Run for Drug Free Punjab in Patiala

March 23, 2018 - PatialaPolitics

ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਯੁਵਾ ਸਸ਼ਕਤੀਕਰਨ ਦਿਵਸ ਦੇ ਰੂਪ ‘ਚ ਮਨਾਏ ਜਾਣ ਦੌਰਾਨ ਅੱਜ ਪਟਿਆਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁਧ ਜਾਗਰੂਕਤਾ ਲਈ ਮਿੰਨੀ ਮੈਰਾਥਨ ਦੌੜ ਕਰਵਾਈ ਗਈ। ਇਸ ਦੌੜ ‘ਚ ਹਿੱਸਾ ਲੈਣ ਵਾਲੇ ਪਟਿਆਲਾ ਦੇ ਨਾਗਰਿਕਾਂ, ਵਿਦਿਆਰਥੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਮੈਂਬਰਾਂ ਨੂੰ ਪਟਿਆਲਾ ਦੇ ਡਵੀਜਨਲ ਕਮਿਸ਼ਨਰ ਸ੍ਰੀ ਵੀ.ਕੇ. ਮੀਣਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਏ.ਡੀ.ਸੀ. ਵਿਕਾਸ ਡਾ. ਸ਼ੌਕਤ ਅਹਿਮਦ ਪਰੇ, ਏ.ਡੀ.ਸੀ. ਜਨਰਲ ਸ੍ਰੀਮਤੀ ਪੂਨਮਦੀਪ ਕੌਰ ਤੇ ਹੋਰ ਵੀ ਮੌਜੂਦ ਸਨ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਅਹਿਮ ਉਪਰਾਲੇ ਕਰ ਰਹੀ ਹੈ ਤੇ ਇਸ ਲਈ ਆਮ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਇਹ ਦੌੜ ਵੀ ਅਹਿਮ ਸਾਬਤ ਹੋਵੇਗੀ। ਡਵੀਜਨਲ ਕਮਿਸ਼ਨਰ ਸ੍ਰੀ ਮੀਣਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇੱਕ ਚੰਗਾ ਉਪਰਾਲਾ ਹੈ, ਕਿ ਸ਼ਹੀਦਾਂ ਦੇ ਦਿਹਾੜੇ ਨੂੰ ਯੁਵਾ ਸਸ਼ਕਤੀਕਰਨ ਦੇ ਰੂਪ ‘ਚ ਮਨਾਇਆ ਜਾ ਰਿਹਾ ਹੈ ਤੇ ਇਸ ਦੌਰਾਨ ਨਸ਼ਿਆਂ ਵਿਰੁਧ ਜਾਗਰੂਕਤਾ ਪੈਦਾ ਕਰਨ ਲਈ ਪਟਿਆਲਵੀ ਦੌੜ ਰਹੇ ਹਨ। ਉਨ੍ਹਾਂ ਨੇ ਇਸ ਮਿੰਨੀ ਮੈਰਾਥਨ ਦੌੜ ‘ਚ ਹਿੱਸਾ ਲੈਣ ਵਾਲਿਆਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਸਿਰਜਣ ‘ਚ ਆਪਣਾ ਯੋਗਦਾਨ ਪਾਉਣਾ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੈ।
ਖੇਡ ਵਿਭਾਗ ਵੱਲੋਂ ਆਯੋਜਿਤ ਇਸ ਦੌੜ ‘ਚ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਸਮੇਤ ਪੀ.ਸੀ.ਐਸ ਅਧਿਕਾਰੀ ਸ੍ਰੀ ਰਜੇਸ਼ ਧੀਮਾਨ, ਪਟਿਆਲਾ ਰਨਰਜ, ਰੋਆਇਲ ਪਟਿਆਲਾ ਰਾਈਡਰਜ, ਰਨਰਜ ਫਾਰਐਵਰ, ਪਾਵਰ ਹਾਊਸ ਯੂਥ ਕਲੱਬ, ਕੱਲਰਭੈਣੀ ਟਰੱਸਟ, ਨਹਿਰੂ ਯੁਵਾ ਕੇਂਦਰ, ਜਨ ਹਿਤ ਸੰਮਤੀ, ਸਰਕਾਰੀ ਫ਼ਿਜੀਕਲ ਕਾਲਜ, ਆਈ.ਟੀ.ਆਈ. ਪਟਿਆਲਾ ਦੇ ਵਲੰਟੀਅਰਾਂ ਸਮੇਤ ਵੱਡੀ ਗਿਣਤੀ, ਬੱਚਿਆਂ, ਵਿਦਿਆਰਥੀਆਂ ਸਮੇਤ ਪਟਿਆਲਵੀਆਂ ਨੇ ਵੀ ਹਿੱਸਾ ਲਿਆ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋਈ ਇਹ ਦੌੜ ਥਾਪਰ ਯੂਨੀਵਰਸਿਟੀ, 22 ਨੰਬਰ ਫਾਟਕ ਤੇ ਲੀਲ੍ਹਾ ਭਵਨ ਤੋਂ ਹੁੰਦੀ ਹੋਈ ਬਾਰਾਂਦਰੀ ਬਾਗ ‘ਚ ਸਮਾਪਤ ਹੋਈ। ਇਸ ਦੌੜ ‘ਚ ਮਰਦਾਂ ਦੇ ਵਰਗ ‘ਚ ਵਿਜੇ ਕੁਮਾਰ ਪਹਿਲੇ ਸਥਾਨ ‘ਤੇ ਰਹੇ ਜਦੋਂ ਕਿ ਗਗਨਦੀਪ ਚੋਪੜਾ ਦੂਜੇ ਤੇ ਤਾਹਿਰ ਤਾਰਿਕ ਤੀਜੇ ਸਥਾਨ ‘ਤੇ ਰਹੇ। ਲੜਕਿਆਂ ਦੇ ਵਰਗ ‘ਚ ਜਸ਼ਨਦੀਪ ਸਿੰਘ ਪਹਿਲੇ ਤੇ ਜੁਗਰਾਜ ਸਿੰਘ ਦੂਜੇ ਥਾਂ ‘ਤੇ ਰਹੇ ਅਤੇ ਬੱਚਿਆਂ ਦੇ ਵਰਗ ‘ਚ ਕਰਮਜੀਤ ਕੌਰ ਤੇ ਮਨਪ੍ਰੀਤ ਔਲਖ ਜੇਤੂ ਰਹੇ। ਇਸ ਮੌਕੇ ਪੀ.ਸੀ.ਐਸ. ਅਧਿਕਾਰੀ ਸ੍ਰੀ ਲਾਲ ਵਿਸ਼ਵਾਸ਼, ਸ੍ਰੀਮਤੀ ਇਸਮਤ ਵਿਜੇ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ. ਉਪਕਾਰ ਸਿੰਘ ਵਿਰਕ, ਸ੍ਰੀ ਜਤਵਿੰਦਰ ਗਰੇਵਾਲ, ਰੁਪਿੰਦਰ ਕੌਰ, ਹਰਮਨਪ੍ਰੀਤ ਕੌਰ, ਪ੍ਰੋ. ਬਹਾਦਰ ਸਿੰਘ ਆਦਿ ਵੀ ਮੌਜੂਦ ਸਨ।