Two blind murders solved by Patiala Police
April 18, 2018 - PatialaPolitics
ਪਟਿਆਲਾ, 18 ਅਪ੍ਰੈਲ :
ਸੀ.ਆਈ.ਏ. ਸਟਾਫ਼ ਨਾਭਾ ਦੀ ਪੁਲਿਸ ਨੇ ਕਰੀਬ 6 ਮਹੀਨੇ ਪਹਿਲਾਂ ਹੋਏ ਇੱਕ ਅੰਨ੍ਹੇ ਕਤਲ ਸਮੇਤ ਕਰੀਬ ਡੇਢ ਸਾਲ ਪਹਿਲਾਂ ਹੋਏ ਇੱਕ ਹੋਰ ਕਤਲ ਦੇ ਮਾਮਲੇ ਨੂੰ ਸੁਲਝਾ ਕੇ ਇਨ੍ਹਾਂ ਦੋਵੇਂ ਕਤਲਾਂ ‘ਚ ਸ਼ਾਮਲ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਖੁਲਾਸਾ ਪਟਿਆਲਾ ਪੁਲਿਸ ਦੇ ਐਸ.ਐਸ.ਪੀ. ਡਾ.ਐਸ. ਭੂਪਤੀ ਨੇ ਅੱਜ ਇਥੇ ਪੁਲਿਸ ਲਾਇਨ ਵਿਖੇ ਕੀਤੀ ਪ੍ਰੈਸ ਕਾਨਫਰੰਸ ‘ਚ ਕੀਤਾ।
ਡਾ. ਭੂਪਤੀ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਕਤਲਾਂ ਦੀ ਗੁੱਥੀ ਸੁਲਝਾਉਣ ‘ਚ ਸਫ਼ਲਤਾ ਪਟਿਆਲਾ ਪੁਲਿਸ ਦੇ ਐਸ.ਪੀ. ਜਾਂਚ ਸ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਤੇ ਡੀ.ਐਸ.ਪੀ ਜਾਂਚ ਸ. ਸੁਖਮਿੰਦਰ ਸਿੰਘ ਚੌਹਾਨ, ਡੀ.ਐਸ.ਪੀ. ਨਾਭਾ ਸ. ਚੰਦ ਸਿੰਘ ਅਤੇ ਇੰਚਾਰਜ ਸੀ.ਆਈ.ਏ ਸਟਾਫ ਨਾਭਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਐਸ.ਆਈ. ਹਰਿੰਦਰ ਸਿੰਘ ਤੇ ਏ.ਐਸ.ਆਈ. ਲਾਲ ਸਿੰਘ ਦੀ ਟੀਮ ਨੇ ਹਾਸਲ ਕੀਤੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਚ ਸ਼ੁਭਮ ਕੁਮਾਰ ਉਰਫ਼ ਅਮਨ ਕੁਮਾਰ ਉਰਫ਼ ਡਗਲਸ ਪੁੱਤਰ ਰਾਮ ਬਚਨ, ਰੋਹਿਤ ਕੁਮਾਰ ਉਰਫ਼ ਚਿੱਲੀ ਪੁੱਤਰ ਮੋਹਨ ਲਾਲ (ਦੋਵੇਂ ਨਾਬਾਲਗ) ਤੇ ਰਣਜੀਤ ਕੁਮਾਰ ਉਰਫ਼ ਨਾਟਾ ਪੁੱਤਰ ਰਾਮ ਚੇਤ ਵਾਸੀਅਨ ਖੱਟੜਾ ਕਲੋਨੀ ਨਾਭਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਕੇਸ ਆਪਸੀ ਰੰਜਸ਼ ਕਰਕੇ ਕੀਤੇ ਗਏ ਸਨ।
ਡਾ. ਭੂਪਤੀ ਨੇ ਦੱਸਿਆ ਕਿ ਮਿਤੀ 30 ਨਵੰਬਰ 2017 ਨੂੰ ਮੋਨਿਕਾ ਪਤਨੀ ਰਮਾਂਕਾਂਤ ਵਾਸੀ ਬੱਤਾ ਕਲੋਨੀ ਨਾਭਾ ਨੇ ਥਾਣਾ ਕੋਤਵਾਲੀ ਨਾਭਾ ਵਿਖੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ 25 ਸਾਲਾ ਪੁੱਤਰ ਸੁਨੀਲ ਕੁਮਾਰ 27/11/2017 ਦਾ ਗੁੰਮ ਹੈ। ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਦੌਰਾਨ ਸੁਨੀਲ ਦੀ, ਗਲ ਅਤੇ ਪੈਰ ਬੂਟਾਂ ਵਾਲੇ ਫੀਤੇ ਨਾਲ ਅਤੇ ਹੱਥ ਬੈਲਟ ਨਾਲ ਬੰਨ੍ਹੀ ਹੋਈ ਲਾਸ਼ 28 ਦਸੰਬਰ 2017 ਨੂੰ ਮੈਹਸ ਪੁਲ ਨੇੜਿਓਂ ਨਹਿਰ ਵਿੱਚੋਂ ਮਿਲੀ ਸੀ। ਜਿਸ ‘ਤੇ ਪੁਲਿਸ ਨੇ ਮੁਕਦਮਾ ਨੰਬਰ 124 ਮਿਤੀ 28/12/2017 ਨੂੰ ਥਾਣਾ ਕੋਤਵਾਲੀ ਵਿਖੇ ਧਾਰਾ 302, 201 ਆਈ.ਪੀ.ਸੀ. ਤਹਿਤ ਦਰਜ ਕੀਤਾ ਸੀ।
ਜ਼ਿਲ੍ਹਾ ਪੁਲਿਸ ਮੁਖੀ ਮੁਤਾਬਕ ਸੀ.ਆਈ.ਏ. ਨਾਭਾ ਦੀ ਟੀਮ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸ਼ੁਭਮ, ਰਣਜੀਤ ਤੇ ਰੋਹਿਤ ਸ਼ੱਕ ਦੇ ਘੇਰੇ ‘ਚ ਆਏ ਤੇ ਇਨ੍ਹਾਂ ਨੂੰ ਜਦੋਂ ਕਾਬੂ ਕੀਤਾ ਤਾਂ ਨ੍ਹਿਾਂ ਨੇ ਮੰਨ ਲਿਆ ਕਿ ਇਨ੍ਹਾਂ ਨੇ ਹੀ ਸੁਨੀਲ ਨੂੰ ਸ਼ਰਾਬ ਪਿਲਾ ਕੇ ਮੈਹਸ ਪੁਲ ਨੇੜੇ ਗਲਾ ਘੋਟ ਕੇ ਮਾਰ ਕੇ ਲਾਸ਼ ਖੁਰਦ-ਬੁਰਦ ਕਰਨ ਲਈ ਨਹਿਰ ‘ਚ ਰੋੜ੍ਹ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਰੰਜਸ ਇਹ ਨਿਕਲੀ ਕਿ ਸ਼ੁਭਮ ਡਗਲਸ, ਸੁਨੀਲ ਦੀ ਭੈਣ ‘ਤੇ ਮਾੜੀ ਅੱਖ ਰੱਖਦਾ ਸੀ ਤੇ ਸੁਨੀਲ ਇਸਦਾ ਵਿਰੋਧ ਕਰਦਾ ਸੀ, ਜਿਸ ਲਈ ਸੁਨੀਲ ਨੂੰ ਰਾਹ ਦਾ ਰੋੜਾ ਸਮਝ ਕੇ ਇਨ੍ਹਾਂ ਤਿੰਨਾਂ ਨੇ ਉਸ ਨੂੰ ਮਾਰ ਮੁਕਾਇਆ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਇਸੇ ਦੌਰਾਨ ਕੀਤੀ ਗਈ ਪੁੱਛ ਪੜਤਾਲ ਤੋਂ 17 ਦਸੰਬਰ 2016 ਨੂੰ ਗੁੰਮ ਹੋਏ 17 ਸਾਲਾ ਨੌਜਵਾਨ ਰੌਸ਼ਨ ਲਾਲ ਉਰਫ਼ ਤੋਤਾ ਪੁੱਤਰ ਮੁੱਟਰੂ ਰਾਮ ਵਾਸੀ ਖੱਟੜਾ ਕਲੋਨੀ ਨਾਭਾ ਦੇ ਕਤਲ ਦਾ ਮਾਮਲਾ ਵੀ ਸੁਲਝ ਗਿਆ। ਇਸ ਨੂੰ ਵੀ ਇਨ੍ਹਾਂ ਨੇ ਨਾਭਾ ਦੇ ਮਾਰੂਤੀ ਕਾਰ ਦੇ ਸ਼ੋਅਰੂਮ ਨੇੜੇ ਖਾਲੀ ਪਲਾਟਾਂ ‘ਚ ਬੁਲਾ ਕੇ ਪਰਨੇ ਨਾਲ ਉਸਦਾ ਗਲਾ ਘੋਟ ਕੇ ਮਾਰ ਦਿੱਤਾ ਅਤੇ ਲਾਸ਼ ਰੇਲ ਲਾਇਨ ‘ਤੇ ਸੁੱਟ ਦਿੱਤੀ ਸੀ, ਜੋ ਕਿ ਬੁਰੀ ਤਰ੍ਹਾਂ ਕੁਚਲੀ ਹੋਈ 18 ਦਸੰਬਰ 2016 ਨੂੰ ਬਰਾਮਦ ਹੋਈ ਸੀ। ਪੁਲਿਸ ਵੱਲੋਂ ਉਸ ਲਾਸ਼ ਦੀਆਂ ਮੌਕੇ ਤੋਂ ਖਿੱਚੀਆਂ ਤਸਵੀਰਾਂ ਤੋਂ ਰੌਸ਼ਨ ਦੇ ਪਿਤਾ ਨੇ ਆਪਣੇ ਪੁੱਤਰ ਦੀ ਸ਼ਨਾਖਤ ਕਰ ਲਈ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਵੀ ਇਹ ਸਾਹਮਣੇ ਆਇਆ ਸੀ ਕਿ ਰਣਜੀਤ ਨਾਟਾ ਦਾ ਰੌਸ਼ਨ ਨਾਲ ਕੋਈ ਝਗੜਾ ਹੋਇਆ ਸੀ ਤੇ ਉਸਦਾ ਬਦਲਾ ਲੈਣ ਲਈ ਉਸਨੂੰ ਕਤਲ ਕੀਤਾ ਗਿਆ ਸੀ। ਇਸ ਮਾਮਲੇ ‘ਚ ਵੀ ਥਾਣਾ ਕੋਤਵਾਲੀ ਵਿਖੇ ਮਿਤੀ 28/12/2016 ਨੂੰ ਧਾਰਾ 365 ਤਹਿਤ ਦਰਜ ਮਾਮਲੇ ‘ਚ ਧਾਰਾ 302 ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁਭਮ ਮਕੈਨਿਕ ਹੈ ਤੇ ਬਾਕੀ ਦੋਵੇਂ ਪੀ.ਓ.ਪੀ. ਦਾ ਕੰਮ ਕਰਦੇ ਸਨ। ਇਨ੍ਹਾਂ ਦਾ ਪੁਲਿਸ ਰੀਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।