Dr.Harjinder Singh appointed Director Principal of Rajindra Hospital Patiala
October 27, 2021 - PatialaPolitics
ਯੂਰੋਲੋਜੀ ਦੇ ਉੱਘੇ ਮਾਹਰ ਡਾਕਟਰ ਹਰਜਿੰਦਰ ਸਿੰਘ ਮੁੜ ਬਣੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ
-ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦੀ ਪੁਰਾਣੀ ਸ਼ਾਖ ਬਹਾਲ ਕਰਨ ਸਮੇਤ ਹੋਰ ਆਧੁਨਿਕ ਵਿਕਾਸ ਕਰਨਾ ਹੋਵੇਗੀ ਮੁਢਲੀ ਤਰਜੀਹ-ਡਾ. ਹਰਜਿੰਦਰ ਸਿੰਘ
ਪਟਿਆਲਾ, 27 ਅਕਤੂਬਰ:
ਪੰਜਾਬ ਸਰਕਾਰ ਨੇ ਪਿਸ਼ਾਬ ਰੋਗਾਂ ਦੇ ਉੱਘੇ ਮਾਹਰ ਡਾਕਟਰ ਹਰਜਿੰਦਰ ਸਿੰਘ ਨੂੰ ਮੁੜ ਤੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਪ੍ਰਿੰਸੀਪਲ ਤਾਇਨਾਤ ਕੀਤਾ ਹੈ। ਉਹ ਆਪਣਾ ਅਹੁਦਾ 28 ਅਕਤੂਬਰ ਨੂੰ ਸਵੇਰੇ ਸੰਭਾਲਣਗੇ।
ਡਾ. ਹਰਜਿੰਦਰ ਸਿੰਘ ਪਿਛਲੇ ਕਰੀਬ 30 ਸਾਲਾਂ ਦੇ ਵਕਫ਼ੇ ਤੋਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਹ ਮੈਡੀਕਲ ਖੇਤਰ ਦੀ ਉਚ ਯੋਗਤਾ ਐਮ.ਸੀ.ਐਚ. ਪ੍ਰਾਪਤ ਸੁਪਰ-ਸਪੈਸ਼ਿਲਿਸਟ ਹਨ। ਉਨ੍ਹਾਂ ਨੇ ਆਪਣੇ ਯੂਰੋਲੋਜੀ ਵਿਭਾਗ ਨੂੰ ਸੁਪਰਸਪੈਸ਼ਲਿਟੀ ਬਲਾਕ ਵਿਖੇ ਸਟੇਟ ਆਫ਼ ਦੀ ਆਰਟ ਵਜੋਂ ਸਥਾਪਤ ਕੀਤਾ ਹੈ, ਜਿਥੇ ਅਤਿਆਧੁਨਿਕ ਮਸ਼ੀਨਾਂ, ਜਿਵੇਂ ਕਿ ਈ.ਐਸ.ਡਬਲਿਯੂ.ਐਲ. ਅਤੇ ਹੌਲਮੀਅਮ ਲੇਜ਼ਰ ਦੇ ਨਾਲ ਕਿਡਨੀ ਸਟੋਨ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਹੋਰ ਵੀ ਬਹੁਤ ਜ਼ਿਆਦਾ ਸਹੂਲਤਾਂ ਉਪਲਬਧ ਕਰਵਾਈਆਂ ਹਨ।
ਮੈਡੀਕਲ ਸਿੱਖਿਆ ‘ਚ ਸਭ ਤੋਂ ਸੀਨੀਅਰ ਤੇ ਮਾਹਰ ਡਾ. ਹਰਜਿੰਦਰ ਸਿੰਘ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਅਤੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ ਵੱਲੋਂ ਉਨ੍ਹਾਂ ਉਪਰ ਪ੍ਰਗਟਾਏ ਗਏ ਭਰੋਸੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਪੁਰਾਣੀ ਸ਼ਾਖ ਨੂੰ ਬਹਾਲ ਕਰਨਾ ਅਤੇ ਇਥੋਂ ਦਾ ਆਧੁਨਿਕ ਵਿਕਾਸ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।