Patiala Police raids on shops,action on china dor

January 17, 2023 - PatialaPolitics

Patiala Police raids on shops,action on china dor

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਚਾਈਨਾ ਡੋਰ ਮਨੁੱਖਾਂ ਤੇ ਪਸ਼ੂ-ਪੰਛੀਆਂ ਲਈ ਜਾਨ ਦਾ ਖੌਅ ਬਣੀ ਹੋਈ ਹੈ, ਇਸ ਲਈ ਚਾਈਨਾ ਡੋਰ ਵਰਤੋਂ ‘ਤੇ ਜ਼ਿਲ੍ਹੇ ਵਿਚ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਜ਼ਿਲ੍ਹੇ ‘ਚ ਚਾਈਨਾ ਡੋਰ ‘ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਜਿਥੇ ਧਾਰਾ 144 ਤਹਿਤ ਹੁਕਮ ਜਾਰੀ ਕੀਤੇ ਗਏ ਹਨ, ਉਥੇ ਇਸ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਭਰ ਵਿਚ ਐਸ.ਡੀ.ਐਮਜ਼ ਦੀ ਅਗਵਾਈ ਵਿਚ ਨਿਗਰਾਨ ਕਮੇਟੀਆਂ ਕੰਮ ਕਰ ਰਹੀਆਂ ਹਨ ਜੋ ਚਾਈਨਾ ਡੋਰ ਸਬੰਧੀ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮੂਹ ਐਸ.ਡੀ.ਐਮਜ਼ ਨੂੰ ਆਪਣੀ ਸਬ ਡਵੀਜਨ ਦੀ ਰਿਪੋਰਟ ਰੋਜ਼ਾਨਾ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ, ਜਿਸ ਵਿਚ ਉਹ ਦੱਸਣਗੇ ਕਿ ਕਿੰਨੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਕਿੰਨੇ ਗੱਟੇ ਫੜੇ ਗਏ, ਕਿੰਨੇ ਪਰਚੇ ਦਰਜ ਕੀਤੇ ਗਏ ਅਤੇ ਕਿੰਨੇ ਗੱਟੇ ਨਸ਼ਟ ਕੀਤੇ ਗਏ। ਉਨ੍ਹਾਂ ਕਿਹਾ ਕਿ ਨਗਰ ਕੌਸਲਾਂ ਤੇ ਨਗਰ ਪੰਚਾਇਤ ਵਿਖੇ ਕਾਰਜਸਾਧਕ ਅਫ਼ਸਰਾਂ ਦੀਆਂ ਟੀਮਾਂ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਕਿਤੇ ਵੀ ਚਾਈਨਾ ਡੋਰ ਦੀ ਖਰੀਦ-ਫਰੋਖਤ ਤੇ ਸਟੋਰ ਕਰਨ ਦਾ ਮਾਮਲਾ ਧਿਆਨ ਵਿਚ ਆ ਰਿਹਾ ਹੈ, ਉਥੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋ ਵੀ ਚਾਈਨਾ ਡੋਰ ਦੀ ਵਿਕਰੀ, ਸਟੋਰ ਕਰਨ ਅਤੇ ਖਰੀਦਣ ‘ਤੇ ਰੋਕ ਲਗਾਉਣ ਸਬੰਧੀ ਛਾਪੇਮਾਰੀ ਕਰਕੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਪਟਿਆਲਾ ਵਾਸੀਆਂ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੀ ਡੋਰ ਜਾਨਲੇਵਾ ਅਤੇ ਹਾਨੀਕਾਰਕ ਹੈ, ਇਸ ਲਈ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਜੇਕਰ ਕੋਈ ਚਾਈਨਾ ਡੋਰ ਦੀ ਵਿਕਰੀ ਕਰਦਾ ਹੈ ਤਾਂ ਇਸ ਸਬੰਧੀ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ।