Patiala Politics

Latest patiala news

ADGP inaugurates Punjab Prison Olympics at Central Jail

November 16, 2021 - PatialaPolitics

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਕੈਦੀਆਂ ਲਈ ‘ਜੇਲ ਉਲੰਪਿਕ-2021’ ਖੇਡਾਂ ਦੀ ਕੇਂਦਰੀ ਜੇਲ ਪਟਿਆਲਾ ‘ਚ ਸ਼ੁਰੂਆਤ
-ਪੰਜਾਬ ਦੀਆਂ ਜੇਲਾਂ ‘ਚ ਜਲਦ ਸ਼ੁਰੂ ਹੋਵੇਗਾ ਜੇਲ ਰੇਡੀਓ-ਪ੍ਰਵੀਨ ਕੁਮਾਰ ਸਿਨਹਾ
-ਪੰਜਾਬ ਸਰਕਾਰ ਨੇ ਕੈਦੀਆਂ ਨੂੰ ਚੰਗਾ ਨਾਗਰਿਕ ਬਣਾਉਣ ਲਈ ਕੀਤਾ ਉਪਰਾਲਾ-ਏ.ਡੀ.ਜੀ.ਪੀ.
ਪਟਿਆਲਾ, 15 ਨਵੰਬਰ:
ਕੈਦੀਆਂ ਦੇ ਮਨਾਂ ‘ਚ ਖੇਡ ਭਾਵਨਾ ਪੈਦਾ ਕਰਕੇ ਉਨ੍ਹਾਂ ਦੇ ਆਚਰਣ ‘ਚ ਸੁਧਾਰ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਈਆਂ ਗਈਆਂ ‘ਪੰਜਾਬ ਜੇਲ ਉਲੰਪਿਕ-2021’ ਖੇਡਾਂ ਦਾ ਆਗਾਜ਼ ਅੱਜ ਇੱਥੇ ਕੇਂਦਰੀ ਜੇਲ ਵਿਖੇ ਪੰਜਾਬ ਦੇ ਏ.ਡੀ.ਜੀ.ਪੀ (ਜੇਲ੍ਹਾਂ) ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਕਰਵਾਇਆ।
ਇਸ ਮੌਕੇ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਬੰਦੀਆਂ ਨੂੰ ਖੇਡ ਭਾਵਨਾ ਰਾਹੀਂ ਇੱਕ ਚੰਗਾ ਨਾਗਰਿਕ ਬਣਨ ਦਾ ਮੌਕਾ ਪ੍ਰਦਾਨ ਕਰਨ ਲਈ ਪੰਜਾਬ ਜੇਲ ਉਲੰਪਿਕ ਖੇਡਾਂ, ਪੰਜਾਬ ਦੀਆਂ ਜੇਲਾਂ ਨੂੰ ਵੱਖ-ਵੱਖ ਜ਼ੋਨਾਂ ‘ਚ ਵੰਡਕੇ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਜੇਲ ਸੁਧਾਰਾਂ ਵੱਲ ਇੱਕ ਹੋਰ ਕਦਮ ਪੁੱਟਦਿਆਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲਦ ਹੀ ਪੰਜਾਬ ਦੀਆਂ ਕੁਝ ਜੇਲਾਂ ‘ਚ ਜੇਲ ਰੇਡੀਓ ਸ਼ੁਰੂ ਕੀਤਾ ਜਾਵੇਗਾ।
ਸ੍ਰੀ ਸਿਨਹਾ ਨੇ ਸੁਰੱਖਿਆ, ਨਜ਼ਰਬੰਦੀ ਅਤੇ ਸੁਧਾਰ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਦੀਆਂ ਜੇਲਾਂ ‘ਚ ਬਹੁਤ ਚੰਗਾ ਮਾਹੌਲ ਸਿਰਜਿਆ ਗਿਆ ਹੈ। ਏ.ਡੀ.ਜੀ.ਪੀ. ਨੇ ਕੇਂਦਰੀ ਜੇਲ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਜੇਲ ਓਲੰਪਿਕ ਰਾਹੀਂ ਕਰਵਾਏ ਜਾ ਰਹੇ ਖੇਡ ਮੁਕਾਬਲੇ ਬੰਦੀਆਂ ਦੇ ਸੁਧਾਰ ‘ਚ ਅਹਿਮ ਭੂਮਿਕਾ ਨਿਭਾਉਣਗੇ।
ਕੇਂਦਰੀ ਜੇਲ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਏ.ਡੀ.ਜੀ.ਪੀ. ਦਾ ਸਵਾਗਤ ਕਰਦਿਆਂ ਜੇਲ ਓਲੰਪਿਕ ਖੇਡਾਂ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ 2016 ਤੋਂ ਬਾਅਦ ਇਹ ਖੇਡਾਂ ਹੁਣ ਮੁੜ ਕਰਵਾਈਆਂ ਗਈਆਂ ਹਨ। ਇਸ ਦੌਰਾਨ ਜੇਲ ਦੇ ਬੰਦੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਤੇ ਏ.ਡੀ.ਜੀ.ਪੀ. ਨੇ ਭੰਗੜਾ ਟੀਮ ਨੂੰ 5000 ਰੁਪਏ ਨਗ਼ਦ ਪੁਰਸਕਾਰ ਦਿੱਤਾ।
ਜਿਕਰਯੋਗ ਹੈ ਕਿ ਪੰਜਾਬ ਦੀਆਂ ਜੇਲਾਂ ਨੂੰ 4 ਜੋਨਾਂ ਪਟਿਆਲਾ, ਅੰਮ੍ਰਿਤਸਰ, ਕਪੂਰਥਲਾ ਤੇ ਫਰੀਦਕੋਟ ‘ਚ ਵੰਡਿਆ ਗਿਆ ਹੈ ਅਤੇ ਮਰਦ ਕੈਦੀਆਂ ਦੇ ਰੱਸਾ-ਕੱਸੀ, ਵਾਲੀਵਾਲ, ਬੈਡਮਿੰਟਨ, ਅਥਲੈਟਿਕ 100 ਮੀਟਰ ਤੇ 400 ਮੀਟਰ, ਲਾਂਗ ਜੰਪ ਅਤੇ ਕਬੱੱਡੀ ਮੁਕਾਬਲਿਆਂ ਸਮੇਤ ਮਹਿਲਾ ਬੰਦੀਆਂ ਦੇ ਚੈਸ, ਬੈਡਮਿੰਟਨ, 60 ਮੀਟਰ ਰੇਸ ਅਤੇ ਸ਼ਾਟ ਪੁੱਟ ਮੁਕਾਬਲੇ ਕਰਵਾਏ ਜਾਣਗੇ। ਅੱਜ ਰੱਸਾ ਕੱਸੀ ਦੇ ਮੁਕਾਬਲੇ ‘ਚ ਕੇਂਦਰੀ ਜੇਲ ਪਟਿਆਲਾ ਦੇ ਕੈਦੀ ਜ਼ੋਨਲ ਜੇਤੂ ਰਹੇ। ਜਦਕਿ 100 ਮੀਟਰ ਰੇਸ ‘ਚ ਵੀ ਕੇਂਦਰੀ ਜੇਲ ਦੇ ਕੈਦੀ ਜੇਤੂ ਰਹੇ।
ਇਸ ਮੌਕੇ ਡੀ.ਆਈ.ਜੀ. ਜੇਲਾਂ ਅਮਨੀਤ ਕੌਂਡਲ, ਪਟਿਆਲਾ ਜ਼ੋਨ ਡੀ.ਆਈ.ਜੀ. ਸੁਰਿੰਦਰ ਸਿੰਘ ਸੈਣੀ, ਪ੍ਰਿੰਸੀਪਲ ਜੇਲ ਟ੍ਰੇਨਿੰਗ ਸਕੂਲ ਗੁਰਚਰਨ ਸਿੰਘ ਧਾਲੀਵਾਲ, ਸਾਬਕਾ ਪ੍ਰਿੰਸੀਪਲ ਰਾਕੇਸ਼ ਸ਼ਰਮਾ, ਐਸ.ਪੀ. ਸਿਟੀ ਹਰਪਾਲ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜ਼ਦਾਨ, ਵਧੀਕ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਐਚ.ਐਸ. ਬੱਲ, ਡਿਪਟੀ ਸੁਪਰਡੈਂਟ ਬਲਜਿੰਦਰ ਸਿੰਘ ਚੱਠਾ, ਡੀ.ਐਸ.ਪੀ. ਸੁਖਮਿੰਦਰ ਸਿੰਘ ਚੌਹਾਨ, ਮੋਹਿਤ ਅਗਰਵਾਲ, ਹਰਜੋਤ ਸਿੰਘ ਕਲੇਰ, ਮੈਡੀਕਲ ਅਫ਼ਸਰ ਡਾ. ਆਯੂਸ਼ ਭਟਲਾਨ, ਰਾਊਂਡ ਗਲਾਸ ਫਾਊਂਡੇਸ਼ਨ ਤੋਂ ਡਾ. ਰਜਨੀਸ਼, ਏ.ਸੀ.ਸੀ.ਪੀ. ਕਾਪਸ ਤੋਂ ਮੋਨਿਕਾ ਚਾਵਲਾ ਸਮੇਤ ਹੋਰ ਮੌਜੂਦ ਸਨ।