Patiala DC gave new orders on Coronavirus

March 22, 2020 - PatialaPolitics


ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਅੰਦਰ ਨੋਵਲ ਕੋਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਦੇਖਦਿਆਂ ਇਹਤਿਆਤ ਵਜੋਂ ਪਟਿਆਲਾ ਜ਼ਿਲ੍ਹੇ ਅੰਦਰ 24 ਮਾਰਚ 2020 ਤੱਕ ਲਗਾਏ ਜਨਤਕ ਕਰਫਿਊ ਦੇ ਹੁਕਮਾਂ ਦੀ ਲਗਾਤਾਰਤਾ ‘ਚ ਜਰੂਰੀ ਸੇਵਾਵਾਂ ਨੂੰ ਛੋਟ ਦਿੰਦਿਆਂ ਜ਼ਿਲ੍ਹੇ ਦੇ ਬਾਜ਼ਾਰ, ਦੁਕਾਨਾਂ, ਵਪਾਰਕ ਅਦਾਰੇ ਅਤੇ ਹਰ ਤਰ੍ਹਾਂ ਦੇ ਪ੍ਰਾਈਵੇਟ ਦਫ਼ਤਰ ਤੇ ਫੈਕਟਰੀਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਐਪੀਡੈਮਿਕ ਡਸੀਸਜ਼ ਐਕਟ 1897 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਲਾਗੂ ਕੀਤੇ ਹਨ। ਇਨ੍ਹਾਂ ਹੁਕਮਾਂ ‘ਚ ਦੋ ਦਰਜਨ ਦੇ ਕਰੀਬ ਜਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਹੈ, ਜਿਨ੍ਹਾਂ ‘ਚ ਕਰਿਆਨੇ ਦਾ ਸਮਾਨ, ਦੁੱਧ ਤੇ ਦੁੱਧ ਤੋਂ ਬਣੇ ਪਦਾਰਥ, ਤਾਜੇ ਫ਼ਲਾਂ ਤੇ ਸਬਜ਼ੀਆਂ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ, ਖੁਰਾਕੀ ਵਸਤਾਂ ਤੇ ਬੇਕਰੀ ਪਦਾਰਥ ਬਣਾਉਣ ਵਾਲੇ ਫੂਡ ਪ੍ਰੋਸੈਸਿੰਗ ਯੂਨਿਟ, ਡੀਜ਼ਲ, ਪੈਟਰੋਲ, ਸੀ.ਐਨ.ਜੀ., ਝੋਨੇ ਦੀ ਛਟਾਈ ਲਈ ਚਲਦੀਆਂ ਰਾਈਸ ਮਿੱਲਾਂ, ਮਿਲਕ ਪਲਾਂਟਸ ਡੇਅਰੀ ਯੂਨਿਟਸ ਤੇ ਪਸ਼ੂਆਂ ਲਈ ਫੀਡ ਤੇ ਚਾਰਾ ਬਣਾਉਣ ਵਾਲੇ ਯੂਨਿਟ, ਮੈਡੀਸਿਨ ਤੇ ਸਿਹਤ ਨਾਲ ਸਬੰਧਤ ਬਣਾਉਣ ਵਾਲੇ ਯੂਨਿਟ, ਦਵਾਈਆਂ ਦੀਆਂ ਦੁਕਾਨਾਂ, ਸਿਹਤ ਸੇਵਾਵਾਂ, ਐਲ.ਪੀ.ਜੀ. ਦੀ ਘਰੇਲੂ ਤੇ ਵਪਾਰਕ ਅਦਾਰਿਆਂ ਲਈ ਸਪਲਾਈ ਸ਼ਾਮਲ ਹੈ।
ਇਸ ਦੇ ਨਾਲ ਹੀ ਪ੍ਰੈਸ ਅਦਾਰੇ ਨਾਲ ਜੁੜੇ ਕਰਮੀ, ਐਕਰੀਡੇਟਡ/ਪੀਲਾ ਕਾਰਡ ਧਾਰਕ ਪੱਤਰਕਾਰ, ਫੋਟੋ ਜਰਨਲਿਸਟ ਤੇ ਕੈਮਰਾਮੈਨ, ਸੰਚਾਰ ਸੇਵਾਵਾਂ ‘ਚ ਲੱਗੀਆਂ ਏਜੰਸੀਆਂ, ਬੀਮਾ ਕੰਪਨੀਆਂ, ਬੈਂਕ ਤੇ ਏ.ਟੀ.ਐਮਜ, ਸਰਕਾਰ ਦੀ ਆਬਕਾਰੀ ਨੀਤੀ ਤਹਿਤ ਸ਼ਰਾਬ ਦੇ ਠੇਕੇ (ਸ਼ਰਾਬ ਕੇਵਲ ਲਿਜਾਣ ਲਈ ਨਾ ਕਿ ਬੈਠਕੇ ਵਰਤਣ ਲੲ), ਡਾਕ ਘਰ, ਕੇਂਦਰੀ ਪੂਲ/ਡੀ.ਸੀ.ਪੀ., ਓ.ਐਮ.ਐਸ.ਐਸ. ਲਈ ਕਣਕ ਤੇ ਚਾਵਲਾਂ ਦੀ ਲੋਡਿੰਗ ਤੇ ਅਨਲੋਡਿੰਗ, ਜਰੂਰੀ ਵਸਤਾਂ ਤੇ ਜਰੂਰੀ ਸੇਵਾਵਾਂ ਲਈ ਟਰਾਂਸਪੋਰਟੇਸ਼ਨ ਤੇ ਖੁਰਾਕੀ ਪਦਾਰਥਾਂ ਦੀ ਖਰੀਦ ਪ੍ਰਕ੍ਰਿਆ ਲਈ ਲੋੜੀਂਦੇ ਗਨੀ ਬੈਗਜ, ਪੀਪੀ ਬੈਗਜ, ਕ੍ਰੇਟਸ, ਤਰਪਾਲ ਕਵਰ, ਮੈਸ਼ਨਟ, ਸੈਲਫੋਨ ਕੀਟਨਾਸ਼ਕ ਸਮੇਤ ਹਾਰਵੈਸਟਿੰਗ ਕੰਬਾਇਨਾਂ ਤੇ ਹੋਰ ਖੇਤੀ ਸੰਦਾਂ ਦੇ ਯੂਨਿਸ ਤੇ ਇਨ੍ਹਾਂ ਦੀ ਆਵਾਜਾਈ, ਆਨਲਾਈਨ ਖਰੀਦ ਤੇ ਡਿਲੀਵਰੀ, ਬਿਜਲੀ, ਪੈਟਰੋਲੀਅਮ ਤੇਲ ਊਰਜਾ, ਪ੍ਰੋਡਕਸ਼ਨ ਟਰਾਂਸਪੋਰਟੇਸ਼ਨ ਤੇ ਸਪਲਾਈ ਚੇਨ, ਸਾਰੀਆਂ ਜਰੂਰੀ ਵਸਤਾਂ ਦੀ ਈ ਕਮਰਸ ਸਮੇਤ ਫੂਡ ਫਾਰਮਾਸਿਟੂਕਲ, ਪੈਸਟ ਕੰਟਰੋਲ ਤੇ ਮੈਡੀਕਲ ਯੰਤਰ, ਵੇਅਰਹਾਊਸ, ਖੁਰਾਕੀ ਤੇ ਕਰਿਆਨੇ ਦੀਆਂ ਵਸਤਾਂ ਤੇ ਅਨਾਜ ਦੀ ਢੋਆ ਢੋਆਈ ਨੂੰ ਇਸ ਜਨਤਕ ਕਰਫਿਊ ਦੌਰਾਨ ਛੋਟ ਰਹੇਗੀ। ਇਸ ਤੋਂ ਬਿਨ੍ਹਾਂ ਕੋਰੋਨਾਵਾਇਰਸ ਨੂੰ ਰੋਕਣ ‘ਚ ਲੱਗੀ ਸੰਸਥਾ ਖ਼ਾਲਸਾ ਏਡ, ਇੰਡੀਆ ਚੈਰੀਟੇਬਲ ਟ੍ਰਸਟ ਨੂੰ ਜ਼ਿਲ੍ਹਾ ਪਟਿਆਲਾ ਵਿੱਚ ਮੈਡੀਕਲ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ ਲਈ ਜਨਤਾ ਕਰਫਿਊ ਵਿੱਚ ਛੋਟ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਉਪਰੋਕਤ ਜਰੂਰੀ ਸੇਵਾਵਾਂ ਦੀ ਵਰਤੋਂ ਕਰਨ ਲਈ ਹਰੇਕ ਘਰ ਵਿੱਚੋਂ ਕੇਵਲ ਇੱਕ ਵਿਅਕਤੀ ਨੂੰ ਹੀ ਘਰ ਤੋਂ ਬਾਹਰ ਆਉਣ ਦੀ ਆਗਿਆ ਹੋਵੇਗੀ। ਪਰੰਤੂ ਅਮਨ-ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਤਾਇਨਾਤ ਅਧਿਕਾਰੀ/ਕਰਮਚਾਰੀ ਕਿਸੇ ਨੂੰ ਵੀ ਬਾਹਰ ਆਉਣ ਦਾ ਕਾਰਨ ਪੁੱਛ ਸਕਣਗੇ। ਬਿਨ੍ਹਾਂ ਕੰਮ ਤੋਂ ਬਾਹਰ ਘੁੰਮਣ ਵਾਲੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਸਮੇਂ ਦੌਰਾਨ ਲੋਕਾਂ ਨੂੰ ਬਹੁਤ ਹੀ ਜਰੂਰੀ ਕੰਮ ਲਈ ਹੀ ਵਹੀਕਲ ਚਲਾਉਣ ਦੀ ਆਗਿਆ ਹੋਵੇਗੀ ਉਪਰੋਕਤ ਕੰਮਾਂ ਤੋਂ ਬਿਨ੍ਹਾਂ ਵਹੀਕਲ ਚਲਾਏ ਜਾਣ ਦੀ ਸੂਰਤ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਦੌਰਾਨ ਕਿਸੇ ਵੀ ਸਥਾਨ ‘ਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਮਨਾਹੀ ਹੈ।
ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਇਨ੍ਹਾਂ ਮਨਾਹੀ ਦੇ ਹੁਕਮਾਂ ਅਨੁਸਾਰ ਇਹ ਆਦੇਸ਼ ਵੱਖ-ਵੱਖ ਸਰਕਾਰੀ ਦਫ਼ਤਰਾਂ, ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਤੇ ਐਮਰਜੈਂਸੀ ਸੇਵਾਵਾਂ ਸਮੇਤ ਪੁਲਿਸ ਵਿਭਾਗ, ਅਰਧ ਸਰਕਾਰੀ ਬਲ, ਜੋ ਕਿ ਡਿਊਟੀ ‘ਤੇ ਲੱਗੇ ਹੁਣ ਉਪਰ ਲਾਗੂ ਨਹੀਂ ਹੋਣਗੇ। ਮੌਜੂਦਾ ਸਮੇਂ ਦੀ ਨਾਜ਼ੁਕਤਾ ਅਤੇ ਕੋਰੋਨਾ ਵਾਇਰਸ ਫੈਲਣ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਤੁਰੰਤ ਲਾਗੂ ਹੋਣਗੇ। ਇਨ੍ਹਾਂ ਹੁਕਮਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ, ਕਮਿਸ਼ਨਰ ਨਗਰ ਨਿਗਮ, ਸਾਰੇ ਐਸ.ਡੀ.ਐਮਜ, ਸਿਵਲ ਸਰਜਨ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ, ਸਮੂਹ ਕਾਰਜ ਸਾਧਕ ਅਫ਼ਸਰ, ਬੀ.ਡੀ.ਪੀ.ਓਜ ਜ਼ਿਲ੍ਹਾ ਪਟਿਆਲਾ ਵਿੱਚ ਲਾਗੂ ਕਰਵਾਉਣ ਲਈ ਜਿੰਮੇਵਾਰ ਹੋਣਗੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਅਤੇ ਐਪੀਡੀਮਿਕ ਡੀਸੀਜ਼ ਐਕਟ 1897 ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੇ ਵਿਸ਼ਵ ਵਿੱਚ ਮਾਨਵ ਜਾਤੀ ਲਈ ਭਿਆਨਕ ਮਹਾਂਮਾਰੀ ਬਣਕੇ ਸਾਹਮਣੇ ਆਏ ਕੋਰੋਨਾਵਾਇਰਸ ਦੀ ਲੜੀ ਨੂੰ ਤੋੜਨ ਲਈ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਜਾਨ ਦੀ ਹਿਫ਼ਾਜਤ ਅਤੇ ਮਨੁੱਖਤਾ ਦੇ ਭਲੇ ਲਈ ਆਪਣੇ ਘਰਾਂ ਵਿੱਚ ਰਹਿ ਕੇ ਇਸ ਜਨਤਾ ਕਰਫਿਊ ਨੂੰ ਲਾਗੂ ਕਰਨ ਵਿੱਚ ਆਪਣਾ ਸਹਿਯੋਗ ਦੇਣ।