Coronavirus:Helpline Number for Patiala

March 23, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਤੁਰੰਤ ਪ੍ਰਭਾਵ ਨਾਲ ਲਗਾਏ ਗਏ ਕਰਫ਼ਿਊ ਦੇ ਮੱਦੇਨਜ਼ਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ ਸਮੇਤ ਐਸ.ਡੀ.ਐਮਜ ਤੇ ਹੋਰ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਿੱਥੇ ਕਰਫ਼ਿਊ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਤਾਇਨਾਤ ਕੀਤੇ ਅਧਿਕਾਰੀਆਂ ਅਤੇ ਸੈਕਟਰ ਮੈਜਿਸਟਰੇਟਾਂ ਨੂੰ ਸੰਚਾਰ ਪਲਾਨ ਬਣਾਉਣ ਦੇ ਆਦੇਸ਼ ਦਿੱਤੇ ਉਥੇ ਹੀ ਆਮ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਸਰਕਾਰੀ ਹਸਪਤਾਲਾਂ ਵਿਖੇ ਐਮਰਜੈਂਸੀ ਮੈਡੀਕਲ ਸੇਵਾਂਵਾਂ ਸਮੇਤ ਜਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਨਾਗਰਿਕ ਨੂੰ ਕੋਈ ਔਖ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਮਨੁੱਖਤਾ ਦੀ ਜਾਨ ਲਈ ਖ਼ਤਰਾ ਬਣੇ ਕੋਰੋਨਾਵਾਇਰਸ ਦੀ ਮਹਾਂਮਾਰੀ ਕਰਕੇ ਜ਼ਿਲ੍ਹੇ ਦੇ 19 ਲੱਖ ਤੋਂ ਵਧੇਰੇ ਵਸਨੀਕਾਂ ਦੀ ਜਿੰਮੇਵਾਰੀ ਹੁਣ ਆਪਣੇ ਉਪਰ ਹੈ, ਇਸ ਲਈ ਇਸ ਕਾਰਜ ਨੂੰ ਮਨੁੱਖਤਾ ਦੀ ਸੇਵਾ ਸਮਝ ਕੇ ਇੱਕ ਟੀਮ ਵਜੋਂ ਸੰਜਮ ਅਤੇ ਪੂਰੇ ਇਹਤਿਆਤ ਨਾਲ ਨਿਭਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਕੰਮਲ ਲਾਕ ਡਾਊਨ ਹੈ ਅਤੇ ਇਸ ਕੋਵਿਡ-19 ਦੀ ਆਫ਼ਤ ਦੌਰਾਨ ਲੋਕਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰਾਂ ਤੋਂ ਬਿਲਕੁਲ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ, ਜਿਸ ਲਈ ਜਿੱਥੇ ਪਟਿਆਲਾ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡਕੇ ਨਗਰ ਨਿਗਮ ਦੇ ਖੇਤਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੇ ਅਧੀਨ ਕੀਤਾ ਗਿਆ ਹੈ, ਉਥੇ ਹੀ ਪੁੱਡਾ ਖੇਤਰ ਨੂੰ ਪੁੱਡਾ ਦੇ ਏ.ਸੀ.ਏ ਸ੍ਰੀਮਤੀ ਸੁਰਭੀ ਮਲਿਕ ਦੇ ਅਧੀਨ ਕੀਤਾ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਦਿਹਾਤੀ ਖੇਤਰਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ ਦੇ ਅਧੀਨ ਕੀਤਾ ਗਿਆ ਹੈ ਅਤੇ ਨਗਰ ਪਾਲਿਕਾ ਤੇ ਨਗਰ ਪੰਚਾਇਤਾਂ ਵਾਲੇ ਖੇਤਰਾਂ ਨੂੰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਸ਼ਨਪ੍ਰੀਤ ਕੌਰ ਗਿੱਲ ਅਧੀਨ ਕੀਤਾ ਗਿਆ ਹੈ। ਜਦੋਂਕਿ ਹਰ ਸਬ ਡਵੀਜਨ ਨੂੰ ਐਸ.ਡੀ.ਐਮਜ ਤੇ ਡੀ.ਐਸ.ਪੀਜ ਦੇ ਅਧੀਨ ਕਰਕੇ 5-5 ਸੈਕਟਰਾਂ ‘ਚ ਵੰਡਕੇ ਸੈਕਟਰ ਮੈਜਿਸਟਰੇਟ ਅਤੇ ਬੀ.ਡੀ.ਪੀ.ਓਜ ਤੇ ਕਾਰਜ ਸਾਧਕ ਅਫ਼ਸਰ ਲਗਾਏ ਗਏ ਹਨ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸ਼ਹਿਰੀ ਅਤੇ ਦਿਹਾਤੀ ਖੇਤਰਾਂ ‘ਚ ਗਰੀਬਾਂ, ਸਲੱਮਜ ਇਲਾਕਿਆਂ ਵਿਖੇ ਲੋੜਵੰਦ ਲੋਕਾਂ ਲਈ ਖਾਣਾ ਤੇ ਜਰੂਰੀ ਵਸਤਾਂ ਸਮੇਤ ਮੈਡੀਕਲ ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ, ਜਿਸ ਲਈ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈਜ ਤੇ ਖਪਤਕਾਰ ਮਾਮਲੇ ਪਟਿਆਲਾ ਨੂੰ ਚੇਅਰਮੈਨ ਬਣਾ ਕੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਪਟਿਆਲਾ, ਜੋਨਲ ਲਾਇਸੰਸ ਅਥਾਰਟੀ ਡਰੱਗ, ਜ਼ਿਲ੍ਹਾ ਪਟਿਆਲਾ ਅਤੇ ਡਿਪਟੀ ਡੀ.ਐਮ.ਓ. ਪਟਿਆਲਾ ਨੂੰ ਮੈਂਬਰਾਂ ਵਜੋਂ ਸ਼ਾਮਲ ਕਰਕੇ ਇੱਕ ਉਚ ਤਾਕਤੀ ਕਮੇਟੀ ਬਣਾਂਈ ਗਈ ਹੈ ਅਤੇ ਇਸਦਾ ਹੈਲਪ ਲਾਈਨ ਨੰਬਰ 0175-2311318 ਵੀ ਜਾਰੀ ਕੀਤਾ ਗਿਆ ਹੈ। ਇਸ ਕਮੇਟੀ ਵੱਲੋਂ ਸਥਾਨਕ ਗੁਰਦੁਆਰਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ਾਂ ਤੋਂ ਆਏ ਨਾਗਰਿਕਾਂ ਨੂੰ ਟਰੈਕ ਕਰਨ ਲਈ ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਕੋਆਰੰਟਾਈਨ ਕਰਕੇ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਨੂੰ 14 ਦਿਨਾਂ ਲਈ ਏਕਾਂਤਵਾਸ ਜਰੂਰੀ ਕਰਾਰ ਦਿੱਤਾ ਗਿਆ ਹੈ ਅਤੇ ਕੋਵਿਡ-19 ਦੇ ਲੱਛਣ ਆਉਣ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੰਟਰੋਲ ਰੂਮ ਜਿਸਦਾ ਨੰਬਰ 0175-2350550 ਹੈ, ਸਿਵਲ ਸਰਜਨ ਪਟਿਆਲਾ ਦਫ਼ਤਰ ਦਾ 0175-5128793, ਪੁਲਿਸ ਕੰਟਰੋਲ ਰੂਮ ਦਾ ਨੰਬਰ 95929-12500, ਪਟਿਆਲਾ ਤਹਿਸੀਲ ਦਾ 0175-2311321, ਦੂਧਨ ਸਾਧਾਂ ਦਾ 0175-2632615, ਰਾਜਪੁਰਾ ਦਾ 01762-224132, ਨਾਭਾ ਦਾ 01765-220654, ਸਮਾਣਾ ਦਾ 01764-221190 ਅਤੇ ਪਾਤੜਾਂ ਦਾ ਨੰਬਰ 01764-243403 ਤੇ 98764-42827 ਹੈ।
ਇਸ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਕਰਫ਼ਿਊ ਨੂੰ ਲਾਗੂ ਕਰਨ ਲਈ ਸਖ਼ਤੀ ਵਰਤੀ ਜਾਵੇਗੀ, ਜਿਸ ਲਈ ਜਨਤਕ ਹਿੱਤਾਂ ਦੇ ਮੱਦੇਨਜ਼ਰ ਆਮ ਲੋਕ ਵੀ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਪੱਕੇ ਨਾਕੇ ਲਗਾਏ ਜਾਣਗੇ ਅਤੇ ਲਗਾਤਾਰ ਗ਼ਸ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਧਾਰਾ 188 ਤਹਿਤ ਪਰਚੇ ਦਰਜ ਕੀਤੇ ਜਾਣਗੇ। ਮੀਟਿੰਗ ‘ਚ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਕਾਂਸਲ, ਜ਼ਿਲ੍ਹੇ ਦੇ ਸਮੁਚੇ ਐਸ.ਡੀ.ਐਮਜ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਉਚ ਅਧਿਕਾਰੀ ਮੌਜੂਦ ਸਨ।
ਪਟਿਆਲਾ ਰੇਂਜ ਦੇ ਆਈ.ਜੀ. ਸ. ਜਤਿੰਦਰ ਸਿੰਘ ਔਲਖ ਨੇ ਅੱਜ ਡਿਪਟੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਰਫ਼ਿਊ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਹਰ ਹਾਲ ਕਾਇਮ ਰੱਖਣ ਅਤੇ ਲੋਕਾਂ ਨੂੰ ਘਰਾਂ ‘ਚ ਹੀ ਰੱਖਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਔਲਖ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਸਾਸ਼ਨ ਨੂੰ ਸਹਿਯੋਗ ਦੇਣ।
ਸ. ਔਲਖ ਨੇ ਇਸ ਮੀਟਿੰਗ ਦੌਰਾਨ ਕਿਹਾ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੇਣਾ ਇੱਕ ਵੱਡੀ ਚੁਣੌਤੀ ਹੈ ਪਰੰਤੂ ਕੋਰੋਨਾਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਹੀ ਇਹ ਕਰਫ਼ਿਊ ਲਗਾਇਆ ਗਿਆ ਹੈ, ਇਸ ਲਈ ਜਨਤਕ ਹਿੱਤਾਂ ਦੇ ਮੱਦੇਨਜ਼ਰ ਕਰਫ਼ਿਊ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾਂ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਵਲ ਪ੍ਰਸਾਸ਼ਨ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਜਦੋਂਕਿ ਐਸ.ਐਸ.ਪੀ. ਨੇ ਜ਼ਿਲ੍ਹ੍ਹੇ ਅੰਦਰ ਸੁਰੱਖਿਆ ਪੱਖ ਤੋਂ ਪੁਲਿਸ ਨਾਕਿਆਂ ਸਮੇਤ ਗ਼ਸ਼ਤ ਦੇ ਪ੍ਰਬੰਧ ਕੀਤੇ ਗਏ ਹਨ। ਸ੍ਰੀਮਤੀ ਪੂਨਮਦੀਪ ਕੌਰ ਨੇ ਨਗਰ ਨਿਗਮ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਜਾਣੂ ਕਰਵਾਇਆ।
ਇਸ ਮੀਟਿੰਗ ‘ਚ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਜਾਂਚ ਸ੍ਰੀ ਹਰਮੀਤ ਸਿੰਘ ਹੁੰਦਲ, ਐਸ.ਪੀ. ਸੁਰੱਖਿਆ ਤੇ ਟ੍ਰੈਫਿਕ ਸ. ਪਲਵਿੰਦਰ ਸਿੰਘ ਚੀਮਾ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀ ਅਵਿਕੇਸ਼ ਕੁਮਾਰ ਤੇ ਸ੍ਰੀ ਲਾਲ ਵਿਸ਼ਵਾਸ਼, ਡੀ.ਐਸ.ਪੀ. ਸ੍ਰੀ ਕੇ.ਕੇ. ਪੈਂਥੇ ਤੇ ਸ੍ਰੀ ਯੋਗੇਸ਼ ਕੁਮਾਰ ਸਮੇਤ ਹੋਰ ਸਿਵਲ ਤੇ ਪੁਲਿਸ ਅਧਿਕਾਰੀ ਮੌਜੂਦ ਸਨ।