Patiala to get new look via new roads

June 3, 2018 - PatialaPolitics

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਮੁੱਖ ਮੰਤਰੀ ਵੱਲੋਂ ਜਾਰੀ 115 ਕਰੋੜ ਦੀ ਗਰਾਂਟ ਨਾਲ ਪਟਿਆਲਾ ਸ਼ਹਿਰ ਦੀਆਂ ਸੜਕਾਂ ਦਾ ਕੰਮ ਜੰਗੀ ਪੱਧਰ ‘ਤੇ ਜਾਰੀ
*ਸੜਕਾਂ ਨੂੰ ਚੌੜਾ ਕਰਨ ਦੇ ਨਾਲ-ਨਾਲ ਫੁੱਟ ਪਾਥਾਂ ‘ਤੇ ਵੀ ਨਵੀਆਂ ਟਾਇਲਾਂ ਲੱਗਣਗੀਆਂ
*ਬਾਰਾਂਦਰੀ ਬਾਗ ਦੀਆਂ ਸੜਕਾਂ ਚੌੜੀਆਂ ਕਰਨ ਦਾ ਕੰਮ ਵੀ ਸ਼ੁਰੂ
ਪਟਿਆਲਾ, 3 ਜੂਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਪਟਿਆਲਾ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿਕਾਸ ਲਈ ਜਾਰੀ ਕੀਤੀ ਕਰੀਬ 115 ਕਰੋੜ ਰੁਪਏ ਦੀ ਰਾਸ਼ੀ ਨਾਲ ਸ਼ਹਿਰ ਤੇ ਨਾਲ ਲੱਗਦੇ ਇਲਾਕਿਆਂ ਦੀਆ ਸੜਕਾਂ ਦੀ ਮੁਰੰਮਤ ਤੇ ਅਪਗ੍ਰੇਡੇਸ਼ਨ ਸਮੇਤ 100 ਦੇ ਕਰੀਬ ਹੋਰਨਾਂ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਗਿਆ ਹੈ। ਜਿਆਦਾਤਰ ਪ੍ਰਮੁੱਖ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦੇ ਨਾਲ-ਨਾਲ ਫੁੱਟਪਾਥ ਤੇ ਸੈਂਟਰ ਬਰਜਾਂ ਨੂੰ ਵੀ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਟੁੱਟੀਆਂ ਗਰਿੱਲਾਂ ਨੂੰ ਬਦਲਿਆ ਜਾ ਰਿਹਾ ਹੈ। ਇਸ ਬਾਰੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਵਿਕਾਸ ਕਾਰਜਾਂ ਦੀ ਮੁੱਖ ਮੰਤਰੀ ਖੁਦ ਨਿਗਰਾਨੀ ਕਰ ਰਹੇ ਹਨ ਅਤੇ ਮੁੱਖ ਮੰਤਰੀ ਨੇ ਪਟਿਆਲਾ ਸ਼ਹਿਰ ਤੇ ਨਾਲ ਲੱਗਦੀਆਂ ਸਾਰੀਆਂ ਸੜਕਾਂ ਤੇ ਹੋਰ ਵਿਕਾਸ ਕਾਰਜ 30 ਜੂਨ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ। ਉਹਨਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਸਬੰਧਤ ਵਿਭਾਗਾਂ ਨੂੰ ਕੰਮ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਤੇ ਕੰਮ ਦੇ ਮਿਆਰ ਵੱਲ ਵਿਸ਼ੇਸ਼ ਧਿਆਨ ਰੱਖਣ ਦੇ ਆਦੇਸ਼ ਵੀ ਦਿੱਤੇ ਹਨ।
ਮੁੱਖ ਮੰਤਰੀ ਵੱਲੋਂ ਜਾਰੀ ਕੀਤੀ ਗਈ ਇਸ 115 ਕਰੋੜ ਦੀ ਗਰਾਂਟ ਨਾਲ ਸ਼ੁਰੂ ਹੋਏ ਇਹਨਾਂ ਵਿਕਾਸ ਕਾਰਜਾਂ ਬਾਰੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਦਾ ਕਹਿਣਾ ਹੈ ਕਿ 464.44 ਲੱਖ ਰੁਪਏ ਦੀ ਲਾਗਤ ਨਾਲ ਪਟਿਆਲਾ- ਸਨੌਰ ਸੜਕ ‘ਤੇ ਪ੍ਰੀਮਿਕਸ ਪਾਇਆ ਗਿਆ ਉੱਥੇ ਹੀ ਪਟਿਆਲਾ ਬੱਸ ਸਟੈਂਡ ਤੋਂ ਰਾਜਪੁਰਾ ਬਾਈਪਾਸ ਸੜਕ ‘ਤੇ ਵੀ 667.46 ਲੱਖ ਰੁਪਏ ਨਾਲ ਪ੍ਰੀਮਿਕਸ ਪਾਇਆ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਤੋਂ ਪਿਹੋਵਾ ਸੜਕ (ਬਾਈਪਾਸ ਤੱਕ) ਨੂੰ 589.51 ਲੱਖ ਰੁਪਏ ਨਾਲ ਅਤੇ 260.97 ਲੱਖ ਰੁਪਏ ਦੀ ਲਾਗਤ ਨਾਲ ਉੱਤਰੀ ਬਾਈਪਾਸ ਨੂੰ ਮਜਬੂਤ ਕੀਤਾ ਗਿਆ ਹੈ। ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਤੋਂ ਉੱਤਰੀ ਬਾਈਪਾਸ ਤੱਕ ਪਟਿਆਲਾ ਸਰਹਿੰਦ ਰੋਡ ‘ਤੇ 428.46 ਲੱਖ ਦੀ ਲਾਗਤ ਨਾਲ ਪ੍ਰੀਮਿਕਸ ਪਾ ਕੇ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਸਾਰੀਆਂ ਸੜਕਾਂ ‘ਤੇ ਮਿਆਰੀ ਪ੍ਰੀਮਿਕਸ ਪਾਉਣ ਦੇ ਨਾਲ-ਨਾਲ ਸੈਂਟਰ ਬਰਜਾਂ ਅਤੇ ਫੁੱਟਪਾਥਾਂ ‘ਤੇ ਨਵੀਆਂ ਟਾਈਲਾਂ ਲਗਾਈਆਂ ਗਈਆਂ ਹਨ ਅਤੇ ਟੁੱਟੀਆ ਗਰਿਲਾਂ ਨੂੰ ਬਦਲਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੀ ਪ੍ਰਮੁੱਖ ਸੜਕ ਭੁਪਿੰਦਰਾ ਰੋਡ ਨੂੰ ਥਾਪਰ ਕਾਲਜ ਤੇ ਲੀਲਾ ਭਵਨ ਤੋਂ ਫੁਹਾਰਾ ਚੌਂਕ ਤੱਕ 527.60 ਲੱਖ ਦੀ ਲਾਗਤ ਨਾਲ ਪ੍ਰੀਮਿਕਸ ਪਾ ਕੇ ਮਜਬੂਤ ਕੀਤਾ ਗਿਆ ਹੈ। ਇਸੇ ਤਰ੍ਹਾਂ ਫੁਹਾਰਾ ਚੌਂਕ ਤੋਂ ਮਹਿੰਦਰਾ ਕਾਲਜ ਸੜਕ ‘ਤੇ 756 ਲੱਖ ਰੁਪਏ ਨਾਲ ਪ੍ਰੀਮਿਕਸ ਪਾਇਆ ਗਿਆ ਹੈ ਅਤੇ ਗੁਰਦੁਆਰਾ ਸ੍ਰ੍ਰੀ ਦੁੱਖ ਨਿਵਾਰਣ ਸਾਹਿਬ ਚੌਂਕ ਤੋਂ ਲੀਲਾ ਭਵਨ ਤੱਕ ਦੀ ਸੜਕ ‘ਤੇ 328 ਲੱਖ ਦੀ ਲਾਗਤ ਨਾਲ ਪ੍ਰੀਮਿਕਸ ਪਾ ਕੇ ਫੁੱਟ ਪਾਥਾਂ ਨੂੰ ਵੀ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਗਰਾਂਟ ਨਾਲ ਸੀਸ ਮਹਿਲ ਤੋਂ ਘਲੋੜੀ ਗੇਟ, ਐਨ.ਆਈ.ਐਸ. ਚੌਂਕ ਤੋ ਡਕਾਲਾ ਰੋਡ ਬਾਈਪਾਸ, ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਤੋਂ ਰੇਲਵੇ ਸਟੇਸ਼ਨ ਤੱਕ ਦੀ ਸੜਕ ‘ਤੇ ਨਵਾਂ ਪ੍ਰੀਮਿਕਸ ਪਾਇਆ ਗਿਆ ਹੈ।
ਪਟਿਆਲਾ ਸ਼ਹਿਰ ਨੂੰ ਬੇਹਤਰ ਆਵਾਜਾਈ ਸਹੂਲਤਾਂ ਲਈ ਬਣਾਈਆਂ ਜਾ ਰਹੀਆਂ ਇਹਨਾਂ ਪ੍ਰਮੁੱਖ ਸੜਕਾਂ ਵਿੱਚ 323.11 ਲੱਖ ਦੀ ਲਾਗਤ ਨਾਲ ਬਾਰਾਂਦਰੀ ਬਾਗ ਦੀਆਂ ਸਾਰੀਆਂ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ ਤੇ ਪ੍ਰੀਮਿਕਸ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਫੁੱਟ ਪਾਥ ‘ਤੇ ਨਵੀਆਂ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੋਂ ਐਨ.ਆਈ.ਐਸ. ਚੌਂਕ ਤੱਕ ਦੀ ਸੜਕ ਨੂੰ ਚੌੜਾ ਕਰਕੇ ਪ੍ਰੀਮਿਕਸ ਪਾਇਆ ਗਿਆ ਹੈ ਅਤੇ ਇਸ ‘ਤੇ 482.96 ਲੱਖ ਰੁਪਏ ਖਰਚੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੱਸ ਸਟੈਂਡ ਤੋਂ ਭਾਖੜਾ ਮੇਨ ਲਾਈਨ ਵਾਇਆ ਮਿਲਟਰੀ ਏਰੀਆਂ (ਸੰਗਰੂਰ ਸੜਕ) ‘ਤੇ 454 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਇਆ ਗਿਆ ਹੈ ਅਤੇ ਭਾਖੜਾ ਨਹਿਰ ਤੋਂ ਨਵੇਂ ਸੰਗਰੂਰ ਬਾਈਪਾਸ ‘ਤੇ 58 ਲੱਖ ਰੁਪਏ ਨਾਲ ਪ੍ਰੀਮਿਕਸ ਪਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੰਦਰੂਨੀ ਸ਼ਹਿਰ ਵਿੱਚ ਹਨੂੰਮਾਨ ਮੰਦਰ ਤੋਂ ਮਾਈ ਜੀ ਦੀ ਸਰਾਂ, ਦਰਸ਼ਨੀ ਗੇਟ ਤੋਂ ਸਰਹੰਦੀ ਬਾਜਾਰ, ਕੈਪੀਟਲ ਸਿਨੇਮਾ ਤੋਂ ਕੋਹਲੀ ਟਰਾਂਸਪੋਰਟ, ਭਾਸ਼ਾ ਵਿਭਾਗ ਤੋਂ ਪੁਰਾਣੀ ਅਨਾਜ ਮੰਡੀ, ਕੜਾਹਵਾਲਾ ਚੌਂਕ ਤੋਂ ਹਨੂੰਮਾਨ ਮੰਦਰ, ਤਫ਼ਜਲਪੁਰਾ ਰੋਡ, ਪੀ.ਆਰ.ਟੀ.ਸੀ. ਵਰਕਸ਼ਾਪ ਤੋਂ ਬੱਸ ਸਟੈਂਡ, ਬਚਨ ਢਾਬਾ ਤੋਂ ਲੇਡੀ ਫਾਤਮਾ ਸਕੂਲ, ਖਾਲਸਾ ਕਾਲਜ ਸੜਕ ਤੋਂ ਬਡੂੰਗਰ ਚੌਂਕ, ਅਬਲੋਵਾਲ ਮੁੱਖ ਸੜਕ, ਐਸ.ਐਸ.ਟੀ. ਪੁਲੀ ਤੇ ਰਾਮ ਨਗਰ ਚੌਂਕ ਸਮੇਤ ਪਟਿਆਲਾ ਸ਼ਹਿਰ ਦੀਆਂ ਸਾਰੀਆਂ ਸੜਕਾਂ ‘ਤੇ ਪ੍ਰੀਮਿਕਸ ਪਾ ਕੇ ਸੜਕਾਂ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੀਆਂ ਲਗਭੱਗ ਸਾਰੀਆਂ ਸੜਕਾਂ ਦੀ ਮੁਰੰਮਤ ਕਰਕੇ ਉਹਨਾਂ ਉੱਪਰ ਪ੍ਰੀਮਿਕਸ ਪਾਇਆ ਜਾਵੇਗਾ ਅਤੇ ਪੂਰੇ ਸ਼ਹਿਰ ਦੀਆ ਸਾਰੀਆਂ ਪੁਰਾਣੀਆ ਸਟਰੀਟ ਲਾਈਟਾਂ ਨੂੰ ਐਲ.ਈ.ਡੀ. ਲਾਈਟਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।