Families of martyrs of Jaito Morche will be honored in Vidhan Sabha – Kultar Singh Sandhawan

February 25, 2024 - PatialaPolitics

Families of martyrs of Jaito Morche will be honored in Vidhan Sabha – Kultar Singh Sandhawan

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਪਟਿਆਲਾ।

ਜੈਤੋ ਮੋਰਚੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਧਾਨ ਸਭਾ ‘ਚ ਕੀਤਾ ਜਾਵੇਗਾ ਸਨਮਾਨਤ-ਕੁਲਤਾਰ ਸਿੰਘ ਸੰਧਵਾਂ

-ਸਪੀਕਰ ਵੱਲੋਂ ਨਾਭਾ ਵਿਖੇ ‘ਜੈਤੋ ਦਾ ਮੋਰਚਾ’ 100 ਸਾਲਾ ਸ਼ਤਾਬਦੀ ਸੰਬੰਧੀ ਅੰਤਰਾਸ਼ਟਰੀ ਸੈਮੀਨਾਰ ਤੇ ਸਨਮਾਨ ਸਮਰੋਹ ‘ਚ ਸ਼ਿਰਕਤ

-ਕਿਹਾ, ਪ੍ਰਧਾਨ ਮੰਤਰੀ ਮੋਦੀ ਜੈਤੋ ਦੇ ਮੋਰਚੇ ਦੀ ਮਹਾਨਤਾ ਜਾਣ ਕੇ ਕਿਸਾਨਾਂ ‘ਤੇ ਜੁਲਮ ਬੰਦ ਕਰਨ

ਨਾਭਾ, 25 ਫਰਵਰੀ:

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਜੈਤੋ ਦਾ ਮੋਰਚਾ ਜ਼ਬਰ ਦਾ ਸਬਰ ਨਾਲ ਮੁਕਾਬਲੇ ਦੀ ਇੱਕ ਲਾਮਿਸਾਲ ਉਦਾਹਰਨ ਹੈ ਅਤੇ ਇਸ ਮੋਰਚੇ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਪੰਜਾਬ ਵਿਧਾਨ ਸਭਾ ਵਿਖੇ ਕੀਤਾ ਜਾਵੇਗਾ।

ਸਪੀਕਰ ਸੰਧਵਾਂ ਅੱਜ ਨਾਭਾ ਵਿਖੇ ਮਹਾਰਾਜਾ ਰਿਪੁਦਮਨ ਸਿੰਘ ਦੇ ਵੰਸ਼ਜ ਰਾਣੀ ਪ੍ਰੀਤੀ ਸਿੰਘ ਨਾਭਾ ਤੇ ਕੰਵਰ ਅਭੈ ਉਦੈ ਪ੍ਰਤਾਪ ਸਿੰਘ ਦੀ ਸਰਪ੍ਰਸਤੀ ਹੇਠ ਸ਼ਾਹੀ ਪਰਿਵਾਰ ਨਾਭਾ, ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਅਤੇ ਜੀ.ਐਨ.ਆਈ. ਕੈਨੈਡਾ ਵੱਲੋਂ ‘ਜੈਤੋ ਦੇ ਮੋਰਚੇ’ ਦੇ ਸ਼ਹੀਦ ਪਰਿਵਾਰਾਂ ਦੇ ਸਨਮਾਨ ਲਈ ਕਰਵਾਏ ਸਮਾਰੋਹ ਮੌਕੇ ਸ਼ਿਰਕਤ ਕਰਨ ਪੁੱਜੇ ਹੋਏ ਸਨ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਜਾਣ ਲੈਣ ਕਿ ਪੰਜਾਬ ਦੇ ਸਿੱਖਾਂ ਨੇ ਜੈਤੋ ਦੇ ਮੋਰਚੇ ਵਰਗੇ ਅਨੇਕਾਂ ਮੋਰਚੇ ਲਗਾਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰੰਤੂ ਆਪਣੇ ਹੱਕ ਲਏ ਬਗੈਰ ਕਦੇ ਪਿੱਛੇ ਨਹੀਂ ਹਟੇ, ਇਸ ਲਈ ਕੇਂਦਰ ਸਰਕਾਰ ਅੜੀ ਦਾ ਤਿਆਗ ਕਰਕੇ ਅੰਦਲੋਣ ਕਰ ਰਹੇ ਕਿਸਾਨਾਂ ਦੇ ਮਸਲੇ ਤੁਰੰਤ ਹੱਲ ਕਰੇ। ਉਨ੍ਹਾਂ ਅਫ਼ਸੋਸ ਜਤਾਇਆ ਕਿ ਭਾਜਪਾ ਸਰਕਾਰ ਸਾਡੇ ਉਨ੍ਹਾਂ ਕਿਸਾਨਾਂ ਉਤੇ ਜੁਲਮ ਕਰ ਰਹੀ ਹੈ, ਜਿਹੜੇ ਦੇਸ਼ ਨੂੰ ਕਲੋਨੀਇਜ਼ਮ ਤੋਂ ਆਜ਼ਾਦ ਕਰਵਾਕੇ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਆਜ਼ਾਦੀ ਦਿਵਾਉਣ ਵਾਲੇ ਸੰਘਰਸ਼ ਦੀ ਅਗਵਾਈ ਕਰ ਰਹੇ ਹਨ।

ਸਪੀਕਰ ਸੰਧਵਾਂ ਨੇ ਕਿਹਾ ਕਿ ਜੈਤੋ ਦਾ ਮੋਰਚਾ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਪੰਥ ਪ੍ਰਸਤੀ ਵਿੱਚੋਂ ਪੈਦਾ ਹੋਇਆ ਸੀ, ਇਸ ਮੋਰਚੇ ‘ਚ ਸੈਂਕੜੇ ਸ਼ਹੀਦੀਆਂ ਤੇ ਸਿੱਖਾਂ ਨੇ ਅਨੇਕਾਂ ਤਸੀਹੇ ਸਬਰ ਤੇ ਸਿਦਕ ਨਾਲ ਝੱਲੇ ਅਤੇ ਅੰਤ ‘ਚ ਜਿੱਤ ਪ੍ਰਾਪਤ ਕੀਤੀ, ਜਿਸ ਕਰਕੇ ਮਹਾਤਮਾ ਗਾਂਧੀ ਨੂੰ ਵੀ ਇਹ ਕਹਿਣਾ ਪਿਆ ਕਿ ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ।

ਇਸ ਮੌਕੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਮਹਾਰਾਜਾ ਰਿਪੁਦਮਨ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਜੈਤੋ ਦੇ ਮੋਰਚੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਦੱਸਿਆ ਕਿ ਇਸ ਦੌਰਾਨ 250 ਸ਼ਹਾਦਤਾਂ ਹੋਈਆਂ ਪਰੰਤੂ ਸੰਗਤ ਨੇ ਜਜ਼ਬੇ, ਦ੍ਰਿੜਤਾ, ਸਬਰ, ਨਿਸ਼ਠਾ ਤੇ ਸਬਰ ਨਾਲ ਜ਼ਬਰ ਦਾ ਮੁਕਾਬਲਾ ਕੀਤਾ। ਉਨ੍ਹਾਂ ਨੇ ਸੱਦਾ ਕਿ ਸਾਨੂੰ ਵੀ ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆਂ ‘ਤੇ ਚੱਲਣਾ ਚਾਹੀਦਾ ਹੈ।

ਰਾਣੀ ਪ੍ਰੀਤੀ ਸਿੰਘ ਨਾਭਾ ਤੇ ਕੰਵਰ ਅਭੈ ਉਦੈ ਪ੍ਰਤਾਪ ਸਿੰਘ ਧੰਨਵਾਦ ਅਤੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਤੇ ਸਮੁੱਚੇ ਹਿੱਸਾ ਲੈਣ ਵਾਲਿਆਂ ਨੂੰ ਨਮਨ ਕਰਦਿਆਂ ਕਿਹਾ ਕਿ ਉਹ ਸਿੱਖ ਪੰਥ ਦੇ ਸਦਾ ਰਿਣੀ ਰਹਿਣਗੇ ਜਿਸ ਨੇ ਉਨ੍ਹਾਂ ਦੇ ਪੁਰਖੇ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਅੰਗਰੇਜ਼ ਹਕੂਮਤ ਵੱਲੋਂ ਦਿੱਤੇ ਤਸੀਹਿਆਂ ਦੇ ਵਿਰੋਧ ਵਿੱਚ ਖ਼ੁਦ ਗੋਲੀਆਂ ਖਾਧੀਆਂ ਤੇ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਸਿੱਖ ਕੌਮ ਉਨ੍ਹਾਂ ਦੇ ਪੂਰਵਜਾਂ ਨੂੰ ਧਰਮੀ ਤੇ ਸ਼ਹੀਦ ਦਾ ਦਰਜਾ ਦਿੰਦੀ ਹੈ।

ਸਮਾਰੋਹ ਮੌਕੇ ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਨੂੰ ਮਨਾਉਂਦਿਆਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ। ਜਦੋਂਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦੀਵਾਨ ਟੋਡਰ ਮੱਲ ਜਹਾਜ਼ੀ ਹਵੇਲੀ ਦੀ ਸਾਂਭ ਸੰਭਾਲ ਕਰਵਾਉਣ ਲਈ ਯਤਨਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।

ਇਸ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਗਿਆਨ ਸਿੰਘ ਸੰਧੂ ਕੈਨੈਡਾ, ਸਤਨਾਮ ਸਿੰਘ ਸੰਧੂ ਅਮਰੀਕਾ, ਬਹਾਦਰ ਸਿੰਘ ਅਮਰੀਕਾ, ਨਿਰਮਲ ਸਿੰਘ ਚੰਦੀ ਅਮਰੀਕਾ, ਮਹਿੰਦਰ ਸਿੰਘ ਮਹਿਸਮਪੁਰ ਕੈਨੈਡਾ, ਇੰਦਰਜੀਤ ਸਿੰਘ ਬੱਲ ਕੈਨੇਡਾ, ਹਰਮੇਸ਼ ਸਿੰਘ ਅਮਰੀਕਾ, ਹਰਬੰਸ ਸਿੰਘ ਜੰਡਾਲੀ ਕੈਨੇਡਾ, ਹਰਬੰਸ ਸਿੰਘ ਤੱਖਰ ਅਮਰੀਕਾ, ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ, ਲਖਵਿੰਦਰ ਸਿੰਘ ਕਤਰੀ, ਦਰਬਾਰ ਸਿੰਘ ਧੌਲਾ, ਸੁਖਵਿੰਦਰ ਸਿੰਘ ਢਿੱਲੋਂ, ਬਾਬਾ ਲਾਲ ਸਿੰਘ ਧੂਰਕੋਟ, ਗੁਰਜਿੰਦਰ ਸਿੰਘ ਛੰਨਾ, ਗਿਆਨੀ ਜਸਵਿੰਦਰ ਸਿੰਘ ਬਡਰੁੱਖਾਂ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚੋਂ ਪਤਵੰਤੇ ਪੁੱਜੇ ਹੋਏ ਸਨ।