2 KW:Patiala DC Appeal to people
October 23, 2021 - PatialaPolitics
ਡਿਪਟੀ ਕਮਿਸ਼ਨਰ ਵੱਲੋਂ ਘਰੇਲੂ ਖਪਤਕਾਰਾਂ ਨੂੰ 2 ਕਿਲੋਵਾਟ ਤੱਕ ਮਨਜ਼ੂਰਸ਼ੁਦਾ ਬਿਜਲੀ ਲੋਡ ਦੇ ਬਕਾਇਆ ਬਿਲ ਮੁਆਫ਼ੀ ਸਕੀਮ ਦਾ ਲਾਭ ਲੈਣ ਦੀ ਅਪੀਲ
-ਪਟਿਆਲਾ ਜ਼ਿਲ੍ਹੇ ਅੰਦਰ ਪੰਜਾਬ ਰਾਜ ਬਿਜਲੀ ਨਿਗਮ ਦੀਆਂ 38 ਸਬ ਡਵੀਜਨਾਂ ਵਿਖੇ ਲੱਗ ਰਹੇ ਹਨ ਬਿਜਲੀ ਬਿਲ ਮੁਆਫ਼ੀ ਕੈਂਪ-ਸੰਦੀਪ ਹੰਸ
ਪਟਿਆਲਾ, 23 ਅਕਤੂਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੋ ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਬਿਜਲੀ ਲੋਡ ਵਾਲੇ ਘਰੇਲੂ ਖਪਤਕਾਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਬਕਾਇਆ ਬਿਲ ਮੁਆਫ਼ੀ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ 2 ਕਿਲੋਵਾਟ ਤੱਕ ਦੇ ਮਨਜੂਰਸ਼ੁਦਾ ਘਰੇਲੂ ਬਿਜਲੀ ਲੋਡ ਵਾਲੇ ਖਪਤਕਾਰਾਂ ਦੇ ਬਕਾਇਆ ਬਿਜਲੀ ਬਿਲਾਂ ਨੂੰ ਮੁਆਫ਼ ਕਰਨ ਅਤੇ ਬਿਲ ਨਾ ਭਰਨ ਕਰਕੇ ਕੱਟੇ ਹੋਏ ਬਿਜਲੀ ਕੁਨੈਕਸ਼ਨਾਂ ਨੂੰ ਜੋੜਨ ਦੀ ਸਕੀਮ ਦਾ ਲਾਭ ਬਹੁਤ ਹੀ ਸੁਖਾਲੇ ਢੰਗ ਨਾਲ ਲਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਹੇਠਲੇ ਪੱਧਰ ‘ਤੇ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਆਪਣੀਆਂ 38 ਸਬ-ਡਵੀਜਨਾਂ ਵਿਖੇ ਬਿਜਲੀ ਬਿਲ ਮੁਆਫ਼ੀ ਦੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ‘ਚ ਬਿਜਲੀ ਖਪਤਕਾਰ ਆਪਣੇ ਬਿਜਲੀ ਬਿਲ ਮੁਆਫ਼ ਕਰਵਾਉਣ ਲਈ ਵੱਡੀ ਗਿਣਤੀ ‘ਚ ਪੁੱਜ ਰਹੇ ਹਨ ਪਰੰਤੂ ਜਿਹੜੇ 2 ਕਿਲੋਵਾਟ ਤੱਕ ਦੇ ਮਨਜੂਰਸ਼ੁਦਾ ਘਰੇਲੂ ਬਿਜਲੀ ਲੋਡ ਵਾਲੇ ਖਪਤਕਾਰ ਅਜੇ ਇਸ ਸਕੀਮ ਦਾ ਲਾਭ ਨਹੀਂ ਲੈ ਸਕੇ, ਉਹ ਤੁਰੰਤ ਲਾਭ ਲੈਣ ਲਈ ਆਪਣੇ ਨੇੜਲੇ ਬਿਜਲੀ ਦਫ਼ਤਰ ਵਿਖੇ ਪੁੱਜਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਭਪਾਤਰੀ ਖਪਤਕਾਰ ਨੂੰ ਕੇਵਲ ਆਪਣਾ ਮੌਜੂਦਾ ਬਿਜਲੀ ਬਿਲ ਜਾਂ ਪਿਛਲਾ ਬਿਜਲੀ ਬਿਲ ਹੀ ਆਪਣੇ ਨਾਲ ਬਿਜਲੀ ਦਫ਼ਤਰ ਵਿਖੇ ਲਿਜਾਣ ਦੀ ਲੋੜ ਹੈ ਅਤੇ ਉਸਨੂੰ ਪੰਜਾਬ ਸਰਕਾਰ ਦੀ ਬਿਜਲੀ ਬਿਲ ਮੁਆਫ਼ੀ ਸਕੀਮ ਦਾ ਲਾਭ ਲੈਣ ਲਈ ਕੇਵਲ ਇੱਕ ਫਾਰਮ ਹੀ ਭਰਨਾ ਪੈਣਾਂ ਹੈ। ਇਸ ਤੋਂ ਬਾਅਦ ਉਸਦੇ ਬਕਾਇਆ ਬਿਜਲੀ ਬਿਲ ਨੂੰ ਪੰਜਾਬ ਸਰਕਾਰ ਵੱਲੋਂ ਭਰਿਆ ਜਾਵੇਗਾ ਅਤੇ ਉਸਦਾ ਬਕਾਇਆ ਬਿਜਲੀ ਬਿਲ ਮੁਆਫ਼ ਹੋ ਜਾਵੇਗਾ।
ਇਸੇ ਦੌਰਾਨ ਪੰਜਾਬ ਰਾਜ ਬਿਜਲੀ ਨਿਗਮ ਸਾਊਥ ਸਰਕਲ ਦੇ ਚੀਫ਼ ਇੰਜੀਨੀਅਰ ਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਬਿਜਲੀ ਨਿਗਮ ਦੇ ਸਾਰੇ ਦਫ਼ਤਰਾਂ ਵੱਲੋਂ 2 ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਘਰੇਲੂ ਬਿਜਲੀ ਲੋਡ ਵਾਲੇ ਖਪਤਕਾਰਾਂ ਨੂੰ ਪੰਜਾਬ ਸਰਕਾਰ ਦੀ ਸਕੀਮ ਦਾ ਲਾਭ ਦੇਣ ਲਈ ਨਿਰੰਤਰ ਯਤਨ ਜਾਰੀ ਹਨ।