Patiala Sirhind road to get life

December 10, 2021 - PatialaPolitics

ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਮਾਤਾ ਗੁਜਰੀ ਮਾਰਗ (ਮਾਤਾ ਗੁਜਰ ਕੌਰ) ਦੇ ਇੱਕ ਹਿੱਸੇ, ਪਟਿਆਲਾ ਤੋਂ ਜੀ.ਟੀ. ਰੋਡ ਸਰਹਿੰਦ ਤੱਕ 29 ਕਿਲੋਮੀਟਰ ਰਸਤੇ ਨੂੰ ਚੌੜਾ ਕਰਕੇ ਚਾਰ ਮਾਰਗੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸ੍ਰੀ ਸਿੰਗਲਾ ਨੇ ਅੱਜ ਇੱਥੇ ਦੱਸਿਆ ਕਿ ਇਸ ਅਹਿਮ ਸੜਕ ਨੂੰ 119.60 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਕੇ ਮਜ਼ਬੂਤੀ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਛੇਤੀ ਕਰ ਦਿੱਤੀ ਜਾਵੇਗੀ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਕਰਦਿਆਂ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਸਰਹਿੰਦ-ਫ਼ਤਿਹਗੜ੍ਹ ਸਾਹਿਬ ਵਾਇਆ ਬਸੀ ਪਠਾਣਾ-ਮੋਰਿੰਡਾ ਅਤੇ ਬੇਲਾ-ਚਮਕੌਰ ਸਾਹਿਬ ਤੱਕ ਜਾਣ ਵਾਲੇ ਮੁੱਖ ਮਾਰਗ ਦਾ ਨਾਮ ਮਾਤਾ ਗੁਜਰੀ ਮਾਰਗ ਰੱਖਿਆ ਸੀ, ਜਿਸ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਜਦਕਿ ਪਟਿਆਲਾ-ਸਰਹਿੰਦ ਜੀ.ਟੀ. ਰੋਡ ਤੱਕ 29 ਕਿਲੋਮੀਟਰ ‘ਚੋਂ 21 ਕਿਲੋਮੀਟਰ ਦਾ ਕੰਮ ਅਜੇ ਸ਼ੁਰੂ ਹੋਣਾ ਬਾਕੀ ਸੀ।
ਲੋਕ ਨਿਰਮਾਣ ਮੰਤਰੀ ਨੇ ਅੱਗੇ ਦੱਸਿਆ ਕਿ ਪਟਿਆਲਾ ਤੋਂ ਬਾਰਨ ਤੱਕ 8 ਕਿਲੋਮੀਟਰ ਪਹਿਲਾਂ ਹੀ ਚਾਰ ਮਾਰਗੀ ਹੈ ਅਤੇ ਬਾਕੀ ਬਚਦੀ 10 ਮੀਟਰ ਚੌੜੀ 21 ਕਿਲੋਮੀਟਰ ਸੜਕ ਨੂੰ 4 ਮਾਰਗੀ ਕੀਤਾ ਜਾਵੇਗਾ, ਜਿਸ ਦੇ ਦੋਵੇਂ ਪਾਸੇ 8.75 ਮੀਟਰ ਚੌੜੇ ਹੋਣਗੇ ਤੇ ਵਿਚਕਾਰ 1.2 ਮੀਟਰ ਦਾ ਡੀਵਾਇਡਰ ਹੋਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਤੋਂ ਬਾਰਨ ਤੱਕ ਪਹਿਲਾਂ ਹੀ ਚਾਰ ਮਾਰਗੀ ਸੜਕ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ‘ਤੇ ਨਵਾਂ ਸਟੀਲ ਪੁਲ ਲੱਗੇਗਾ। ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਸੜਕ ਉਪਰ 109.38 ਕਰੋੜ ਰੁਪਏ ਖ਼ਰਚ ਆਉਣਗੇ ਜਦਕਿ ਭਾਖੜਾ ‘ਤੇ ਨਵੇਂ ਪੁਲ ਲਈ 10.22 ਕਰੋੜ ਰੁਪਏ ਖ਼ਰਚੇ ਜਾਣਗੇ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪਟਿਆਲਾ-ਸਰਹਿੰਦ ਰੋਡ-ਚਮਕੌਰ ਸਾਹਿਬ ਸੜਕ, ਇੱਕ ਅਹਿਮ ਮਾਰਗ ਹੈ, ਜੋਕਿ ਪਟਿਆਲਾ ਜ਼ਿਲ੍ਹੇ ਨੂੰ ਜੀ.ਟੀ. ਰੋਡ ਰਾਹੀਂ ਬਾਕੀ ਪੰਜਾਬ ਤੇ ਜੰਮੂ-ਕਸ਼ਮੀਰ-ਹਿਮਾਚਲ ਆਦਿ ਰਾਜਾਂ ਨਾਲ ਜੋੜਦਾ ਹੈ, ਨੂੰ ਚੌੜਾ ਕਰਨ ਦੀ ਲੋਕਾਂ ਦੀ ਬਹੁਤ ਚਿਰੋਕਣੀ ਮੰਗ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ।
ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਸੜਕ ਕੇਵਲ ਵਪਾਰਕ ਤੇ ਸਮਾਜਿਕ ਤੌਰ ‘ਤੇ ਹੀ ਮਹੱਤਤਾ ਨਹੀਂ ਰੱਖਦੀ ਬਲਕਿ ਇਹ ਧਾਰਮਿਕ ਤੌਰ ‘ਤੇ ਸ਼ਰਧਾਲੂਆਂ ਲਈ ਵੀ ਬਹੁਤ ਮਹੱਤਤਾ ਰੱਖਦੀ ਹੈ, ਕਿਉਂਕਿ ਇਸ ਮਾਰਗ ‘ਤੇ ਪਟਿਆਲਾ ‘ਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਫ਼ਤਹਿਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਆਦਿ ਕਈ ਗੁਰਦੁਆਰਾ ਸਾਹਿਬ ਪੈਂਦੇ ਹਨ।