Cycle rally by Royal Patiala Riders Cycling Club
March 25, 2018 - PatialaPolitics
ਪਟਿਆਲਾ, 25 ਮਾਰਚ : ਰੋਆਇਲ ਪਟਿਆਲਾ ਰਾਇਡਰਜ਼ ਸਾਇਕਲਿੰਗ ਕਲੱਬ ਵੱਲੋਂ ਅੱਜ 23 ਮਾਰਚ ਦੇ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਸਾਇਕਲ ਚਾਲਕਾਂ ਦੀ ਇੱਕ ਤਕਰੀਬਨ 28 ਕਿਲੋਮੀਟਰ ਦੀ ‘ਰੰਗ ਦੇ ਬਸੰਤੀ’ ਪਿਕਨਿਕ ਰਾਇਡ ਕਰਵਾਈ ਗਈ।
ਅੱਜ ਸਵੇਰੇ 6.30 ਵਜੇ ਇਥੇ ਸਿਟੀ ਸੈਂਟਰ ਵਿਖੇ ਦੋ ਮਿੰਟ ਦਾ ਮੌਨ ਰੱਖਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਮਗਰੋਂ ਡੀ.ਆਈ.ਜੀ. ਪਟਿਆਲਾ ਰੇਂਜ ਡਾ. ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ. ਡਾ. ਐਸ. ਭੂਪਤੀ ਅਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਸਾਇਕਲ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਜਦੋਂ ਕਿ ਸਮਾਪਤੀ ਮੌਕੇ ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਇਸ ਰੈਲੀ ‘ਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਸਨਮਾਨ ਕੀਤਾ।
ਇਸ ਰੈਲੀ ਰਾਹੀਂ ਲੋਕਾਂ ਨੂੰ ਨਸ਼ਿਆਂ ਤੋਂ ਬਚਣ, ਚੰਗੀ ਸਿਹਤ ਤੇ ਵਾਤਾਵਰਨ ਬਚਾਉਣ ਲਈ ਸਾਇਕਲ ਚਲਾਉਣ ਦੀ ਆਦਤ ਪਾਉਣ, ਸ਼ਾਹੀ ਸ਼ਹਿਰ ਨੂੰ ਟ੍ਰੈਫਿਕ ਸਮੱਸਿਆ ਤੋਂ ਬਚਾਉਣ ਅਤੇ ਪ੍ਰਦੂਸ਼ਣ ਘਟਾਉਣ ਸਮੇਤ ਟੀ.ਬੀ. ਦੀ ਬਿਮਾਰੀ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ।
ਇਸ ਰੈਲੀ ਨੂੰ ਰਵਾਨਾ ਕਰਨ ਮੌਕੇ ਡੀ.ਆਈ.ਜੀ. ਡਾ. ਗਿੱਲ ਨੇ ਕਿਹਾ ਕਿ ਹਰ ਵਿਅਕਤੀ ਸਿਹਤਮੰਦ ਰਹਿਣ ਲਈ ਕਸਰਤ ਜਰੂਰ ਕਰੇ ਪਰੰਤੂ ਨੌਜਵਾਨ ਪੀੜ੍ਹੀ ਜੰਕ ਫੂਡ ਤੋਂ ਵੀ ਬਚਕੇ ਰਹੇ। ਉਨ੍ਹਾਂ ਰੋਆਇਲ ਪਟਿਆਲਾ ਰਾਇਡਰਜ ਦੇ ਇਸ ਚੰਗੇ ਉਪਰਾਲੇ ਦੀ ਸ਼ਲਾਘਾ ਕੀਤੀ। ਸਿਵਲ ਸਰਜਨ ਡਾ. ਮਲਹੋਤਰਾ ਨੇ ਵਿਸ਼ਵ ਟੀ.ਬੀ. ਦਿਵਸ ਅਤੇ ਡੌਟਸ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਟੀ.ਬੀ. ਦਾ ਇਲਾਜ ਅਸੰਭਵ ਨਹੀਂ ਪਰ ਸਹਿਯੋਗ ਦੀ ਲੋੜ ਹੈ।
ਇਸ ਮੌਕੇ ਡਵੀਜਨਲ ਫਾਰੈਸਟ ਅਫ਼ਸਰ ਜੁਗਰਾਜ ਰਠੌਰ ਨੇ ਸ਼ਹਿਰ ਵਾਸੀਆਂ ਨੂੰ ਦਰਖ਼ਤ ਲਾਉਣ ਤੇ ਵਾਤਾਵਰਣ ਸਾਫ਼ ਸੁਥਰਾ ਰੱਖਣ ਲਈ ਪ੍ਰੇਰਤ ਕੀਤਾ। ਕਲੱਬ ਪ੍ਰਧਾਨ ਭਵਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਰਾਇਡ ‘ਚ ਪਟਿਆਲਾ ਸ਼ਹਿਰ ਵਾਸੀਆਂ ਤੋਂ ਇਲਾਵਾ ਸਾਰੇ ਸਾਇਲਿੰਗ ਗਰੁੱਪਾਂ ਨੇ ਵੀ ਹਿੱਸਾ ਲਿਆ। ਬੀਰ ਸਿੰਘ ਟੀ.ਡੀ.ਪੀ., ਪਟਿਆਲਾ ਰੈਂਡੀਨਿਊਰਜ ਤੋਂ ਦਵਿੰਦਰ, ਫਰੈਂਡਜ ਆਨ ਵੀਲ੍ਹ ਤੋਂ ਕੰਵਰ ਗਿੱਲ, ਫਰੈਂਡਜ ਆਫ਼ ਇਨਵਾਇਰਨਮੈਂਟ ਪਾਰਕ ਤੋਂ ਬਲਬੀਰ ਬਲਿੰਗ ਤੇ ਜਸਪਾਲ ਢਿੱਲੋਂ, ਸਿਮਰਨ ਵਾਲੀਆ ਰਨਰਜ ਸੁਕੈਡ, ਰਜੀਵ ਅਰੋੜਾ ਪਟਿਆਲਾ ਰਨਰਜ, ਨਾਭਾ ਰਾਇਡਰਜ ਤੋਂ ਆਰ.ਡੀ. ਸ਼ਰਮਾ, ਆਮ ਆਦਮੀ ਵੈਲਫੇਅਰ ਟਰਸਟ ਤੋਂ ਮਹੇਸ਼ ਗੁਪਤਾ ਵੀ ਆਪਣੀਆਂ ਟੀਮਾਂ ਨਾਲ ਸ਼ਾਮਲ ਹੋਏ।
ਇਸ ਮੌਕੇ ਹੀਰੋ ਕਰੌਸ ਲੁਧਿਆਣਾ ਵੱਲੋਂ ਆਪਣਂ ਨਵੀਂ ਸਾਇਕਲ ਸੀਰੀਜ ਦੀ ਪ੍ਰਦਰਸ਼ਨੀ ਵੀ ਲਾਈ ਗਈ। ਸਿਟੀ ਸੈਂਟਰ ਤੋਂ ਸ਼ੁਰੂ ਹੋਈ ਇਸ ਰੈਲੀ ‘ਚ ਸ਼ਾਮਲ ਸਾਇਕਲਿਸਟ ਨਾਭਾ ਰੋਡ ਤੋਂ ਕਲਿਆਣ ਹੁੰਦੇ ਹੋਏ ਧਭਲਾਨ ਵਿਖੇ ਬਾਇਓਕਾਰਵ ਫ਼ਲਾਵਰ ਰੈਲੀ ‘ਚ ਦਾਖਲ ਹੋਏ। ਫੁੱਲਾਂ ਦੀ ਖ਼ੁਸ਼ਬੂ ਅਤੇ ਬਹਾਰ ਨੇ ਇਸ ਰੈਲੀ ਨੂੰ ਯਾਦਗਾਰ ਬਣਾ ਦਿਤਾ। ਕੁਲ 280 ਰਾਇਡਰਜ਼ ਤੇ ਬੱਚਿਆਂ ਨੇ ਇਸ ਦਾ ਖ਼ੂਬ ਆਨੰਦ ਮਾਣਿਆ ਤੇ ਸਿਹਤ ਵਿਭਾਗ ਨੇ ਇਸ ਮੌਕੇ ਰਿਫ਼ੈਰਸ਼ਮੈਂਟ ਦਿੱਤੀ।
ਇਸ ਮੌਕੇ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਸੁਦੇਸ਼ ਪ੍ਰਤਾਪ, ਪ੍ਰਧਾਨ ਪਟਿਆਲਾ ਰਾਇਡਰਜ ਭਵਜੀਤ ਸਿੱਧੂ ਸਮੇਤ ਸਕੱਤਰ ਪੁਨੀਤ ਕਪੂਰ, ਮੀਤ ਪ੍ਰਧਾਨ ਗੁਰਮੀਤ ਸਿੰਘ, ਡਾ. ਸੁਖਮਿੰਦਰ ਬਾਜਵਾ ਸੀਨੀਅਰ ਮੀਤ ਪ੍ਰਧਾਨ, ਨੀਰਜ ਮਹਿੰਦਰਾ, ਹਿਮਾਸ਼ੂ ਸ਼ਰਮਾ, ਅੰਮ੍ਰਿਤਪਾਲ, ਹੈਰੀ ਸਿੱਧੂ, ਹਰਦੀਪ ਬੋਪਾਰਾਏ, ਮਨੀ ਸੰਧੂ, ਜਸਪਾਲ ਧਾਲੀਵਾਲ, ਅਮਿਤਿੰਦਰ ਸਿੱਧੂ, ਰਮਨ ਬੈਂਸ ਹਾਜਰ ਸਨ। ਇਸ ਰਾਇਡ ਦੌਰਾਨ ਗੁਰਜੋਤ ਸਿੰਘ, ਰਾਜਾ ਚੰਨੀ ਗਰੁਪ ਦੇ ਹਾਰਲੇ ਰਾਇਡਰਜ, ਆਰ.ਪੀ.ਆਰ. ਟੀਮ ਨੇ ਸਾਇਕਲਿੰਗ ਰਾਇਡਰਜ ਨਾਲ ਚਲਦੇ ਹੋਏ ਸੁਰੱਖਿਅਤ ਰਾਇਡ ਕਰਨ ‘ਚ ਸਹਿਯੋਗ ਦਿੱਤਾ।