Only one license issued for crackers sale in Patiala

October 25, 2019 - PatialaPolitics


ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿਖੇ ਪਟਾਕਿਆਂ ਦੀ ਵਿਕਰੀ ਲਈ ਕੇਵਲ ਇੱਕ ਹੀ ਆਰਜ਼ੀ ਲਾਇਸੈਂਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰਜ਼ੀ ਲਾਇਸੈਂਸ ਧਾਰਕ ਸ੍ਰੀ ਮਨੀਸ਼ ਵਿਜ ਵੱਲੋਂ ਪੋਲੋ ਗਰਾਊਂਡ ਵਿਖੇ ਪਟਾਕੇ ਵੇਚੇ ਜਾ ਸਕਣਗੇ। ਨਿਯਮਾਂ ਮੁਤਾਬਕ ਪਟਾਕਿਆਂ ਦੀ ਵਿਕਰੀ ਕੇਵਲ ਸਵੇਰੇ 10 ਤੋਂ ਰਾਤ 7.30 ਵਜੇ ਤੱਕ ਹੀ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਆਰਜੀ ਲਾਇਸੈਂਸ ਤਹਿਤ ਪਟਾਕਿਆਂ ਦੀ ਵਿਕਰੀ ਦੌਰਾਨ ਕਾਨੂੰਨੀ ਵਿਵਸਥਾ ਬਣਾਏ ਰੱਖਣ, ਇੱਥੇ ਪੁੱਜਣ ਵਾਲੇ ਲੋਕਾਂ ਦੀ ਜਾਨੀ ਤੇ ਮਾਲੀ ਸੁਰੱਖਿਆ ਲਈ ਫਾਇਰ ਬ੍ਰਿਗੇਡ, ਮੋਬਾਇਲ ਮੈਡੀਕਲ ਟੀਮ, ਐਂਬੂਲੈਂਸ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਨਗਰ ਨਿਗਮ ਕਮਿਸ਼ਨਰ, ਐਸ.ਐਸ.ਪੀ., ਸਿਵਲ ਸਰਜਨ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਹੈ। ਜਾਰੀ ਹੁਕਮਾਂ ਮੁਤਾਬਕ ਉਕਤ ਲਾਇਸੈਂਸ ਧਾਰਕ ਤੋਂ ਇਲਾਵਾ ਕੋਈ ਹੋਰ ਵਿਅਕਤੀ/ਫਰਮ ਨਿਰਧਾਰਤ ਜਗ੍ਹਾ ਵਿਖੇ ਪਟਾਕੇ ਨਹੀਂ ਵੇਚੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਉਦਯੋਗ ਅਤੇ ਕਾਮਰਸ ਵਿਭਾਗ ਪੰਜਾਬ ਵੱਲੋਂ ਐਕਸਪਲੋਸਿਵ ਰੂਲਜ 2008 ਤਹਿਤ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਦੱਸਿਆ ਕਿ ਪਟਾਕਿਆਂ ਨੇੜੇ ਕੋਈ ਜਲਣਸ਼ੀਲ ਪਦਾਰਥ ਨਹੀਂ ਰੱਖਿਆ ਜਾਵੇਗਾ ਅਤੇ ਇਹ ਗ਼ੈਰ ਜ਼ਲਣਸ਼ੀਲ ਸ਼ੈਡ ਦੇ ਹੇਠਾਂ ਹੀ ਵੇਚੇ ਜਾ ਸਕਣਗੇ। ਪਟਾਕਿਆਂ ਦੀ ਵਿਕਰੀ ਵਾਲਾ ਇਲਾਕਾ ਅੱਗ ਤੋਂ ਰਹਿਤ ‘ਨੋ ਸਮੋਕਿੰਗ ਜ਼ੋਨ’ ਹੋਵੇਗਾ ਅਤੇ ਸਿਗਰਟ ਬੀੜੀ ਨਹੀਂ ਪੀਤੀ ਜਾਵੇਗੀ ਅਤੇ ਅਗਰਬੱਤੀ ਤੇ ਧੂਪ ਆਦਿ ਨਹੀਂ ਜਲਾਈ ਜਾਵੇਗੀ। ਇਸ ਖੇਤਰ ਵਿੱਚ ਪਟਾਕੇ ਵੀ ਨਹੀਂ ਚਲਾਏ ਜਾ ਸਕਣਗੇ। ਜਦਕਿ ਪਟਾਕਿਆਂ ਦੀ ਵਿਕਰੀ ਕਰਨ ਵਾਲਾ 18 ਸਾਲ ਤੋਂ ਘੱਟ ਉਮਰ ਦਾ ਨਹੀਂ ਹੋਵੇਗਾ ਤੇ ਉਸ ਦੇ ਕੱਪੜੇ ਸੂਤੀ ਹੋਣਗੇ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 728 ਆਫ਼ 2015 ”ਅਰਜੁਨ ਗੋਪਾਲ ਤੇ ਹੋਰ ਬਨਾਮ ਯੂਨੀਅਨ ਗਵਰਨਮੈਂਟ ਐਂਡ ਅਦਰਜ” ‘ਚ ਮਿਤੀ 23/10/2018 ਨੂੰ ਸੁਣਾਏ ਹੁਕਮਾਂ ਮੁਤਾਬਕ ਪਟਾਕੇ ਕੇਵਲ ਦਿਵਾਲੀ ਜਾਂ ਹੋਰ ਤਿਉਹਾਰਾਂ ਅਤੇ ਗੁਰਪੁਰਬ ਵਾਲੇ ਦਿਨ ਰਾਤ 8 ਤੋਂ 10 ਵਜੇ ਦੇ ਦਰਮਿਆਨ ਹੀ ਵਜਾਏ ਜਾ ਸਕਣਗੇ।
ਉਨ੍ਹਾਂ ਕਿਹਾ ਕਿ ਹਸਪਤਾਲ, ਨਰਸਿੰਗ ਹੋਮਜ, ਸਿਹਤ ਕੇਂਦਰਾਂ, ਸਿੱਖਿਆ ਸੰਸਥਾਵਾਂ, ਅਦਾਲਤਾਂ, ਧਾਰਮਿਕ ਥਾਵਾਂ ਅਤੇ ਹੋਰ ਅਵਾਜ਼ ਰਹਿਤ ਖੇਤਰਾਂ ਦੇ 100 ਮੀਟਰ ਘੇਰ ਦੇ ਅੰਦਰ ਪਟਾਕੇ ਨਹੀਂ ਵਜਾਏ ਜਾ ਸਕਣਗੇ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਸਮੂਹ ਨਾਗਰਿਕ ਅਤੇ ਸਬੰਧਤ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਮਾਣਯੋਗ ਅਦਾਲਤਾਂ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ। ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।