Patiala health alert: Hospitals asked to gear up to tackle swine flu

December 6, 2023 - PatialaPolitics

Patiala health alert: Hospitals asked to gear up to tackle swine flu

ਪਟਿਆਲਾ, 06 ਦਸੰਬਰ ( )-ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਸਵਾਈਨ ਫਲੂ ਇੱਕ ਨੋਟੀਫਾਈਏਬਲ ਡਜੀਜ ਘੋਸ਼ਿਤ ਕੀਤੀ ਗਈ ਹੈ।ਜਿਸ ਅਨੁਸਾਰ ਜਿਲੇ੍ਹ ਦੇ ਹਰੇਕ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਜਾਂ ਲੈਬਾਟਰੀ ਵੱਲੋਂ ਸਵਾਈਨ ਫਲੂ ਦੇ ਸ਼ਕੀ ਜਾਂ ਪੋਜਟਿਵ ਮਰੀਜਾਂ ਦੀ ਸੂਚਨਾ ਜਿਲ੍ਹਾ ਸਿਹਤ ਵਿਭਾਗ ਨੂੰ ਦੇਣੀ ਲਾਜਮੀ ਹੈ ।ਇਸ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਅਤੇ ਸਵਾਈਨ ਫਲੂ ਦੇ ਮਰੀਜਾਂ ਦੇ ਇਲਾਜ ਦੀਆਂ ਤਿਆਰੀਆਂ ਸਬੰਧੀ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਮੂਹ ਸਰਕਾਰੀ ਸਿਹਤ ਸੰਸਥਾਂਵਾ ਅਤੇ ਪ੍ਰਾਈਵੇਟ ਹਸਪਤਾਲਾ / ਲੈਬਾਟਰੀਆਂ ਨੂੰ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਹਰੇਕ ਹਸਪਤਾਲ ਵਿੱਚ ਫਲੂ ਦੇ ਮਰੀਜਾਂ ਲਈ ਇੱਕ ਵਖਰਾ ਫਲੂ ਕਾਰਨਰ ਬਣਾਇਆ ਜਾਵੇ ਤਾਂ ਜੋ ਮਰੀਜ ਨੂੰ ਦੂਜੇ ਮਰੀਜਾਂ ਤੋਂ ਵੱਖਰਾ ਰੱਖਿਆਂ ਜਾ ਸਕੇ।ਹਸਪਤਾਲਾਂ ਵਿੱਚ ਮਰੀਜਾਂ ਦੇ ਦਾਖਲੇ ਦੋਰਾਣ ਇਲਾਜ ਲਈ ਵੱਖਰੇ ਵਾਰਡ ਬਣਾਏ ਜਾਣ।ਸਵਾਈਨ ਫਲੂ ਦੇ ਕੇਸਾਂ ਦੀ ਸੁਚਨਾ ਜਿਲਾ ਸਿਹਤ ਵਿਭਾਗ ਨੂੰ ਦੇਣ ਲਈ ਹਰੇਕ ਹਸਪਤਾਲ ਨੋਡਲ ਅਫਸਰ ਨਿਉਕਤ ਕਰਨ।ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਕਿਹਾ ਕਿ ਸਵਾਈਨ ਫਲੂ ਇਕ ਵਾਇਰਲ ਬੁਖਾਰ ਹੈ ਜੋ ਕਿ ਐਚ1ਐਨ1 ਵਾਇਰਸ ਨਾਲ ਹੁੰਦਾ ਹੈ ਜਿਸ ਦੀ ਲਾਗ ਇਕ ਵਿਅਕਤੀ ਤੋ ਦੂਜੇ ਵਿਅਕਤੀ ਨੂੰ ਸਾਹ ਰਾਹੀ ਹੁੰਦੀ ਹੈ ।ਇਸ ਲਈ ਇਸ ਬਿਮਾਰੀ ਤੋ ਬਚਣ ਲਈ ਖੰਘਣ, ਛਿੱਕ ਮਾਰਨ ਵੇਲੇ ਮੂੰਹ ਤੇ ਕੱਪੜਾ, ਰੁਮਾਲ ਜਾਂ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ਤੇਜ ਬੁਖਾਰ, ਖਾਂਸੀ ਜੁਕਾਮ, ਛਿੱਕਾ ਆਉਣੀਆਂ, ਨੱਕ ਵਗਣਾ, ਗਲੇ ਵਿਚ ਦਰਦ, ਸਾਹ ਲੈਣ ਵਿਚ ਤਕਲੀਫ, ਸ਼ਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਸਵਾਈਨ ਫਲੂ ਦੀਆਂ ਨਿਸ਼ਾਨੀਆਂ ਹਨ। ਇਸ ਲਈ ਕਿਸੇ ਵੀ ਕਿਸਮ ਦਾ ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾਂ ਦੇ ਡਾਕਟਰ ਨਾਲ ਸਪੰਰਕ ਕੀਤਾ ਜਾਵੇ ਅਤੇ ਬਿਨਾ ਡਾਕਟਰੀ ਜਾਂਚ ਤੋ ਦਵਾਈ ਨਾ ਲਈ ਜਾਵੇ। ਅਜਿਹੀਆਂ ਨਿਸ਼ਾਨੀਆਂ ਵਾਲੇ ਮਰੀਜਾਂ ਨੂੰ ਵੱਧ ਤੋ ਵੱਧ ਆਰਾਮ ਕਰਨ ਅਤੇ ਚੰਗਾ ਪੋਸ਼ਟਿਕ ਭੋਜਨ ਦੀ ਜਰੂਰਤ ਹੁੰਦੀ ਹੈ।

ਜਿਲ੍ਹਾ ਐਪੀਡੋਮੋਲੋਜਿਸਟ ਆਈ.ਡੀ.ਐਸ.ਪੀ. ਡਾ. ਦਿਵਜੌਤ ਸਿੰਘ ਨੇ ਕਿਹਾ ਕਿ ਸਵਾਇਨ ਫਲੂ ਦੇ ਮਰੀਜਾਂ ਨੂੰ 3 ਭਾਗਾ ਏ, ਬੀ ਅਤੇ ਸੀ ਵਿਚ ਵੰਡਿਆ ਗਿਆ ਹੈ।ਜਿਸ ਵਿਚੋਂ ਕੈਟਾਗਿਰੀ ਏ ਦੇ ਮਰੀਜ਼ ਉਹ ਹਨ ਜਿਨ੍ਹਾਂ ਨੂੰ ਖਾਂਸੀ, ਜੁਕਾਮ ਤੇ ਹਲਕਾ ਬੁਖਾਰ ਹੁੰਦਾ ਹੈ। ਇਨ੍ਹਾਂ ਮਰੀਜ਼ਾਂ ਨੂੰ ਕੋਈ ਦਵਾਈ ਦੀ ਜਰੂਰਤ ਨਹੀ ਹੁੰਦੀ ।ਇਹਨਾਂ ਮਰੀਜ਼ਾਂ ਨੂੰ ਘਰ ਵਿਚ ਹੀ ਅਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਚੰਗੀ ਖੁੱਰਾਕ ਤੇ ਤਰਲ ਪਦਾਰਥਾਂ ਦੀ ਵਰਤੋਂ ਵੱਧ ਤੋ ਵੱਧ ਕਰਨ ਲਈ ਕਿਹਾ ਜਾਂਦਾ ਹੈ।ਕੈਟਾਗਿਰੀ ਬੀ ਵਿਚ ਉਹ ਮਰੀਜ ਆਉਂਦੇ ਹਨ ਜਿਨ੍ਹਾਂ ਨੂੰ ਖਾਂਸੀ ਜੁਕਾਮ ਦੇ ਨਾਲ-ਨਾਲ ਬਹੁਤ ਤੇਜ਼ ਬੁਖਾਰ ਹੁੰਦਾ ਹੈ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ।ਜਿਵੇਂ ਕਿ ਦਿਲ, ਗੁਰਦੇ, ਲੀਵਰ, ਸ਼ੂਗਰ ਦੇ ਮਰੀਜ, 65 ਸਾਲ ਤੋਂ ਵੱਡੇ ਬਜੁਰਗ, ਜਿਹੜੇ ਸਟੀਰੋਇਡ ਥੈਰੇਪੀ ਤੇ ਹਨ ਅਤੇ ਹੋਰ ਕੋਈ ਗੰਭੀਰ ਬਿਮਾਰੀ ਨਾਲ ਪੀੜ੍ਹਤ ਹਨ।ਉੁਨ੍ਹਾਂ ਸਾਰੇ ਮਰੀਜਾਂ ਨੂੰ ਟੈਮੀਫਲਿਊ (ਓਸਲਟੈਮੀਵੀਰ) ਦਵਾਈ ਦੇਣ ਦੀ ਲੋੜ ਹੈ। ਏ ਅਤੇ ਬੀ ਕੈਟਾਗਿਰੀ ਲਈ ਕੋਈ ਟੈਸਟ ਦੀ ਜਰੂਰਤ ਨਹੀ ਹੈ।ਕੈਟਾਗਿਰੀ ਸੀ ਵਿਚ ਉਹ ਮਰੀਜ਼ ਆਉਂਦੇ ਹਨ, ਜਿਨ੍ਹਾਂ ਨੂੰ ਕੈਟਾਗਿਰੀ ਏ. ਅਤੇ ਬੀ. ਦੇ ਲੱਛਣਾਂ ਦੇ ਨਾਲ-ਨਾਲ ਸਾਹ ਲੈਣ ਵਿਚ ਤਕਲੀਫ, ਬਲਗਮ ਵਿਚ ਖੂਨ, ਆਕਸੀਜਨ ਲੈਵਲ ਦਾ ਘੱਟ ਜਾਣਾ, ਉਲਟੀਆਂ, ਟੱਟੀਆਂ ਅਤੇ ਹੱਥਾਂ ਤੇ ਪੈਰਾਂ ਦੇ ਨਹੁੰਆਂ ਦਾ ਨੀਲਾ ਹੋਣਾ ਆਦਿ ਲੱਛਣ ਹਨ। ਉਨ੍ਹਾਂ ਮਰੀਜਾਂ ਨੂੰ ਹਸਪਤਾਲ ਵਿਚ ਦਾਖਲ ਕਰਨ ਦੀ ਲੋੜ ਹੁੰਦੀ ਹੈ ਜਿਥੇ ਕਿ ਉਨ੍ਹਾਂ ਦਾ ਟੈਸਟ ਲੈ ਕੇ ਦਵਾਈ ਸ਼ੁਰੂ ਕੀਤੀ ਜਾਂਦੀ ਹੈ।ਉਹੁਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਖੰਘਣ, ਛਿੱਕ ਮਾਰਨ ਵੇਲੇ ਮੂੰਹ ਤੇ ਕੱਪੜਾ ਜਾਂ ਰੁਮਾਲ ਤੀ ਵਰਤੋਂ ਕਰਨ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾਂ ਯਕੀਨੀ ਬਣਾਉਣ।ਉੁਹਨਾਂ ਕਿਹਾ ਕਿ ਸਵਾਈਨ ਫਲੂ ਦੀ ਜਾਂਚ ਲਈ ਸ਼ਕੀ ਮਰੀਜਾਂ ਦੇ ਸਵੈਬ ਸੈਂਪਲ ਰਾਜਿੰਦਰਾ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ ਅਤੇ ਇਸ ਦੇ ਇਲਾਜ ਲਈ ਦਵਾਈ ਸਾਰੇ ਸਰਕਾਰੀ ਹਸਪਤਾਲਾ ਵਿਚ ਮੁੱਫਤ ਉਪਲਭਧ ਹੈ।