FIR against Patiala boy for uploading vulgar Pic on Instagram

March 9, 2018 - PatialaPolitics

ਪਟਿਆਲਾ ਪੁਲਿਸ ਨੇ ਇਕ ਅਜਿਹੇ ਸੰਵੇਦਨਸ਼ੀਲ ਮਾਮਲੇ ਨੂੰ ਆਪਣੇ ਸਾਇਬਰ ਸੈਲ ਜਰੀਏ ਕੀਤੀ ਉੱਚ ਪੱਧਰੀ ਪੜਤਾਲ ਕਰਕੇ ਹੱਲ ਕੀਤਾ ਹੈ, ਜਿਸ ਨਾਲ ਪਟਿਆਲਾ ਦੇ ਇਕ ਨਿਜੀ ਸਕੂਲ ਦੀ ਇਕ ਨਾਬਾਲਗ ਵਿਦਿਆਰਥਣ ਦਾ ਉਸਦੇ ਸਹਿਪਾਠੀ ਵਿਦਿਆਰਥੀ ਵੱਲੋਂ ਹੀ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਦੇ ਦੋਸ਼ੀ ਨੂੰ ਲੱਭਦਿਆਂ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਨੌਜਵਾਨ ਵਰਗ ਵੱਲੋਂ ਇੰਟਰਨੈਟ ਤੇ ਸੋਸ਼ਲ ਮੀਡੀਆ ਦੀ ਵਰਤੋਂ ਗ਼ੈਰਕਾਨੂੰਨੀ ਗਤੀਵਿਧੀਆਂ ਤੇ ਕਿਸੇ ਨੂੰ ਬਦਨਾਮ ਕਰਨ ਲਈ ਕਰਨ ਵਾਲੇ ਅਨਸਰ ਕਾਨੂੰਨ ਦੀ ਗ੍ਰਿਫ਼ਤ ‘ਚ ਆ ਹੀ ਜਾਂਦੇ ਹਨ ਤੇ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜਾ ਭੁਗਤਣੀ ਪੈ ਸਕਦੀ ਹੈ।

ਅਜਿਹੇ ਹੀ ਇੱਕ ਹਾਲੀਆ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਐਸ. ਭੂਪਤੀ ਦੱਸਿਆ ਕਿ 23 ਜਨਵਰੀ 2018 ਨੂੰ ਇਕ ਸ਼ਿਕਾਇਤ ਕਰਤਾ ਨੇ ਦਰਖਾਸਤ ਦੇ ਕੇ ਦੱਸਿਆ ਸੀ ਕਿ ਕਿਸੇ ਅਣਜਾਣ ਵਿਅਕਤੀ ਨੇ ਉਸਦੀ ਨਾਬਾਲਗ ਲੜਕੀ ਦੀ ਤਸਵੀਰ ‘ਚੋਂ ਚਿਹਰਾ ਕੱਟ ਕੇ ਇੱਕ ਇਤਰਾਜਯੋਗ ਹਾਲਤ ਵਾਲੀ ਤਸਵੀਰ ਤਿਆਰ ਕਰਕੇ ਇੰਸਟਾਗ੍ਰਾਮ ਅਕਾਊਟ ‘ਤੇ ਪਾ ਦਿੱਤੀ, ਜੋ ਕਿ ਕਾਫੀ ਵਾਇਰਲ ਹੋ ਗਈ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਸਾਈਬਰ ਸੈਲ ਪਟਿਆਲਾ ਵੱਲੋਂ ਕੀਤੀ ਗਈ, ਤਾਂ ਇਹ ਸਾਹਮਣੇ ਆਇਆ ਕਿ ਇਕ ਲੜਕੇ ਨੇ 23 ਜਨਵਰੀ 2018 ਨੂੰ ਉਕਤ ਲੜਕੀ ਦਾ ਫਰਜ਼ੀ ਇੰਸਟਾਗ੍ਰਾਮ ਆਈ.ਡੀ. ਤਿਆਰ ਕੀਤਾ ਤੇ ਉਸ ‘ਤੇ ਲੜਕੀ ਦਾ ਚਿਹਰਾ ਲਗਾ ਕੇ ਇਤਰਾਜਯੋਗ ਫੋਟੋ ਅਪਲੋਡ ਕਰ ਦਿੱਤੀ।

ਡਾ. ਭੂਪਤੀ ਨੇ ਦੱਸਿਆ ਕਿ ਪੁਲਿਸ ਨੇ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਫਰਜੀ ਆਈ.ਡੀ. ਤਿਆਰ ਕਰਕੇ ਗ਼ਲਤ ਫੋਟੋ ਵਾਇਰਲ ਕਰਨ ਵਾਲੇ ਵਿਰੁੱਧ ਮੁਕੱਦਮਾ ਨੰਬਰ 33 ਮਿਤੀ 06-03-2018 ਨੂੰ ਆਈ.ਟੀ. ਐਕਟ ਦੀਆਂ ਧਾਰਾਵਾਂ 66, 66-ਏ, 67-ਏ 2000 ਤੇ ਆਈ.ਪੀ.ਸੀ. ਦੀ ਧਾਰਾ 506 ਤਹਿਤ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਹੋ ਗਈ ਹੈ ਤੇ ਇਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਡਾ. ਭੂਪਤੀ ਨੇ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਇਸ ਬਾਰੇ ਸੁਚੇਤ ਕਰਨ ਕਿ ਉਹ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਵਰਤੋਂ ਕਿਸੇ ਨੂੰ ਬਦਨਾਮ ਕਰਨ ਲਈ ਨਾ ਕਰਨ ਕਿਉਂਕਿ ਅਜਿਹਾ ਕਰਨਾ ਕਾਨੂੰਨੀ ਅਪਰਾਧ ਹੈ ਤੇ ਅਪਰਾਧੀਆਂ ਦਾ ਖੁਰਾ ਖੋਜ ਪੁਲਿਸ ਵੱਲੋਂ ਲੱਭ ਕੇ ਸਜਾ ਦਿਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਵੀ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।