾਉਣ ਦਾ ਕੰਮ ਹੋ ਚੁੱਕਾ ਹੈ ਅਤੇ ਅਗਲੇ ਦਿਨਾਂ ਚ ਸੜ੍ਹਕ ਵਾਲੇ ਹਿੱਸੇ ਤੇ ਸਲੈਬ ਪਾਉਣ ਲਈ ਸ਼ਟ੍ਰਿੰਗ ਆਦਿ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਫਲਾਈ ਓਵਰ ਦੇ ਇਸ ਹਿੱਸੇ ਨੂੰ ਪਹਿਲ ਦੇ ਅਧਾਰ ਤੇ ਮੁਕੰਮਲ ਕਰਕੇ, ਲੋਕਾਂ ਨੂੰ ਆਵਾਜਾਈ ਚ ਆ ਰਹੀ ਮੁਸ਼ਕਿਲ ਤੋਂ ਰਾਹਤ ਦਿੱਤੀ ਜਾਵੇ। ਇਸ ਮੌਕੇ ਐਸ ਡੀ ਐਮ ਚਰਨਜੀਤ ਸਿੰਘ, ਪੀ ਆਰ ਟੀ ਸੀ ਦੇ ਏ ਐਮ ਡੀ ਨਿਤੀਸ਼ ਸਿੰਗਲਾ, ਐਸ ਪੀ (ਟਰੈਫਿਕ) ਪਲਵਿੰਦਰ ਸਿੰਘ ਚੀਮਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਮਰੀਕ ਸਿੰਘ, ਸੀਨੀਅਰ ਆਰਕੀਟੈਕਟ ਸੁਰਿੰਦਰ ਸਿੰਘ ਤੇ ਡੀ ਐਸ ਪੀ ਰਾਜੇਸ਼ ਸਨੇਹੀ ਮੌਜੂਦ ਸਨ।