Punjab CM give green signal to new Vacancies

February 6, 2018 - PatialaPolitics

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁਡਾ) ਵਿੱਚ ਤਕਨੀਕੀ ਅਤੇ ਗੈਰ-ਤਕਨੀਕੀ ਵੱਖ-ਵੱਖ ਕਾਡਰਾਂ ਦੀਆਂ 167 ਅਸਾਮੀਆਂ ਦੀ ਸਿੱਧੀ ਭਰਤੀ ਲਈ ਹਰੀ ਝੰਡੀ ਦੇ ਦਿੱਤੀ ਹੈ।
ਇਹ ਫੈਸਲਾ ਪੁਡਾ ਦੇ ਹੇਠ ਵਿਸ਼ੇਸ਼ ਵਿਕਾਸ ਅਥਾਰਟੀਜ਼ ਦੇ ਕੰਮ-ਕਾਜ ਵਿੱਚ ਸੁਧਾਰ ਲਿਆਉਣ ਅਤੇ ਦਰੁਸਤ ਕਰਨ ਦੇ ਉਦੇਸ਼ ਵਜੋਂ ਲਿਆ ਗਿਆ ਹੈ ਕਿਉਂਕਿ ਵੱਖ-ਵੱਖ ਕਾਡਰਾਂ ਦੇ ਵੱਡੀ ਗਿਣਤੀ ਮੁਲਾਜ਼ਮਾਂ ਦੇ ਪਿਛਲੇ ਕੁਝ ਸਾਲਾਂ ਦੌਰਾਨ ਸੇਵਾ ਮੁਕਤ ਹੋ ਜਾਣ ਕਾਰਨ ਇਹ ਅਸਾਮੀਆਂ ਖਾਲੀ ਸਨ ਜਿਨ•ਾਂ ਨੂੰ ਭਰਿਆ ਜਾ ਰਿਹਾ ਹੈ।
ਮੁੱਖ ਮੰਤਰੀ ਜਿਨਾਂ ਕੋਲ ਮਕਾਨ ਤੇ ਸ਼ਹਿਰੀ ਵਿਕਾਸ ਦਾ ਵੀ ਚਾਰਜ ਹੈ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਦਫਤਰਾਂ/ਬਰਾਂਚਾਂ ਵਿੱਚ ਕੰਮ ਦਾ ਬੋਝ ਵਧਣ ਕਾਰਨ ਤਕਨੀਕੀ ਅਤੇ ਗੈਰ-ਤਕਨੀਕੀ ਅਸਾਮੀਆਂ ਦੀ ਸਿੱਧੀ ਭਰਤੀ ਦੀ ਜ਼ਰੂਰਤ ‘ਤੇ ਮੀਟਿੰਗ ਦੌਰਾਨ ਜ਼ੋਰ ਦਿੱਤਾ ਗਿਆ। ਬੁਲਾਰੇ ਅਨੁਸਾਰ ਇਸ ਸਮੇਂ ਦੌਰਾਨ ਵੱਖ-ਵੱਖ ਵਿਕਾਸ ਅਥਾਰਟੀਆਂ ਦੇ ਅਧਿਕਾਰ ਖੇਤਰ ਦਾ ਵੀ ਪਸਾਰਾ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਕੰਮ ਵਧ ਗਿਆ ਹੈ।
ਕੰਮ-ਕਾਜ ਨੂੰ ਦਰੁਸਤ ਬਣਾਉਣ ਅਤੇ ਇਸ ਸੰਸਥਾ ਨੂੰ ਮਜ਼ਬੂਤ ਕਰਨ ਵਾਸਤੇ ਭਰਤੀ ਦੀ ਕਾਫੀ ਅਹਿਮੀਅਤ ਹੋਣ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਨੇ ਸਬ-ਡਵੀਜ਼ਨਲ ਅਫਸਰਾਂ (ਇਲੈਕਟ੍ਰਿਕਲ ਅਤੇ ਬਾਗਬਾਨੀ), ਜੂਨੀਅਰ ਇੰਜੀਨੀਅਰਾਂ (ਇਲੈਕਟ੍ਰਿਕਲ ਅਤੇ ਇਮਾਰਤਾਂ), ਡਰਾਫਟਮੈਨ (ਇੰਜੀਨੀਅਰਿੰਗ ਅਤੇ ਆਰਕੀਟੈਕਟ) ਅਤੇ ਲਾਅ ਅਫਸਰਾਂ ਤੇ ਕਲਰਕ ਕਮ ਡਾਟਾ ਐਂਟਰੀ ਓਪਰੇਟਰਾਂ ਦੀਆਂ ਗੈਰ-ਤਕਨੀਕੀ ਅਸਾਮੀਆਂ ਦੀ ਭਰਤੀ ਸਹਿਮਤੀ ਦੇ ਦਿੱਤੀ ਹੈ।
ਮੀਟਿੰਗ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਧੀਕ ਮੁੱਖ ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ ਅਤੇ ਮੁੱਖ ਪ੍ਰਸ਼ਾਸਕ ਪੁਡਾ ਰਵੀ ਭਗਤ ਵੀ ਹਾਜ਼ਰ ਸਨ।