Government Mohindra College Patiala Convocation 2018

March 15, 2018 - PatialaPolitics

ਪਰਨੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਲਈ ਜਾਗਰੂਕਤਾ ਫੈਲਾਉਣ ਦਾ ਸੱਦਾ
-ਵਿਸ਼ਵ ਦੇ ਹਾਣੀ ਬਨਣ ਲਈ ਪੰਜਾਬੀਅਤ ਦੇ ਝੰਡਾ ਬਰਦਾਰ ਬਣਕੇ ਹੋਰਨਾਂ ਭਾਸ਼ਾਵਾਂ ਤੇ ਉਚ ਤਕਨਾਲੋਜੀ ‘ਚ ਵੀ ਮੁਹਾਰਤ ਹਾਸਲ ਕਰਨ ਵਿਦਿਆਰਥੀ-ਪਰਨੀਤ ਕੌਰ
-ਸਰਕਾਰੀ ਮਹਿੰਦਰਾ ਕਾਲਜ ਦੇ 523 ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ
ਪਟਿਆਲਾ, 15 ਮਾਰਚ:
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਾਤਾਵਰਨ ਸੰਭਾਲ ਲਈ ਜਾਗਰੂਕਤਾ ਪੈਦਾ ਕਰਨ ‘ਚ ਆਪਣੀ ਅਹਿਮ ਭੂਮਿਕਾ ਨਿਭਾਉਣ। ਉਹ ਅੱਜ ਇਥੇ ਉਤਰੀ ਭਾਰਤ ਦੇ ਸਭ ਤੋਂ ਪੁਰਾਣੇ ਤੇ ਇਤਿਹਾਸਕ ਵਿੱਦਿਅਕ ਅਦਾਰੇ ਸਰਕਾਰੀ ਮਹਿੰਦਰਾ ਕਾਲਜ ਦੇ 523 ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਤੇ ਅੰਡਰ ਗ੍ਰੈਜੂਏਟ ਡਿਗਰੀਆਂ ਤਕਸੀਮ ਕਰਨ ਲਈ ਕਰਵਾਏ ਗਏ ਸਾਲਾਨਾ ਡਿਗਰੀ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਵੀ ਮੌਜੂਦ ਸਨ ਤੇ ਉਨ੍ਹਾਂ ਨੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਵਿਦਿਆਰਥੀ ਅੱਜ ਦੇ ਇਸ ਵਿਸ਼ਵੀਕਰਨ ਦੇ ਦੌਰ ‘ਚ ਪੰਜਾਬੀਅਤ ਦੇ ਝੰਡਾ ਬਰਦਾਰ ਬਣਨ ਦੇ ਨਾਲ-ਨਾਲ ਹੋਰਨਾਂ ਭਾਸ਼ਾਵਾਂ ਅਤੇ ਕੰਪਿਊਟਰ ਸਮੇਤ ਉਚ ਤਕਨਾਲੋਜੀ ‘ਚ ਵੀ ਮੁਹਾਰਤ ਹਾਸਲ ਕਰਨ ਤਾਂ ਕਿ ਉਹ ਸਮੇਂ ਦੇ ਹਾਣੀ ਬਣਕੇ ਆਪਣੇ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕਿਸੇ ਸਮਾਜ ਦਾ ਸ਼ਸ਼ਕਤੀਕਰਨ ਸਿੱਖਿਆ ਰਾਹੀਂ ਹੀ ਹੁੰਦਾ ਹੈ ਤੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਦਾ ਇੱਕ ਪੜਾਅ ਪੂਰਾ ਕਰਕੇ ਜੀਵਨ ਦੇ ਭਵਿੱਖ ਦੀ ਨਵੀਂ ਸ਼ੁਰੂਆਤ ਕਰਨੀ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਵਿਦਿਆਰਥੀ ਵਾਤਾਵਰਣ ਸੰਭਾਲ ਦਾ ਹੋਕਾ ਦੇਣ ਲਈ ਅੱਗੇ ਆਉਣਗੇ ਤੇ ਇਸ ਬਾਬਤ ਇੱਕ ਜੁੰਮੇਵਾਰ ਨਾਗਰਿਕ ਬਣਨ ਦਾ ਸੁਨੇਹਾ ਘਰ-ਘਰ ਪਹੁੰਚਾਉਣਗੇ ਤਾਂ ਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਕੇ ਹੀ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖ ਸਕੀਏ। ਉਨ੍ਹਾਂ ਕਿਹਾ ਕਿ ਸਰਕਾਰੀ ਮਹਿੰਦਰਾ ਕਾਲਜ ‘ਚ ਵਿੱਦਿਆ ਹਾਸਲ ਕਰਨੀ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਪਟਿਆਲਾ ਨੂੰ ਸਿੱਖਿਆ ਦਾ ਧੁਰਾ ਬਣਾਉਣ ‘ਚ ਇਸ ਕਾਲਜ ਦਾ ਅਹਿਮ ਯੋਗਦਾਨ ਹੈ।
ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਹਾਂਡਾ ਨੇ ਸ੍ਰੀਮਤੀ ਪਰਨੀਤ ਕੌਰ ਤੇ ਸ੍ਰੀ ਕੇ.ਕੇ. ਸ਼ਰਮਾ ਦਾ ਸਵਾਵਤ ਕਰਦਿਆਂ ਕਾਲਜ ਦੀ ਕਾਰਗੁਜ਼ਾਰੀ ਬਾਬਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ‘ਚ ਬੀ.ਏ., ਬੀ.ਐਸ.ਸੀ. ਅਤੇ ਆਨਰਜ਼ ਸਕੂਲ ਦੇ 243 ਵਿਦਿਆਰਥੀਆਂ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੇ 280 ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ ਹਨ। ਡਾ. ਹਾਂਡਾ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰੀਖਿਆਵਾਂ ‘ਚ ਮੈਰਿਟ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਜੋਬਨਪ੍ਰੀਤ ਕੌਰ, ਪਰਮਿੰਦਰ ਸਿੰਘ, ਅਕਵਿੰਦਰ ਕੌਰ, ਮਿਊਰੀ ਗੁਪਤਾ, ਸ਼ਰਿਸ਼ਟੀ, ਸੁਖਪ੍ਰੀਤ ਕੌਰ, ਐਨੀ ਠਾਕੁਰ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਕੌਰ, ਕਿਰਨ, ਸਲੋਨੀ ਗੁਪਤਾ, ਅਮਨਦੀਪ ਕੌਰ ਅਤੇ ਪੂਜਾ ਨੂੰ ਵੀ ਸਨਮਾਨਤ ਕੀਤਾ ਗਿਆ ਹੈ।
ਵਾਇਸ ਪ੍ਰਿੰਸੀਪਲ ਡਾ. ਤ੍ਰਿਪਤੀ ਸ਼ਰਮਾ ਨੇ ਧੰਨਵਾਦ ਕੀਤਾ ਜਦੋਂਕਿ ਮੰਚ ਸੰਚਾਲਣ ਪ੍ਰੋ. ਹਰਵਿੰਦਰਜੀਤ ਕੌਰ ਕਲੇਰ ਨੇ ਕੀਤਾ ਤੇ ਕਾਲਜ ਰਜਿਸਟਰਾਰ ਪ੍ਰੀਖਿਆਵਾਂ ਪ੍ਰੋ. ਹਰਪਾਲ ਕੌਰ ਨੇ ਸਮਾਗਮ ਦਾ ਸਮੁੱਚਾ ਪ੍ਰਬੰਧ ਕੀਤਾ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਪੀ.ਕੇ. ਪੁਰੀ, ਫ਼ਿਜੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਤ ਕੌਰ, ਬਿਕਰਮ ਕਾਲਜ ਦੇ ਪ੍ਰਿੰਸੀਪਲ ਡਾ. ਹਰਮਿੰਦਰ ਕੌਰ, ਸਾਬਕਾ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਗਿੱਲ, ਪ੍ਰੋ. ਜਸਵੀਰ ਸਿੰਘ ਬੋਪਾਰਾਏ, ਪ੍ਰੋ. ਐਸ.ਸੀ. ਸ਼ਰਮਾ ਆਰਗੇਨਾਇਜਿੰਗ ਸੈਕਟਰੀ ਓ.ਐਸ.ਏ, ਸਮੇਤ ਵੱਡੀ ਗਿਣਤੀ ‘ਚ ਅਧਿਆਪਕ, ਵਿਦਿਆਰਥੀ ਤੇ ਹੋਰ ਪਤਵੰਤੇ ਮੌਜੂਦ ਸਨ।