Patiala liquor vendors Lucky Draw 2018

March 27, 2018 - PatialaPolitics

ਪੰਜਾਬ ਦੀ ਨਵੀਂ ਆਬਕਾਰੀ ਨੀਤੀ 2018-19 ਤਹਿਤ ਪਟਿਆਲਾ ਜ਼ਿਲ੍ਹੇ ਅੰਦਰਲੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ 376 ਦੇਸੀ ਅਤੇ 239 ਅੰਗਰੇਜੀ ਸ਼ਰਾਬ (ਐਲ-14 ਏ ਅਤੇ ਐਲ-2) ਦੇ ਰਿਟੇਲ ਵਿਕਰੀ ਲਈ ਠੇਕਿਆਂ ਬਣਾਏ ਗਏ 59 ਜੋਨਾਂ ਲਈ ਡਰਾਅ ਕੱਢਣ ਦੀ ਪ੍ਰਕ੍ਰਿਆ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀਮਤੀ ਪ੍ਰਨੀਤ ਸ਼ੇਰਗਿੱਲ ਦੀ ਵਿਸ਼ੇਸ਼ ਨਿਗਰਾਨੀ ਹੇਠ ਇਥੇ ਸਰਹਿੰਦ ਰੋਡ ਵਿਖੇ ਇਕ ਨਿਜੀ ਪੈਲੇਸ ‘ਚ ਬੀਤੀ ਦੇਰ ਰਾਤ ਮੁਕੰਮਲ ਹੋਈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਡਰਾਅ ਕੱਢਣ ਦੀ ਸਮੁੱਚੀ ਪ੍ਰਕ੍ਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨੀ ਯਕੀਨੀ ਬਣਾਉਣ ਲਈ ਸਹਾਇਕ ਕਮਿਸ਼ਨਰ (ਜਨਰਲ) ਸ. ਸੂਬਾ ਸਿੰਘ ਦੀ ਅਗਵਾਈ ਹੇਠ ਉਚੇਚੇ ਪ੍ਰਬੰਧ ਕੀਤੇ ਗਏ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਪਟਿਆਲਾ ਸ੍ਰੀ ਸੁਰਿੰਦਰ ਗਰਗ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਦੇ ਦੇਸੀ ਅਤੇ ਅੰਗਰੇਜੀ ਠੇਕਿਆਂ (ਐਲ-14 ਏ ਅਤੇ ਐਲ-2) ਤੋਂ ਕਰੀਬ 239.92 ਕਰੋੜ ਰੁਪਏ ਦਾ ਮਾਲੀਆ ਨਿਰਧਾਰਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਲ 2018-19 ਲਈ ਪਟਿਆਲਾ ਜਿਲ੍ਹੇ ਵਿੱਚ 3720167 ਪਰੂਫ਼ ਲੀਟਰ ਦੇਸੀ ਸ਼ਰਾਬ, 1271500 ਪਰੂਫ਼ ਲੀਟਰ ਅੰਗਰੇਜੀ ਸ਼ਰਾਬ ਅਤੇ 1572562 ਬਲਕ ਲੀਟਰ ਬੀਅਰ ਦਾ ਕੋਟਾ ਅਲਾਟ ਕੀਤਾ ਗਿਆ ਹੈ।
ਸ੍ਰੀ ਗਰਗ ਨੇ ਦੱਸਿਆ ਕਿ 59 ਵਿੱਚੋਂ 53 ਜੋਨਾਂ ਦੇ ਠੇਕਿਆਂ ਦੀ ਨਿਲਾਮੀ ਦੀ ਪ੍ਰਕਿਆ ਨੇਪਰੇ ਚੜ੍ਹ ਗਈ ਜਦੋਂ ਕਿ ਨਾਭਾ ਆਬਕਾਰੀ ਸਰਕਲ ਦੇ 10 ਜੋਨਾਂ ਵਿੱਚੋਂ ਕੇਵਲ 4 ਦੀ ਹੀ ਨਿਲਾਮੀ ਹੋ ਸਕੀ ਜਦੋਂਕਿ 6 ਜੋਨਾਂ ਦੇ ਠੇਕਿਆਂ ਦੀ ਨਿਲਾਮੀ ਦੀ ਪ੍ਰਕ੍ਰਿਆ ਬਕਾਇਆ ਰਹਿ ਗਈ ਹੈ। ਸਫਲ ਰਹੇ ਅਲਾਟੀਆਂ ਵੱਲੋਂ ਮੌਕੇ ‘ਤੇ ਬਣਦੀ 25 ਪ੍ਰਤੀਸ਼ਤ ਰਕਮ ਨੂੰ ਨਗ਼ਦ ਜਾਂ ਡਿਮਾਂਡ ਡਰਾਫਟ ਦੇ ਰੂਪ ਵਿੱਚ ਜਮਾਂ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਮੁਚੀ ਪ੍ਰਕ੍ਰਿਆ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ ਹੈ। ਇਸ ਮੌਕੇ ਈ.ਟੀ.ਓ. ਆਬਕਾਰੀ ਸ੍ਰੀ ਚੰਦਰ ਮਹਿਤਾ ਨੇ ਡਰਾਅ ਕੱਢਣ ਦੀ ਪ੍ਰਕ੍ਰਿਆ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ‘ਚ ਆਪਣੀ ਭੂਮਿਕਾ ਨਿਭਾਉਂਦਿਆਂ ਮੰਚ ਸੰਚਾਲਣ ਕੀਤਾ।
ਸ੍ਰੀ ਗਰਗ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ‘ਚ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੇ ਸਮੁਚੇ ਠੇਕਿਆਂ ਦੇ 59 ਜੋਨ ਬਣਾਏ ਗਏ ਸਨ, ਜਿਨ੍ਹਾਂ ਲਈ 309 ਅਰਜ਼ੀਆਂ ਮੈਨੂਅਲ ਅਤੇ 79 ਅਰਜ਼ੀਆਂ ਬੈਕਾਂ ਦੁਆਰਾ ਪ੍ਰਾਪਤ ਹੋਈਆਂ ਹਨ। ਪਟਿਆਲਾ ਦੇ 28 ਜੋਨਾਂ ਲਈ 155 ਅਰਜ਼ੀਆਂ ਆਈਆਂ ਸਨ, ਜਦੋਂ ਕਿ ਰਾਜਪੁਰਾ ਦੇ 13 ਜੋਨਾਂ ਲਈ 103, ਨਾਭਾ ਦੇ 10 ਜੋਨਾਂ ਲਈ 42, ਸਮਾਣਾ ਦੇ 4 ਜੋਨਾਂ ਲਈ 4 ਅਤੇ ਪਾਤੜਾਂ ਦੇ 4 ਜੋਨਾਂ ਲਈ 5 ਅਰਜ਼ੀਆਂ ਆਈਆਂ ਸਨ, ਜਿਨ੍ਹਾਂ ਤੋਂ ਸਰਕਾਰ ਨੂੰ 79 ਲੱਖ 84,000 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।
ਠੇਕਿਆਂ ਦੇ ਡਰਾਅ ਕੱਢੇ ਜਾਣ ਮੌਕੇ ਸ੍ਰੀ ਪ੍ਰਮੋਦ ਸਿੰਗਲਾ, ਸ੍ਰੀ ਰਾਜੂ ਧਮੀਜਾ, ਸ੍ਰੀ ਵਿਜੇ ਗਰਗ, ਸ੍ਰੀਮਤੀ ਸੁਨੀਤਾ ਬੱਤਰਾ, ਸ੍ਰੀ ਹਰਸ਼ਿਤ ਨਾਰੰਗ, ਸ੍ਰੀਮਤੀ ਪਾਇਲ ਗੁਪਤਾ ਤੇ ਸ੍ਰੀਮਤੀ ਰਿਚਾ ਗੋਇਲ (ਸਾਰੇ ਈ.ਟੀ.ਓਜ ਟੈਕਸੇਸ਼ਨ) ਸਮੇਤ ਆਬਕਾਰੀ ਇੰਸਪੈਕਟਰਜ, ਡੀ.ਐਸ.ਪੀ. ਗੁਰਦੇਵ ਸਿੰਘ ਧਾਲੀਵਾਲ, ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ, ਐਸ.ਐਚ.ਓ. ਥਾਣਾ ਅਨਾਜ ਮੰਡੀ ਐਸ.ਆਈ. ਹੈਰੀ ਬੋਪਾਰਾਏ, ਆਬਕਾਰੀ ਤੇ ਕਰ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀਆਂ ਸਮੇਤ ਠੇਕੇ ਲੈਣ ਦੇ ਚਾਹਵਾਨ ਤੇ ਉਨ੍ਹਾਂ ਦੇ ਸਮਰਥਕ ਵੀ ਵੱਡੀ ਗਿਣਤੀ ‘ਚ ਹਾਜ਼ਰ ਸਨ।