Husband Charged With Murder of Wife in Patiala

October 2, 2019 - PatialaPolitics


ਲੰਘੀ 25 ਸਤੰਬਰ ਨੂੰ ਪਟਿਆਲਾ ਦੀ ਆਦਰਸ਼ ਕਲੋਨੀ ਅਬਲੋਵਾਲ ਦੇ ਵਸਨੀਕ ਸੈਰ ਕਰਨ ਗਏ ਇੱਕ ਪਤੀ-ਪਤਨੀ ਜੋੜੇ ‘ਤੇ ਹੋਏ ਹਮਲੇ ਦੌਰਾਨ ਲੁੱਟ-ਖੋਹ ਕਰਕੇ ਔਰਤ ਦੇ ਕੀਤੇ ਕਤਲ ਦੇ ਅਣਸੁਲਝੇ ਮਾਮਲੇ ਨੂੰ ਪਟਿਆਲਾ ਪੁਲਿਸ ਨੇ ਸੁਲਝਾਉਂਦਿਆਂ ਮ੍ਰਿਤਕਾ ਦੇ ਪਤੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਥੇ ਥਾਣਾ ਸਿਵਲ ਲਾਇਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਪੀ. ਸਿਟੀ ਸ੍ਰੀ ਵਰੂਣ ਸਰਮਾ ਨੇ ਦੱਸਿਆ ਕਿ ਮਿਤੀ 26-09-2019 ਨੂੰ ਮ੍ਰਿਤਕਾ ਪੂਨਮ ਰਾਣੀ ਦੇ ਭਰਾ ਸੰਨੀ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਮਾਣਕਪੁਰ ਖੇੜਾ ਥਾਣਾ ਬਨੂੰੜ ਦੇ ਬਿਆਨਾਂ ‘ਤੇ ਮੁਕੱਦਮਾ ਨੰਬਰ 258 ਮਿਤੀ 26/09/2019 ਅ/ਧ 302,120 ਹਿੰ:ਦਿੰ: ਥਾਣਾ ਸਿਵਲ ਲਾਇਨ ਦਰਜ ਹੋਇਆ ਸੀ।
ਇਸ ਕੇਸ ਦੀ ਤਫ਼ਤੀਸ਼ ਲਈ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਡੀ.ਐਸ.ਪੀ. ਸਿਟੀ-1 ਯੁਗੇਸ ਸਰਮਾ, ਡੀ.ਐਸ.ਪੀ. ਜਾਂਚ ਕ੍ਰਿਸਨ ਕੁਮਾਰ ਪੈਂਥੇ, ਇੰਚਾਰਜ ਸੀ.ਆਈ.ਏ ਸਟਾਫ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਮੁੱਖ ਅਫਸਰ ਥਾਣਾ ਸਿਵਲ ਲਾਇਨ ਇੰਸਪੈਕਟਰ ਰਾਹੁਲ ਕੌਸ਼ਿਸ਼ ‘ਤੇ ਅਧਾਰਤ ਟੀਮ ਦਾ ਗਠਨ ਕੀਤਾ ਸੀ। ਇਸ ਟੀਮ ਵੱਲੋਂ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਮਨਿੰਦਰ ਸਿੰਘ ਪੁੱਤਰ ਹਰਮੇਸ ਸਿੰਘ ਤੇ ਉਸਦੀ ਪਤਨੀ ਪੂਨਮ ਰਾਣੀ ਜਦੋਂ 25 ਸਤੰਬਰ ਦੀ ਰਾਤ ਨੂੰ ਸੈਰ ਕਰਨ ਗਏ ਤਾਂ ਉਨ੍ਹਾਂ ਉਪਰ ਕਿਸੇ ਹੋਰ ਨੇ ਨਹੀਂ ਬਲਕਿ ਮਨਿੰਦਰ ਸਿੰਘ ਵੱਲੋਂ ਪਹਿਲਾਂ ਰਚੀ ਸਾਜਿਸ਼ ਤਹਿਤ ਹੀ ਉਸਦੇ ਆਪਣੇ ਬੰਦਿਆਂ ਵੱਲੋਂ ਹੀ ਹਮਲਾ ਹੋਇਆ ਸੀ।
ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਹਮਲੇ ‘ਚ ਪੂਨਮ ਰਾਣੀ ਦੇ ਸੱਟਾ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ, ਪਰੰਤੂ 28 ਸਾਲਾ 12ਵੀਂ ਪਾਸ ਤੇ ਫੋਕਲ ਪੁਆਇੰਟ ਫੈਕਟਰੀ ‘ਚ ਕੰਮ ਕਰਦੇ ਮਨਿੰਦਰ ਸਿੰਘ ਦੇ ਸੱਟਾਂ ਲੱਗੀਆਂ ਸਨ, ਪਰ ਮ੍ਰਿਤਕਾ ਦੇ ਭਰਾ ਸੰਨੀ ਸਿੰਘ ਨੇ ਵੱਲੋਂ ਆਪਣੇ ਜੀਜੇ ਮਨਿੰਦਰ ਸਿੰਘ ਵਿਰੁੱਧ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦਾ ਜਿਕਰ ਕਰਕੇ ਇਸ ਦੀ ਕੀਤੀ ਗਈ ਡੁੰਘਾਈ ਨਾਲ ਪੜਤਾਲ ਮਗਰੋਂ ਸਾਰੀ ਸਚਾਈ ਸਾਹਮਣੇ ਆ ਗਈ ਹੈ। ਐਸ.ਪੀ. ਨੇ ਦੱਸਿਆ ਕਿ ਮਨਿੰਦਰ ਸਿੰਘ ਹਸਪਤਾਲ ਚੋਂ ਚਲਾਕੀ ਨਾਲ ਡਿਸਚਾਰਜ ਹੋਕੇ ਫਰਾਰ ਹੋ ਗਿਆ ਪਰੰਤੂ ਪੁਲਿਸ ਨੇ 30 ਸਤੰਬਰ ਨੂੰ ਪੀ.ਆਰ.ਟੀ.ਸੀ ਵਰਕਸਾਪ ਨੇੜਿਓਂ ਮਨਿੰਦਰ ਸਿੰਘ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਨੂੰ ਗ੍ਰਿਫਤਾਰ ਲਿਆ।
ਐਸ.ਪੀ. ਨੇ ਦੱਸਿਆ ਕਿ ਮਨਿੰਦਰ ਸਿੰਘ ਨੇ ਪੁੱਛਗਿੱਛ ਤੋਂ ਅਹਿਮ ਖੁਲਾਸੇ ਕੀਤੇ ਕਿ ਪੂਨਮ ਰਾਣੀ ਉਸ ‘ਤੇ ਸ਼ੱਕ ਕਰਦੀ ਸੀ ਜਿਸ ਕਰਕੇ ਘਰ ਵਿੱਚ ਝਗੜਾ ਰਹਿੰਦਾ ਸੀ ਪਰ ਉਹ ਆਪਣੀ ਪਤਨੀ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ। ਇਸੇ ਦੌਰਾਨ ਉਸਨੇ ਆਪਣੇ ਇੱਕ ਜਾਣਕਾਰ 42 ਸਾਲਾ ਅਨਪੜ੍ਹ ਤੇ ਮਜ਼ਦੂਰੀ ਕਰਦੇ ਉਤਮ ਸਿੰਘ ਉਤਮ ਪੁੱਤਰ ਲੇਟ ਧਰਮ ਸਿੰਘ (ਨੇਪਾਲੀ) ਵਾਸੀ ਮਕਾਨ ਨੰਬਰ 41 ਗਲੀ ਨੰਬਰ 1 ਕਰਤਾਰ ਕਲੋਨੀ ਅਤੇ 20 ਸਾਲਾ ਅਨਪੜ੍ਹ ਤੇ ਮਜ਼ਦੂਰੀ ਕਰਦੇ ਕਰਮਵੀਰ ਸਿੰਘ ਉਰਫ ਕਾਕਾ ਪੁੱਤਰ ਲੇਟ ਮੱਘਰ ਸਿੰਘ ਵਾਸੀ 1419/47 ਅਦਰਸ ਕਲੋਨੀ ਨਾਲ ਸੰਪਰਕ ਕੀਤਾ। ਇਨ੍ਹਾਂ ਨੇ 1.50 ਲੱਖ ਰੁਪਏ ਦੇ ਲਾਲਚ ‘ਚ ਆ ਕੇ ਮਨਿੰਦਰ ਸਿੰਘ ਦੀ ਯੋਜਨਾ ਮੁਤਾਬਕ ਇਸ ਹਮਲੇ ਨੂੰ ਅੰਜਾਮ ਦਿੱਤਾ। ਉਸ ਤੋਂ ਉਤਮ ਸਿੰਘ ਨੇ 21 ਹਜਾਰ ਤੇ ਕਰਮਵੀਰ ਸਿੰਘ ਕਾਕਾ ਨੇ 17 ਹਜਾਰ ਲੈ ਲਏ ਸਨ।
ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਮਨਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਤਮ ਸਿੰਘ ਤੇ ਕਰਮਵੀਰ ਸਿੰਘ ਕਾਕਾ ਨੂੰ ਵੀ ਮਿਤੀ 1 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਨੇ ਪਹਿਲਾਂ ਬਣਾਈ ਸਾਜਿਸ਼ ਤਹਿਤ ਬੈਕ ਸਾਇਡ ਥਾਪਰ ਯੂਨੀਵਰਸਿਟੀ ਨੇੜੇ ਅਮਰੂਦਾ ਦੇ ਬਾਗ ਪਾਸ ਸੁੰਨ ਸਾਨ ਜਗ੍ਹਾ ਨੇੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਲਈ ਉਤਮ ਸਿੰਘ ਤੇ ਕਰਮਵੀਰ ਸਿੰਘ ਕਾਕਾ ਨੇ ਇਕ ਬੇਸਬਾਲ ਦਾ ਪ੍ਰਬੰਧ ਕਰਕੇ ਪੂਨਮ ਰਾਣੀ ਦੇ ਸਿਰ ‘ਚ ਬੇਸਬਾਲ ਮਾਰੀ ਅਤੇ ਕਿਸੇ ਸ਼ੱਕ ਤੋਂ ਬਚਣ ਲਈ ਇਕ ਵਾਰ ਮਨਿੰਦਰ ਸਿੰਘ ਦੇ ਸਿਰ ‘ਤੇ ਵੀ ਕੀਤਾ।
ਐਸ.ਪੀ. ਸਿਟੀ ਨੇ ਦੱਸਿਆ ਕਿ ਇਥੋਂ ਦੋਵੇਂ ਜਣੇ ਪੂਨਮ ਰਾਣੀ ਦੇ ਪਾਏ ਹੋਏ ਸੋਨੇ ਦੇ ਗਹਿਣੇ ਅਤੇ ਮਨਿੰਦਰ ਸਿੰਘ ਦਾ ਮੋਬਾਇਲ ਲੈਕੇ ਫਰਾਰ ਹੋ ਗਏ। ਬਾਅਦ ਵਿੱਚ ਮਨਿੰਦਰ ਸਿੰਘ ਨੇ ਇਹ ਸਾਰੀ ਵਾਰਦਾਤ ਦਾ ਡਰਾਮਾ ਰੱਚਕੇ ਆਪਣੇ ਰਿਸਤੇਦਾਰਾਂ ਨਾਲ ਸੰਪਰਕ ਕਰਕੇ ਮੌਕੇ ‘ਤੇ ਬੁਲਾਇਆ ਅਤੇ ਦੋਨਾਂ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ।
ਐਸ.ਪੀ. ਸਿਟੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦਾ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਖੋਹ ਕੀਤੇ ਗਏ ਸੋਨੇ ਦੇ ਗਹਿਣੇ ਬਰਾਮਦ ਕਰਵਾਏ ਜਾਣਗੇ। ਇਸ ਮੌਕੇ ਡੀ.ਐਸ.ਪੀ. ਸਿਟੀ-1 ਸ੍ਰੀ ਯੁਗੇਸ ਸਰਮਾ, ਇੰਚਾਰਜ ਸੀ.ਆਈ.ਏ ਸਟਾਫ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਮੁੱਖ ਅਫਸਰ ਥਾਣਾ ਸਿਵਲ ਲਾਇਨ ਇੰਸਪੈਕਟਰ ਰਾਹੁਲ ਕੌਸ਼ਿਸ਼ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।