Patiala Heritage Festival Saras Mela details
February 12, 2018 - PatialaPolitics
ਪਟਿਆਲਾ ਦੀ ਸ਼ਾਨ ਬਣਨਗੇ ਹੈਰੀਟੇਜ ਅਤੇ ਸਰਸ ਮੇਲਾ -ਕੁਮਾਰ ਅਮਿਤ
-ਦੋਵੇਂ ਵੱਡੇ ਮੇਲਿਆਂ ‘ਚ ਪੁੱਜਣਗੇ 3 ਤੋਂ 4 ਲੱਖ ਦੇ ਕਰੀਬ ਦਰਸ਼ਕ
-ਖ਼ਰੀਦੋ-ਫ਼ਰੋਖ਼ਤ, ਮੰਨੋਰੰਜਨ ਅਤੇ ਖਾਣਪੀਣ ਲਈ ਅਹਿਮ ਹੋਵੇਗਾ ਸਰਸ ਮੇਲਾ -ਸ਼ੌਕਤ ਅਹਿਮਦ ਪਰੇ
-27 ਫਰਵਰੀ ਨੂੰ ਜੰਗ-ਏ-ਸਾਰਾਗੜ੍ਹੀ ‘ਤੇ ਹੋਵੇਗਾ ਲਾਇਟ ਐਂਡ ਸਾਊਂਡ ਪ੍ਰੋਗਰਾਮ
-ਸ਼ਾਸਤਰੀ ਸੰਗੀਤ ਸ਼ਾਮ, ਪੌਗ ਗਾਇਕੀ ਨਾਇਟ, ਵਿਰਾਸਤੀ ਸੈਰ, ਬਲਾਇੰਡ ਕਾਰ ਰੈਲੀ, ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਹੋਵੇਗੀ ਖਿੱਚ ਦਾ ਕੇਂਦਰ
ਪਟਿਆਲਾ, 12 ਫਰਵਰੀ:
”ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਬਹੁਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਵਿਰਾਸਤੀ ਸ਼ਹਿਰ ਪਟਿਆਲਾ ਵਿਖੇ ਹੈਰੀਟੇਜ ਮੇਲਾ ਅਤੇ ਸਰਸ ਮੇਲਾ ਬੜੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿਥੇ 3 ਤੋਂ 4 ਲੱਖ ਦੇ ਕਰੀਬ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ।” ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੀਤਾ। ਉਹ ਪਟਿਆਲਾ ਵਿਖੇ 21 ਫਰਵਰੀ ਤੋਂ 27 ਫਰਵਰੀ ਤੱਕ ਲੱਗਣ ਵਾਲੇ ਵਿਰਾਸਤੀ (ਹੈਰੀਟੇਜ) ਮੇਲੇ ਅਤੇ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ 4 ਮਾਰਚ ਤੱਕ ਲੱਗਣ ਜਾ ਰਹੇ ਸਰਸ ਮੇਲੇ ਬਾਰੇ ਵਿਸਥਾਰ ‘ਚ ਜਾਣਕਾਰੀ ਦੇਣ ਲਈ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨਾਲ ਸਰਸ ਮੇਲੇ ਲਈ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪਟਿਆਲਾ ਇਕ ਵਿਰਾਸਤੀ ਸ਼ਹਿਰ ਹੈ, ਜਿਥੇ ਵਿਰਾਸਤੀ ਮੇਲੇ ਲੱਗਦੇ ਰਹੇ ਹਨ ਅਤੇ ਹੁਣ ਇਨ੍ਹਾਂ ਮੇਲਿਆਂ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੀ ਵਿਰਾਸਤ ਅਤੇ ਕਲਾ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਅਹਿਮ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਵੱਡੇ ਮੇਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੇ ਪ੍ਰਬੰਧ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਨੇਪਰੇ ਚਾੜ੍ਹੇ ਜਾ ਰਹੇ ਹਨ।
ਇਸ ਮੌਕੇ ਏ.ਡੀ.ਸੀ. (ਡੀ) ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਸਰਸ (ਸੇਲ ਆਫ਼ ਆਰਟੀਕਲਜ ਆਫ਼ ਰੂਰਲ ਆਰਟੀਸਨਸ ਸੁਸਾਇਟੀ) ਮੇਲੇ ‘ਚ 20 ਰਾਜਾਂ ਦੇ ਸ਼ਿਲਪਕਾਰ ਅਤੇ 15 ਰਾਜਾਂ ਦੇ ਕਲਾਕਾਰ ਪੁੱਜਣਗੇ। ਜਿਨ੍ਹਾਂ ਵੱਲੋਂ ਲੋਕਾਂ ਦੇ ਖਰੀਦਣ ਲਈ ਦਸਤਕਾਰੀ ਵਸਤਾਂ ਅਤੇ ਦਰਸ਼ਕਾਂ ਨੂੰ ਕੀਲਣ ਵਾਲੀਆਂ ਵੱਖ-ਵੱਖ ਪੇਸ਼ਕਾਰੀਆਂ ਹੋਣਗੀਆਂ। ਇਸ ਤੋਂ ਬਿਨ੍ਹਾਂ ਰਣਜੀਤ ਬਾਵਾ ਅਤੇ ਲਖਵਿੰਦਰ ਵਡਾਲੀ ਸਟਾਰ ਨਾਇਟਸ ਵੀ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਸ ਮੇਲੇ ਦੀ ਟਿਕਟ 10 ਰੁਪਏ ਰੱਖੀ ਗਈ ਹੈ ਜਦੋਂ ਕਿ ਸਟਾਰ ਨਾਇਟਸ ਦੀਆਂ ਟਿਕਟਾਂ ਤੋਂ ਹੋਣ ਵਾਲੀ ਆਮਦਨ ਚਿਲਡਰਨ ਹੋਮ ਰਾਜਪੁਰਾ ‘ਚ ਸਹੂਲਤਾਂ ਪ੍ਰਦਾਨ ਕਰਨ ਲਈ ਵਰਤੀ ਜਾਵੇਗੀ। ਸ੍ਰੀ ਪਰੇ ਨੇ ਦੱਸਿਆ ਕਿ ਇਸ ਮੇਲੇ ‘ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਨਗਾਰਾ, ਬਹਿਰੂਪੀਏ, ਕੱਚੀ ਘੋੜੀ, ਬਾਜੀਗਰ ਸਮੇਤ ਹੋਰ ਅਹਿਮ ਦਿਲਲੁਭਾਊ ਮੰਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਹੋਵੇਗੀ। ਇਥੇ 200 ਸਟਾਲਾਂ ਲੱਗਣਗੀਆਂ ਅਤੇ 20 ਸਟਾਲਾਂ ਲਜ਼ੀਜ਼ ਪਕਵਾਨਾਂ ਲਈ ਲੱਗਣਗੀਆਂ ਜਦੋਂਕਿ ਬੱਚਿਆਂ ਅਤੇ ਵੱਡਿਆਂ ਲਈ ਝੂਲੇ ਅਤੇ ਪੀਂਘਾਂ ਵੀ ਹੋਣਗੀਆਂ।
ਇਸ ਮੌਕੇ ਏ.ਡੀ.ਸੀ. (ਜ) ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ 21 ਫਰਵਰੀ ਨੂੰ ਸ਼ੀਸ਼ ਮਹਿਲ ਵਿਖੇ ਸਰਸ ਮੇਲੇ ਦੇ ਉਦਘਾਟਨ ਮੌਕੇ ਵੱਖ-ਵੱਖ ਰਾਜਾਂ ਦੇ 150 ਦੇ ਕਰੀਬ ਕਲਾਕਾਰ ਲੋਕ ਨਾਚ ਦੀ ਪੇਸ਼ਕਾਰੀ ਕਰਨਗੇ। ਜਦੋਂ ਕਿ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਹੈਰੀਟੇਜ ਮੇਲੇ ਦੇ ਉਦਘਾਟਨ ਮੌਕੇ ਪੰਜਾਬੀ ਸੂਫ਼ੀ ਸ਼ਾਇਰ ਸ੍ਰੀ ਮਦਨ ਗੋਪਾਲ ਸਿੰਘ ਮਧੁਰ ਸੰਗੀਤ ਦੀ ਪੇਸ਼ਕਾਰੀ ਕਰਨਗੇ ਅਤੇ 27 ਫਰਵਰੀ ਦੀ ਸ਼ਾਮ ਨੂੰ ਸਮਾਪਤੀ ਸਮੇਂ ਐਨ.ਆਈ.ਐਸ. ਵਿਖੇ ਹਰਬਖ਼ਸ ਸਿੰਘ ਲਾਟਾ ਵੱਲੋਂ ਨਿਰਦੇਸ਼ਤ ‘ਜੰਗ-ਏ-ਸਾਰਾਗੜ੍ਹੀ’ ਲਾਇਟ ਐਂਡ ਸਾਊਂਡ ਪਨੋਰਮਾ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ।
ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਸਵੇਰੇ 7.30 ਵਜੇ ਵਿਰਾਸਤੀ ਇਮਾਰਤ ਐਨ.ਆਈ.ਐਸ. ਤੋਂ ਸਾਇਕਲ ਰੈਲੀ ਕੱਢੀ ਜਾਵੇਗੀ, ਜੋਕਿ ਸ਼ਾਹੀ ਸਮਾਧਾਂ ਤੋਂ ਹੁੰਦੀ ਹੋਈ ਗੁੜ ਮੰਡੀ, ਕਿਲਾ ਮੁਬਾਰਕ, ਅਦਾਲਤ ਬਜ਼ਾਰ, ਧਰਮਪੁਰਾ ਬਜ਼ਾਰ, ਸ਼ੇਰਾਂ ਵਾਲਾ ਗੇਟ, ਸ੍ਰੀ ਕਾਲੀ ਦੇਵੀ ਮੰਦਿਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਾਸੀ ਰੋਡ, ਚਿਲਡਰਨ ਮੈਮੋਰੀਅਲ ਚੌਂਕ ਤੋਂ ਹੁੰਦੀ ਹੋਈ, ਰਿੰਕ ਹਾਲ ਤੋਂ ਅੱਗੇ ਬਾਰਾਂਦਰੀ ਬਾਗ ਵਿਖੇ ਸਮਾਪਤ ਹੋਵੇਗੀ। ਇਸੇ ਦਿਨ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਟਿਆਲਾ ਘਰਾਣਾ ਪੁਰਾਤਨ ਗਾਇਨ ਸ਼ੈਲੀ ਦੇ ਗਾਇਕ ਪੰਡਤ ਅਜੋਏ ਚੱਕਰਵਰਤੀ ਅਤੇ ਬਨਾਰਸ ਘਰਾਣੇ ਦੇ ਸ਼ਾਸਤਰੀ ਸੰਗੀਤਕਾਰ ਪੰਡਤ ਚੁੰਨੀ ਲਾਲ ਮਿਸ਼ਰਾ ਪੇਸ਼ਕਾਰੀ ਦੇਣਗੇ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 23 ਫਰਵਰੀ ਨੂੰ ਸਵੇਰੇ 10 ਵਜੇ ਏਵੀਏਸ਼ਨ ਕਲੱਬ ਸੰਗਰੂਰ ਰੋਡ ਵਿਖੇ ਏਅਰੋ ਮਾਡਲਿੰਗ ਅਤੇ ਸਟੰਟ ਬਾਇਕਿੰਗ ਦੇ ਕਰਤੱਬ ਹੋਣਗੇ। ਜਦੋਂ ਕਿ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਇਮਦਾਦਖ਼ਾਨੀ-ਇਟਾਵਾ ਘਰਾਣਾ ਦੇ ਵਾਰਸ ਤੇ ਉੱਘੇ ਸਿਤਾਰ ਵਾਦਕ ਉਸਤਾਦ ਸੁਜੀਤ ਖ਼ਾਨ ਅਤੇ ਸ਼ਾਸਤਰੀ ਸੰਗੀਤਕਾਰ ਪਦਮ ਭੂਸ਼ਣ ਪੰਡਤ ਉਲਹਾਸ ਕੈਲਾਸ਼ਕਾਰ ਆਪਣੀ ਸੰਗੀਤਕ ਪੇਸ਼ਕਾਰੀ ਦੇਣਗੇ। ਜਦੋਂਕਿ 24 ਫਰਵਰੀ ਨੂੰ ਧਰੁਵ ਪਾਂਡਵ ਸਟੇਡੀਅਮ ਵਿਖੇ ਕ੍ਰਿਕਟ ਮੈਚ ਹੋਵੇਗਾ ਅਤੇ ਕਿਲਾ ਮੁਬਾਰਕ ਵਿਖੇ ਸ਼ਾਮ ਨੂੰ ਸ਼ਾਸਤਰੀ ਸੰਗੀਤਕਾਰ ਉਸਤਾਦ ਰਸ਼ੀਦ ਖ਼ਾਨ ਅਤੇ ਮਿਸ ਮੰਜਰੀ ਚਤੁਰਵੇਦੀ ਕੱਥਕ ਦੀ ਪੇਸ਼ਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ 25 ਫਰਵਰੀ ਨੂੰ ਪੋਲੋ ਗਰਾਊਂਡ ਤੋਂ ਬਲਾਇੰਡ ਕਾਰ ਰੈਲੀ ਚੱਲੇਗੀ, ਜਿਸ ‘ਚ ਰੈਲੀ ਦੇ ਰਸਤਿਆਂ ਤੋਂ ਅਨਜਾਣ ਡਰਾਇਵਰ ਨੂੰ ਬਰੇਲ ਲਿਪੀ ਰਾਹੀਂ ਪੇਪਰ ਪੜ੍ਹਕੇ ਨਾਲ ਬੈਠਾ ਦ੍ਰਿਸ਼ਟੀਹੀਣ ਸਹਾਇਕ ਰਸਤਾ ਦੱਸੇਗਾ। ਸ਼ਾਮ ਵੇਲੇ ਕਿਲਾ ਮੁਬਰਾਕ ‘ਚ ਉੱਘੇ ਸ਼ਾਸਤਰੀ ਸੰਗੀਤਕਾਰ ਪਦਮ ਭੂਸ਼ਣ ਪੰਡਤ ਰਾਜਨ-ਸਾਜਨ ਮਿਸ਼ਰਾ ਅਤੇ ਪੰਡਤ ਜਸਰਾਜ ਸ਼ਾਸਤਰੀ ਗਾਇਨ ਸ਼ੈਲੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰਨਗੇ।
ਉਨ੍ਹਾਂ ਦੱਸਿਆ ਕਿ 26 ਫਰਵਰੀ ਨੂੰ ਬਾਰਾਂਦਰੀ ਬਾਗ ‘ਚ ਫੁੱਲਾਂ ਦੀ ਪ੍ਰਰਦਰਸ਼ਨੀ ਲੱਗੇਗੀ, ਜਿਥੇ ਕੈਕਟਸ ਮੁਕਾਬਲਾ ਹੋਵੇਗਾ। ਜਦੋਂਕਿ ਯਾਦਵਿੰਦਰਾ ਪਬਲਿਕ ਸਕੂਲ ‘ਚ ਸ਼ਾਮ ਵੇਲੇ ਉਸਤਾਦ ਨਾਸੀਰ ਅਹਿਮਦ ਵਾਰਸੀ ਵੱਲੋਂ ਪੁਰਾਤਨ ਸ਼ੈਲੀ ‘ਚ ਕਵਾਲੀ ਗਾਇਨ ਅਤੇ ਸੂਫ਼ੀ ਪੌਪ ਗਾਇਕਾ ਹਰਸ਼ਦੀਪ ਕੌਰ ਵੱਲੋਂ ਪੌਪ ਗਾਇਕੀ ਪੇਸ਼ ਕੀਤੀ ਜਾਵੇਗੀ। 27 ਫਰਵਰੀ ਨੂੰ ਵਿਰਾਸਤੀ ਸੈਰ (ਹੈਰੀਟੇਜ ਵਾਕ) ਸ਼ਾਮੀ ਸਮਾਧਾਂ ਤੋਂ ਸ਼ੁਰੂ ਹੋਵੇਗੀ ਜੋ ਕਿ ਛੱਤਾ ਨਾਨੂਮੱਲ ਤੋਂ ਹੁੰਦੇ ਹੋਏ, ਬਰਤਨ ਬਜ਼ਾਰ, ਰਜੇਸ਼ਵਰੀ ਸ਼ਿਵ ਮੰਦਰ, ਦਰਸ਼ਨੀ ਡਿਓੜੀ ਅਤੇ ਕਿਲਾ ਮੁਬਾਰਕ ਤੱਕ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸੇ ਮੇਲੇ ਦੇ ਨਾਲ-ਨਾਲ ਭਾਸ਼ਾ ਵਿਭਾਗ ਨੇੜੇ ਸਥਿਤ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਵਿਰਸਾ ਵਿਹਾਰ ਕੇਂਦਰ ਵਿਖੇ 21 ਤੋਂ 27 ਫਰਵਰੀ ਤੱਕ ਵਿਰਾਸਤੀ ਪ੍ਰਦਰਸ਼ਨੀ ਵੀ ਲੱਗੇਗੀ, ਜਿਥੇ, ਪੁਰਾਤਨ ਹੱਥ ਲਿਖ਼ਤ ਧਾਰਮਿਕ ਗ੍ਰੰਥ, ਪੋਥੀਆਂ, ਵਿਰਾਸਤੀ ਪੇਟਿੰਗਜ, ਨਾਨਕਸ਼ਾਹੀ ਤੇ ਹੋਰ ਪੁਰਾਤਨ ਸਿੱਕੇ ਅਤੇ ਹੋਰ ਪੁਰਾਤਨ ਸ਼ਸ਼ਤਰ ਸਮੇਤ ਵਿਰਾਸਤੀ ਵਸਤਾਂ ਦਰਸ਼ਕਾਂ ਦੇ ਦੇਖਣ ਲਈ ਪ੍ਰਦਰਸ਼ਤ ਹੋਣਗੀਆਂ।
ਜਦੋਕਿ ਏ.ਡੀ.ਸੀ. (ਡੀ) ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਸਰਸ ਮੇਲੇ ‘ਚ ਆਂਧਰ ਪ੍ਰਦੇਸ਼, ਉਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਝਾਰਖੰਡ, ਆਸਾਮ, ਮਨੀਪੁਰ, ਉੜੀਸਾ, ਛਤੀਸ਼ਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ ਤੋਂ ਕਲਾਕਾਰ ਤੇ ਸ਼ਿਲਪਕਾਰ ਅਤੇ ਲਜੀਜ਼ ਪਕਵਾਨ ਵਾਲੇ ਖਾਨਸਾਮੇ ਪੁਜਣਗੇ।