Development work begins in Patiala

March 26, 2018 - PatialaPolitics

ਇਤਿਹਾਸਕ ਸ਼ਹਿਰ ਪਟਿਆਲਾ ਨੂੰ ਉਸਦੀ ਪੁਰਾਣੀ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਮੁੱਖ ਮੁੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੀ ਕਰੋੜਾਂ ਰੁਪਏ ਦੀ ਗਰਾਂਟ ਨਾਲ ਵਿਕਾਸ ਕਾਰਜ ਜੰਗੀ ਪੱਧਰ ‘ਤੇ ਸ਼ੁਰੂ ਹੋ ਗਏ ਹਨ। ਇਹ ਪ੍ਰਗਟਾਵਾ ਅੱਜ ਇਥੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ਦੀਆਂ ਸੜਕਾਂ ‘ਤੇ ਪ੍ਰੀਮਿਕਸ ਪੈਣ ਅਤੇ ਪ੍ਰਮੱਖ ਚੌਂਕਾਂ ਦੀ ਹੋ ਰਹੀ ਮੁਰੰਮਤ ਦੇ ਕਾਰਜਾਂ ਦਾ ਜਾਇਜਾ ਲੈਣ ਮੌਕੇ ਕੀਤਾ।

ਮਾਲ ਰੋਡ ਤੇ ਸਥਿਤ ਪਟਿਆਲਾ ਦੇ ਪੁਰਾਤਨ ਫੁਆਰਾ ਚੌਂਕ ਦੀ ਮੁਰੰਮਤ ਦੇ ਚੱਲ ਰਹੇ ਕਾਰਜਾਂ ਦਾ ਜਾਇਜਾ ਲੈਣ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਰਾਜਸੀ ਵਿਤਕਰੇ ਕਾਰਨ ਪਟਿਆਲਾ ਸ਼ਹਿਰ ਨੂੰ ਇੱਕ ਗਿਣੀ ਮਿੱਥੀ ਸ਼ਾਜਿਸ਼ ਤਹਿਤ ਵਿਕਾਸ ਪੱਖੋਂ ਅਣਗੋਲਿਆ ਰੱਖਿਆ ਗਿਆ ਜਿਸ ਕਾਰਨ ਜ਼ਿਲ੍ਹੇ ਦੀਆਂ ਸਾਰੀਆਂ ਸੜਕਾਂ, ਪ੍ਰਮੱਖ ਚੌਂਕਾਂ ਦੀ ਹਾਲਤ ਜਿਥੇ ਬੱਦਤਰ ਹੋ ਗਈ ਸੀ ਉਥੇ ਹੀ ਸਫਾਈ ਪ੍ਰਬੰਧਾਂ ਦੀ ਅਣਹੋਂਦ ਅਤੇ ਸੀਵਰੇਜ ਲਾਈਨਾਂ ਦੀ ਸਫਾਈ ਨਾ ਹੋਣ ਕਾਰਨ ਪਟਿਆਲਾ ਸ਼ਹਿਰ ਨੇ ਨਰਕ ਦਾ ਰੂਪ ਧਾਰਨ ਕਰ ਲਿਆ ਸੀ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਟਿਆਲਾ ਸ਼ਹਿਰ ਨੂੰ ਪੁਰਾਣੀ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰੋਜੈਕਟ ਤਿਆਰ ਕੀਤਾ ਹੈ ਜਿਸ ਤਹਿਤ ਕਰੋੜਾਂ ਰੁਪਏ ਖਰਚ ਕੇ ਸਰਵਪੱਖੀ ਵਿਕਾਸ ਦੇ ਕਾਰਜਾਂ ਨੂੰ ਵਿਧੀਵੱਤ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਸ਼੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਜਾਰੀ ਗਰਾਂਟਾਂ ਤਹਿਤ ਪਟਿਆਲਾ ਸ਼ਹਿਰ ਸਮੇਤ ਸ਼ਹਿਰ ਦੇ ਨਾਲ ਲਗਦੀਆਂ ਸਾਰੀਆਂ ਸੜਕਾਂ ਦੀ 60 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਵਾਈ ਜਾ ਰਹੀ ਹੈ। ਜਿਸ ਤਹਿਤ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦੇ ਨਾਲ-ਨਾਲ ਸੜਕਾਂ ਦੇ ਵਿਚਕਾਰ ਟੁੱਟੀਆਂ ਗਰਿਲਾਂ ਦੀ ਮੁਰੰਮਤ ਅਤੇ ਸੈਂਟਰ ਵਰਜਾਂ’ਤੇ ਮਿੱਟੀ ਚੁੱਕ ਕੇ ਉਸ ‘ਤੇ ਟਾਈਲਾਂ ਲਗਾ ਕੇ ਪੱਕਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 5 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਪਟਿਆਲਾ ਦੇ ਫੋਕਲ ਪੁਆਇੰਟ ਦੀ ਵੀ ਕਾਇਆ ਕਲਪ ਕੀਤੀ ਜਾ ਰਹੀ ਹੈ।

ਸ਼੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਗੰਦਗੀ ਤੋਂ ਨਿਜਾਤ ਦਿਵਾਉਣ ਲਈ ਜਿਥੇ ਅੰਡਰ ਗਰਾਂਉਂਡ ਡਸੱਟਬਿਨ ਲਗਾਏ ਜਾ ਰਹੇ ਹਨ। ਉਥੇ ਹੀ ਸ਼ਹਿਰ ਦੇ ਪੂਰੀ ਤਰਾਂ ਬੰਦ ਹੋ ਚੁੱਕੇ ਸੀਵਰੇਜ ਦੀ ਆਟੋਮੈਟਿਕ ਮਸ਼ੀਨਾਂ ਨਾਲ ਸਫਾਈ ਵੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਦੇ ਵਿਤਕਰੇ ਕਾਰਨ ਪੂਰੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਬੰਦ ਹੋ ਗਈਆਂ ਸਨ ਪਰ ਹੁਣ 12 ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ ਸ਼ਹਿਰ ਨੂੰ 33 ਹਜਾਰ ਐਲ.ਈ.ਡੀ. ਲਾਈਟਾਂ ਨਾਲ ਰੁਸ਼ਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ 2 ਮਹੀਨਿਆਂ ਵਿੱਚ ਪਟਿਆਲਾ ਸ਼ਹਿਰ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ। ਵਿਕਾਸ ਕਾਰਜਾਂ ਦਾ ਜਾਇਜਾ ਲੈਣ ਮੌਕੇ ਸ਼੍ਰੀਮਤੀ ਪਰਨੀਤ ਕੌਰ ਦੇ ਨਾਲ ਪਟਿਆਲਾ ਦਾ ਮੇਅਰ ਸ਼੍ਰੀ ਸੰਜੀਵ ਸ਼ਰਮਾ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਕਾਂਗਰਸ ਦੇ ਬਲਾਕ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ, ਨਗਰ ਨਿਗਮ ਦੇ ਐਸ.ਈ. ਸ਼੍ਰੀ ਐਮ.ਐਮ. ਸਿਆਲ, ਐਕਸੀਅਨ ਸ਼੍ਰੀ ਸ਼ਾਮ ਲਾਲ ਗੁਪਤਾ ਅਤੇ ਲੋਕ ਨਿਰਮਾਣ ਵਿਭਾਗ ਦੇ ਕਈ ਅਧਿਕਾਰੀ ਵੀ ਹਾਜਰ ਸਨ।