Preparation of Punjab Elections 2022 begins
December 13, 2021 - PatialaPolitics
Preparation of Punjab Elections 2022 begins
‘ਵਿਧਾਨ ਸਭਾ ਚੋਣਾਂ-2022’
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨੋਡਲ ਅਫ਼ਸਰਾਂ ਨਾਲ ਮੀਟਿੰਗ
-ਚੋਣਾਂ ਨਿਰਪੱਖ, ਸੁਤੰਤਰ ਅਤੇ ਸਫ਼ਲਤਾ ਪੂਰਵਕ ਕਰਵਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਸਮੂਹ ਨੋਡਲ ਅਫ਼ਸਰ-ਸੰਦੀਪ ਹੰਸ
ਪਟਿਆਲਾ, 13 ਦਸੰਬਰ:
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਸਮੂਹ ਨੋਡਲ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕਰਕੇ ਆਗਾਮੀ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸਫ਼ਲਤਾ ਪੂਰਵਕ ਕਰਵਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਹੈ। ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਹਰ ਨੋਡਲ ਅਧਿਕਾਰੀ, ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਸਖਤੀ ਨਾਲ ਯਕੀਨੀ ਬਣਾਵੇ ਅਤੇ ਆਦਰਸ਼ ਚੋਣ ਜਾਬਤੇ ਦੀ ਪਾਲਣਾ ਵੀ ਸਖ਼ਤੀ ਨਾਲ ਕੀਤੀ ਜਾਵੇ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਚੋਣ ਆਬਜਰਵਰਾਂ ਨਾਲ ਲਗਾਏ ਗਏ ਨੋਡਲ ਅਫ਼ਸਰ, ਸ਼ਿਕਾਇਤ ਸੈਲ, ਸੀਵਿਜਲ, ਉਮੀਦਵਾਰਾਂ ਦੇ ਚੋਣ ਖ਼ਰਚੇ ‘ਤੇ ਨਜ਼ਰ ਰੱਖਣ ਵਾਲੀ ਕਮੇਟੀ ਦੇ ਨੋਡਲ ਅਫ਼ਸਰ, ਐਮ.ਸੀ.ਐਮ.ਸੀ., ਵਿਧਾਨ ਸਭਾ ਹਲਕਿਆਂ ‘ਚ ਅਮਨ-ਕਾਨੂੰਨ ਤੇ ਬੂਥਾਂ ਦੀ ਸੰਵੇਦਨਸ਼ੀਲਤਾ ਬਾਰੇ ਨੋਡਲ ਅਫ਼ਸਰਾਂ, ਚੋਣ ਪ੍ਰਕ੍ਰਿਆ ਦੌਰਾਨ ਵੱਖ-ਵੱਖ ਪ੍ਰਵਾਨਗੀਆਂ ਦੇਣ ਦੇ ਨੋਡਲ ਅਫ਼ਸਰ, ਸਵੀਪ ਨੋਡਲ ਅਫ਼ਸਰ ਆਦਿ ਨਾਲ ਮੀਟਿੰਗ ਕਰਕੇ ਹਰ ਅਧਿਕਾਰੀ ਤੋਂ ਵਿਸਥਾਰ ‘ਚ ਜਾਣਕਾਰੀ ਹਾਸਲ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀ ਪੂਰੀ ਟੀਮ ਵੱਲੋਂ 15 ਅਤੇ 16 ਦਸੰਬਰ ਨੂੰ ਸਮੀਖਿਆ ਮੀਟਿੰਗ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਸਾਰੀ ਚੋਣ ਪ੍ਰਕ੍ਰਿਆ ‘ਤੇ ਪੂਰੀ ਬਰੀਕੀ ਨਾਲ ਨਿਗਰਾਨੀ ਰੱਖੀ ਜਾਣੀ ਹੈ ਜਿਸ ਲਈ ਹਰ ਨੋਡਲ ਅਫ਼ਸਰ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਪ੍ਰਬੰਧਨ ਪਲਾਨ ਤਿਆਰ ਕਰ ਲਿਆ ਗਿਆ ਹੈ, ਜਿਸ ਮੁਤਾਬਕ ਵਿਧਾਨ ਸਭਾ ਚੋਣਾਂ ਸੁਤੰਤਰ ਤੇ ਨਿਰਪੱਖ ਢੰਗ ਨਾਲ ਨਿਰਵਿਘਨਤਾ ਪੂਰਨ ਮੁਕੰਮਲ ਕਰਵਾਈਆਂ ਜਾਣਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਸਾਰੇ ਨੋਡਲ ਅਫ਼ਸਰ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀ ਅਗਵਾਈ ਹੇਠ ਇਨ੍ਹਾਂ ਚੋਣਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣਗੇ। ਇਸ ਮੌਕੇ ਪੀ.ਡੀ.ਏ ਦੇ ਏ.ਸੀ.ਏ. ਈਸ਼ਾ ਸਿੰਘਲ, ਐਸ.ਡੀ.ਐਮ. ਚਰਨਜੀਤ ਸਿੰਘ, ਸਕੱਤਰ ਆਰ.ਟੀ.ਏ. ਖੁਸ਼ਦਿਲ ਸਿੰਘ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਕਿਰਨ ਸ਼ਰਮਾ, ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ, ਐਸ.ਡੀ.ਐਮ. ਨਾਭਾ ਕੰਨੂ ਗਰਗ, ਏ.ਈ.ਟੀ.ਸੀ. ਜੀ.ਐਸ.ਟੀ ਮਨੋਹਰ ਸਿੰਘ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਰੂਪ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਸਵੀਪ ਨੋਡਲ ਅਫ਼ਸਰ ਗੁਰਬਖ਼ਸ਼ੀਸ਼ ਸਿੰਘ ਅੰਟਾਲ, ਤਹਿਸੀਲਦਾਰ ਸਮਾਣਾ ਗੁਰਲੀਨ ਕੌਰ ਤੇ ਚੋਣ ਤਹਿਸੀਲਦਾਰ ਰਾਮਜੀ ਲਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।