Rozgaar Mela 2018 Patiala schedule
November 9, 2018 - PatialaPolitics
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਅਤੇ ਪੰਜਾਬ ਸਰਕਾਰ ਦੇ ਵਕਾਰੀ ਮਿਸ਼ਨ ‘ਘਰ-ਘਰ ਰੁਜ਼ਗਾਰ’ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਮਨਮਰਜ਼ੀ ਦੇ ਰੁਜ਼ਗਾਰ ਮੁਹੱਈਆ ਕਰਾਉਣ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਜ਼ਿਲ੍ਹੇ ‘ਚ 5 ਰੋਜ਼ਗਾਰ ਮੇਲੇ ਲਗਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 12 ਅਤੇ 16 ਨਵੰਬਰ ਨੂੰ ਆਈ.ਟੀ.ਆਈ. ਲੜਕੇ ਪਟਿਆਲਾ, 14 ਨਵੰਬਰ ਨੂੰ ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਪਟਿਆਲਾ, 15 ਨਵੰਬਰ ਨੂੰ ਥਾਪਰ ਪੋਲੀਟੈਕਨਿਕ ਕਾਲਜ ਪਟਿਆਲਾ ਅਤੇ 17 ਨਵੰਬਰ ਨੂੰ ਚਿਤਕਾਰਾ ਯੂਨੀਵਰਸਿਟੀ ਚੰਡੀਗੜ੍ਹ ਰੋਡ ਰਾਜਪੁਰਾ ਵਿਖੇ ਇਹ ਮੇਲੇ ਲਗਾਏ ਜਾਣਗੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਵਿੱਚ ਬੇਰੁਜ਼ਗਾਰ ਪ੍ਰਾਰਥੀ, ਜਿਨ੍ਹਾਂ ਦੀ ਵਿਦਿਅਕ ਯੋਗਤਾ 8ਵੀਂ, 10ਵੀਂ, 12ਵੀਂ, ਗ੍ਰੈਜੂਏਸ਼ਨ, ਡਿਪਲੋਮਾ ਅਤੇ ਡਿਗਰੀ ਪਾਸ ਭਾਗ ਲੈ ਸਕਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ‘ਚ ਪੜ੍ਹਾਈ ਦੇ ਅਸਲ ਸਰਟੀਫਿਕੇਟ, ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ, 2 ਪਾਸਪੋਰਟ ਸਾਇਜ ਫੋਟੋਆਂ ਜਰੂਰ ਲੈਕੇ ਆਉਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ‘ਚ ਨਾਮੀ ਕੰਪਨੀਆਂ, ਜਿਨ੍ਹਾਂ ‘ਚ ਹੌਂਡਾ ਮੋਟਰਸ, ਮਾਰੂਤੀ, ਐਲ.ਐਂਡ.ਟੀ, ਸੀ.ਐਸ.ਸੀ., ਐਲ.ਆਈ.ਸੀ, ਗੋਦਰੇਜ ਐਂਡ ਬੋਇਸ, ਸਵਰਾਜ, ਜੀ.ਐਸ. ਅਲਾਇਜ, ਕੁਨੈਕਟ, ਪਗਾਰੋ ਫੂਡ ਆਦਿ ਸ਼ਾਮਲ ਹਨ, ਪੁਜਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੇਲੇ ਬੇਰੁਜ਼ਗਾਰ ਵਿਅਕਤੀਆਂ ਲਈ ਅਹਿਮ ਮੌਕਾ ਹੈ ਇਸ ਲਈ ਰੋਜ਼ਗਾਰ ਪ੍ਰਾਪਤੀ ਦੇ ਇਛੁਕ ਇਨ੍ਹਾਂ ਮੇਲਿਆਂ ਦਾ ਪੂਰਾ ਲਾਭ ਉਠਾਉਣਾ। ਇਸੇ ਦੌਰਾਨ ਰੋਜ਼ਗਾਰ ਜਨਰੇਸ਼ਨ ਤੇ ਸਿਖਲਾਈ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ (ਰਿਟਾ. ਮੇਜਰ) ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਇਨ੍ਹਾਂ 5 ਮੇਲਿਆਂ ਬਾਅਦ ਮੈਗਾ ਰੋਜ਼ਗਾਰ ਮੇਲਾ ਵੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿਖੇ “29 ਨਵੰਬਰ ਨੂੰ ਲਗਾਇਆ ਜਾ ਰਿਹਾ ਹੈ, ਜਿਸ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਦੋਂਕਿ ਆਈ.ਟੀ.ਆਈ. ਲੜਕੇ ਪਟਿਆਲਾ ਦੇ ਪ੍ਰਿੰਸੀਪਲ ਸ੍ਰੀ ਵੀ.ਕੇ. ਬਾਂਸਲ ਨੇ ਦੱਸਿਆ ਕਿ 12 ਅਤੇ 16 ਨਵੰਬਰ ਨੂੰ ਲੱਗਣ ਵਾਲੇ ਦੋਵਾਂ ਮੇਲਿਆਂ ਦੀ ਤਿਆਰੀ ਪੂਰੀ ਕਰ ਲਈ ਗਈ ਹੈ।