Army recruitment in Patiala from 1-13 August 2018

July 11, 2018 - PatialaPolitics

ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਭਾਰਤੀ ਫ਼ੌਜ ‘ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ 1 ਅਗਸਤ ਤੋਂ 13 ਅਗਸਤ 2018 ਤੱਕ ਕਰਵਾਈ ਜਾ ਰਹੀ ਭਰਤੀ ਰੈਲੀ ‘ਚ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਹਿੱਸਾ ਲੈ ਸਕਣਗੇ। ਇਸ ਲਈ ਆਨ ਲਾਇਨ ਰਜਿਸਟ੍ਰੇਸ਼ਨ 15 ਜੁਲਾਈ ਤਕ ਜਾਰੀ ਹੈ ਤੇ ਹੁਣ ਤੱਕ 25 ਹਜ਼ਾਰ ਤੋਂ ਜਿਆਦਾ ਨੌਜਵਾਨਾਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ।
ਇਸ ਭਰਤੀ ਰੈਲੀ ਦੀਆਂ ਤਿਆਰੀਆਂ ਵਜੋਂ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ (ਜ) ਸ. ਸੂਬਾ ਸਿੰਘ ਨੇ ਦੱਸਿਆ ਕਿ ਨੇੜਲੇ ਜ਼ਿਲ੍ਹਿਆਂ ਦੇ ਉਮੀਦਵਾਰਾਂ ਨੂੰ ਸੰਗਰੂਰ ਰੋਡ ‘ਤੇ ਸਥਿਤ ਭਰਤੀ ਵਾਲੇ ਸਥਾਨ ‘ਤੇ ਲਿਆਉਣ ਲਈ ਪੀ.ਆਰ.ਟੀ.ਸੀ. ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਉਮੀਦਵਾਰ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰ ਪਟਿਆਲਾ ਦੇ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਅਤੇ ਸਿਵਲ ਲਾਇਨਜ ਸਕੂਲ ਸਮੇਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਅਤੇ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ ਸੰਗਰੂਰ ਰੋਡ ਵਿਖੇ ਠਹਿਰ ਸਕਣਗੇ।
ਸ. ਸੂਬਾ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਤੰਦਰੁਸਤ ਬਨਾਉਣ ਸਮੇਤ ਘਰ-ਘਰ ਰੋਜ਼ਗਾਰ ਦੀ ਮੁਹਿੰਮ ਤਹਿਤ ਇਸ ਭਰਤੀ ਰੈਲੀ ਲਈ ਜ਼ਿਲ੍ਹਾ ਪ੍ਰਸਾਸ਼ਨ ਦੀ ਤਰਫ਼ੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਇਸ ‘ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਸਾਫ਼ ਸਫ਼ਾਈ, ਪੀਣ ਵਾਲਾ ਪਾਣੀ ਅਤੇ ਰੌਸ਼ਨੀ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਦੋਂਕਿ ਸਿਵਲ ਸਰਜਨ ਵੱਲੋਂ ਓ.ਆਰ.ਐਸ. ਦੇ ਪੈਕੇਟ, ਐਂਬੂਲੈਂਸ, ਮੁਢਲੀ ਸਹਾਇਤਾ ਅਤੇ ਮੈਡੀਕਲ ਟੀਮ, ਪੁਲਿਸ ਨੂੰ ਸੁਰੱਖਿਆ ਤੇ ਟ੍ਰੈਫਿਕ ਵਿਵਸਥਾ, ਲੋਕ ਨਿਰਮਾਣ ਨੂੰ ਟਾਇਲਟਸ ਆਦਿ ਤੇ ਮੰਡੀ ਬੋਰਡ ਨੂੰ ਪੀਣ ਵਾਲੇ ਪਾਣੀ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸੇ ਦੌਰਾਨ ਆਰਮੀ ਭਰਤੀ ਡਾਇਰੈਕਟਰ ਕਰਨਲ ਅਨਿਲ ਐਮ. ਵਰਗੀਸ ਨੇ ਦੱਸਿਆ ਕਿ ਇਸ ਭਰਤੀ ‘ਚ ਹਿੱਸਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ਆਨ ਲਾਇਨ ਰਜਿਸਟ੍ਰੇਸ਼ਨ ਵੈਬਸਾਇਟ www.joinindianarmy.nic.in ‘ਤੇ ਕਰਵਾਉਣੀ ਜਰੂਰੀ ਹੈ ਅਤੇ ਇਹ 1 ਜੂਨ ਤੋਂ ਚਾਲੂ ਹੋ ਗਈ ਹੈ ਜੋ ਕਿ 15 ਜੁਲਾਈ 2018 ਤੱਕ ਜਾਰੀ ਰਹੇਗੀ।
ਕਰਨਲ ਅਨਿਲ ਨੇ ਦੱਸਿਆ ਕਿ ਪਟਿਆਲਾ-ਸੰਗਰੂਰ ਰੋਡ ‘ਤੇ ਸਥਿਤ ਫ਼ਲਾਇੰਗ ਕਲੱਬ ਪਟਿਆਲਾ ਦੇ ਸਾਹਮਣੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ ਵਿਖੇ ਹੋਣ ਵਾਲੀ ਇਸ ਭਰਤੀ ਰੈਲੀ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ, ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ (ਐਸ.ਕੇ.ਟੀ.) ਅਤੇ ਸਿਪਾਹੀ ਟ੍ਰੇਡਸਮੈਨ ਦੀ ਭਰਤੀ ਕੀਤੀ ਜਾਵੇਗੀ।
ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਲਈ ਉਮਰ (ਜਨਮ 1 ਅਕੂਤਬਰ 1997 ਤੋਂ 1 ਅਪ੍ਰੈਲ 2001) ਸਾਢੇ 17 ਤੋਂ 21 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਦਸਵੀਂ 45 ਫ਼ੀਸਦੀ ਅੰਕਾਂ ਨਾਲ ਤੇ ਬਾਰਵੀਂ ਕੀਤੇ ਹੋਣ ‘ਤੇ 10ਵੀਂ ‘ਚ ਫ਼ੀਸਦੀ ਅੰਕਾਂ ਦੀ ਕੋਈ ਸ਼ਰਤ ਨਹੀਂ। ਸਿਪਾਹੀ ਤਕਨੀਕੀ ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਬਾਰਵੀਂ ਸਾਇੰਸ ਵਿਸ਼ਿਆਂ ਫ਼ਿਜਿਕਸ, ਕੈਮਿਸਟਰੀ, ਮੈਥ ਤੇ ਅੰਗਰੇਜੀ 50 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ।
ਸਿਪਾਹੀ ਨਰਸਿੰਗ ਸਹਾਇਕ/ਨਰਸਿੰਗ ਸਹਾਇਕ ਵੈਟਰਨਰੀ ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਬਾਰਵੀਂ ਸਾਇੰਸ ਵਿਸ਼ਿਆਂ ਫ਼ਿਜਿਕਸ, ਕੈਮਿਸਟਰੀ, ਬਾਇਲੋਜੀ ਤੇ ਅੰਗਰੇਜੀ 50 ਫ਼ੀਸਦੀ ਅੰਕਾਂ ਨਾਲ ਜਾਂ ਬੀਐਸਸੀ ਬਾਟਨੀ, ਜੂਆਲੋਜੀ, ਬਾਇਲੋਜੀ ਤੇ ਅੰਗਰੇਜੀ ਵਿਸ਼ਿਆਂ ਨਾਲ ਪਾਸ ਹੋਵੇ।
ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ (ਐਸ.ਕੇ.ਟੀ.) ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 162 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਬਾਰਵੀਂ ਆਰਟਸ, ਕਾਮਰਸ ਜਾਂ ਸਾਇੰਸ ਵਿਸ਼ਿਆਂ ‘ਚ 60 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ। ਜਦੋਂਕਿ ਸਿਪਾਹੀ ਟ੍ਰੇਡਸਮੈਨ ਲਈ ਵੀ ਉਪਰੋਕਤ ਉਮਰ ਤੇ ਕੱਦ, ਭਾਰ ਤੇ ਛਾਤੀ ਵਾਲੇ ਉਮੀਦਵਾਰ ਨੇ 10ਵੀਂ ਜਾਂ ਆਈ.ਟੀ.ਆਈ. ਸਾਇਸ, ਮੈਸ ਤੇ ਹਾਊਸ ਕੀਪਿੰਗ ‘ਚ ਕੀਤੀ ਹੋਵੇ।
ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਸਮੇਤ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਲਈ ਨਿਯਮਾਂ ਮੁਤਾਬਕ ਕੱਦ, ਭਾਰ ਤੇ ਛਾਤੀ ‘ਚ ਛੋਟ ਹੋਵੇਗੀ ਜਦੋਂਕਿ ਰੈਲੀ ਦੀ ਜਗ੍ਹਾ ‘ਤੇ ਫ਼ਿਜੀਕਲ ਫਿਟਨੈਸ ਦਿਖਾਉਂਦਿਆਂ 1.6 ਕਿਲੋਮੀਟਰ ਦੌੜ, ਪੁਲਅੱਪਸ, 9 ਫੁੱਟ ਖੱਡਾ, ਜਿਗਜੈਗ ਬੈਲੈਂਸ ਆਦਿ ਟੈਸਟ ਪਾਸ ਕਰਨ ਵਾਲਿਆਂ ਦਾ ਮੈਡੀਕਲ ਹੋਵੇਗਾ ਅਤੇ ਬਾਅਦ ‘ਚ ਲਿਖਤੀ ਟੈਸਟ (ਸੀਈਈ) ਵੀ ਪਾਸ ਕਰਨਾ ਪਵੇਗਾ ਪਰ ਇਸ ਟੈਸਟ ‘ਚ ਨੈਗੇਟਿਵ ਮਾਰਕਿੰਗ ਹੋਵੇਗੀ ਅਤੇ ਇਸ ਦਾ ਨਤੀਜਾ ਆਰਮੀ ਦੀ ਵੈਬਸਾਇਟ ‘ਤੇ ਪਾ ਦਿੱਤਾ ਜਾਵੇਗਾ। ਹੋਰ ਵਧੇਰੇ ਜਾਣਕਾਰੀ ਲਈ ਹੈਲਪ ਲਾਇਨ ਨੰਬਰ 0175-2300013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਆਰਮੀ ‘ਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ ‘ਤੇ ਕੀਤੀ ਹੀ ਜਾਂਦੀ ਹੈ, ਇਸ ਲਈ ਉਮੀਦਵਾਰ ਇਸ ਭਰਤੀ ਲਈ ਕਿਸੇ ਨੂੰ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ ਅਤੇ ਕਿਸੇ ਤਰ੍ਹਾਂ ਦੇ ਟਾਊਟਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਹੋਰ ਦੱਸਿਆ ਕਿ ਉਮੀਦਵਾਰ ਕਿਸੇ ਕਿਸਮ ਦਾ ਨਸ਼ਾ ਨਾ ਵਰਤਦਾ ਹੋਵੇ ਅਤੇ ਉਸਦੇ ਸਰੀਰ ਉਪਰ ਕਿਸੇ ਕਿਸਮ ਦਾ ਟੈਟੂ ਵੀ ਨਹੀਂ ਛਪਿਆ ਹੋਣਾਂ ਚਾਹੀਦਾ।
ਕਰਨਲ ਅਨਿਲ ਨੇ ਹੋਰ ਦੱਸਿਆ ਕਿ ਉਮੀਦਵਾਰ ਆਪਣੇ ਦਾਖਲਾ ਪੱਤਰ ਲੇਜ਼ਰ ਪ੍ਰਿੰਟਰ ‘ਤੇ ਕਢਵਾ ਕੇ ਆਪਣੇ ਦਸਤਾਵੇਜਾਂ ਦੀਆਂ ਤਸਦੀਕਸ਼ੁਦਾ ਦੋ-ਦੋ ਕਾਪੀਆਂ ਸਮੇਤ 20 ਫੋਟੋਗ੍ਰਾਫ਼ਸ ਸਮੇਤ ਰਿਹਾਇਸ਼, ਜਾਤੀ, ਧਰਮ, ਆਚਰਣ, ਕੁਆਰਾ, ਸਾਬਕਾ ਸੈਨਿਕਾਂ ਨਾਲ ਸਬੰਧ ਵਾਲੇ ਸਰਟੀਫਿਕੇਟ ਰੈਲੀ ਵਾਲੀ ਥਾਂ ‘ਤੇ ਲੈਕੇ ਆਉਣਗੇ। ਭਰਤੀ ਡਾਇਰੈਕਟਰ ਨੇ ਉਮੀਦਵਾਰਾਂ ਨੂੰ ਆਪਣੇ ਖਾਣ-ਪੀਣ ਲਈ ਜਰੂਰੀ ਵਸਤਾਂ ਨਾਲ ਲੈਕੇ ਆਉਣ ਦੀ ਸਲਾਹ ਦਿੱਤੀ ਹੈ ਪਰ ਮੁਬਾਇਲ ਨਾਲ ਨਹੀਂ ਲਿਆਂਦਾ ਜਾ ਸਕੇਗਾ।