List of contacts to buy things in Patiala Coronavirus Curfew
March 25, 2020 - PatialaPolitics
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਲੋਕਾਂ ਨੂੰ ਲੋੜੀਂਦੀਆਂ ਜਰੂਰੀ ਵਸਤਾਂ ਉਨ੍ਹਾਂ ਦੇ ਘਰਾਂ ਤੱਕ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਦੀਆਂ ਸੂਚੀਆਂ ਜਾਰੀ
-ਲੋਕਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਪ੍ਰਸਾਸ਼ਨ ਵਚਨਬੱਧ-ਕੁਮਾਰ ਅਮਿਤ
-ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਆਮ ਲੋਕ-ਡਿਪਟੀ ਕਮਿਸ਼ਨਰ
ਪਟਿਆਲਾ, 25 ਮਾਰਚ:
ਕੋਰੋਨਾਵਾਇਰਸ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਆਮ ਲੋਕਾਂ ਨੂੰ ਰੋਜ਼ਮਰ੍ਹਾ ਦੀਆਂ ਘਰੇਲੂ ਲੋੜਾਂ ਵਾਲੀਆਂ ਵਸਤਾਂ ਉਨ੍ਹਾਂ ਦੇ ਘਰਾਂ ਤੱਕ ਪੁਜਦੀਆਂ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਦੁੱਧ, ਦਵਾਈਆਂ, ਕਰਿਆਨਾ, ਸਬਜ਼ੀਆਂ ਤੇ ਫ਼ਲਾਂ ਤੇ ਪਸ਼ੂਆਂ ਲਈ ਚਾਰੇ ਸਮੇਤ ਹੋਰ ਲੋੜੀਂਦੀਆਂ ਵਸਤਾਂ ਦੇ ਦੁਕਾਨਦਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ।
ਇਨ੍ਹਾਂ ਦੁਕਾਨਦਾਰਾਂ ਵੱਲੋਂ ਜਿੱਥੇ ਲੋਕਾਂ ਦੀ ਲੋੜ ਮੁਤਾਬਕ ਅਦਾਇਗੀ ਅਧਾਰ ‘ਤੇ ਜਰੂਰੀ ਸਮਾਨ ਪ੍ਰਦਾਨ ਕਰਵਾਉਣ ਲਈ ਦੁਕਾਨ ਮਾਲਕਾਂ ਤੇ ਉਨ੍ਹਾਂ ਦੇ ਕਰਮੀਆਂ ਦੇ ਪਾਸ ਜਾਰੀ ਕਰ ਦਿੱਤੇ ਗਏ ਹਨ, ਉਥੇ ਹੀ ਲੋਕਾਂ ਨੂੰ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਸਪਲਾਈ 24 ਘੰਟੇ ਮੁਹੱਈਆ ਕਰਵਾਉਣ ਲਈ ਵੇਰਕਾ ਅਤੇ ਦੋਧੀਆਂ ਨੂੰ ਵੀ ਅਧਿਕਾਰਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਮੂਹ ਵਪਾਰੀਆਂ ਨੂੰ ਹਦਾਇਤ ਵੀ ਕੀਤੀ ਗਈ ਹੈ ਕਿ ਸੰਕਟ ਦੇ ਸਮੇਂ ਦਾ ਨਾਜਾਇਜ਼ ਫਾਇਦਾ ਉਠਾ ਕੇ ਨਿਰਧਾਰਤ ਕੀਮਤ ਤੋਂ ਵੱਧ ਕੀਮਤ ਨਾ ਵਸੂਲੀ ਜਾਵੇ ਅਤੇ ਨਾ ਹੀ ਜਮ੍ਹਾਂ ਖੋਰੀ ਕੀਤੀ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਸਾਰੇ ਸਮਾਨ ਦੀ ਸਪਲਾਈ ਚੇਨ ਵੀ ਬਹਾਲ ਰੱਖੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਕਰਿਆਨਾ ਵਾਲਿਆਂ ਦਾ ਤਾਲਮੇਲ ਸਵਿਗੀ, ਸੁਪਰਫਰੈਸ਼ ਅਤੇ ਜੁਮੈਟੋ ਨਾਲ ਵੀ ਕਰਵਾ ਦਿੱਤਾ ਗਿਆ ਹੈ ਤਾਂ ਕਿ ਇਹ ਸੇਵਾਵਾਂ ਉਥੋਂ ਵੀ ਉਪਲਬਧ ਹੋ ਸਕਣ। ਉਨ੍ਹਾਂ ਦੱਸਿਆ ਕਿ ਕਰਿਆਨੇ ਦੇ ਵੱਡੇ ਸਟੋਰ, ਬਿਗ ਬਾਜ਼ਾਰ, ਰਿਲਾਇੰਸ, ਮੋਰ, ਵਿਸ਼ਾਲ ਮੈਗਾਮਾਰਟ, ਈਜ਼ੀ ਡੇ ਅਤੇ ਹੋਲਫਰੈਸ਼ ਆਦਿ ਤੋਂ ਵੀ ਲੋਕ ਰਾਸ਼ਨ ਵਸਤਾਂ ਮੰਗਵਾ ਸਕਣਗੇ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਜ਼ਿਲ੍ਹੇ ਅੰਦਰ ਅਜਿਹੇ ਪ੍ਰਬੰਧ ਕੀਤੇ ਹਨ ਤਾਂ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਲੋੜੀਂਦੀਆਂ ਵਸਤਾਂ ਤੇ ਰਾਸ਼ਨ ਆਦਿ ਉਨ੍ਹਾਂ ਦੇ ਘਰਾਂ ਤੱਕ ਪੁੱਜਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਵੱਸਦੇ ਗਰੀਬਾਂ, ਲੋੜਵੰਦਾਂ ਤੇ ਖਾਸ ਕਰਕੇ ਸਲੰਮ ਇਲਾਕਿਆਂ ਵਿੱਚ ਰਾਸ਼ਨ ਤੇ ਹੋਰ ਸਮਾਨ ਪਹੁੰਚਾਉਣਾ ਇੱਕ ਵੱਡਾ ਕਾਰਜ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਚੁਣੌਤੀ ਵਜੋਂ ਲੈਂਦਿਆਂ ਇਸ ਲਈ ਵੀ ਪੁਖ਼ਤਾ ਇੰਤਜ਼ਾਮ ਕੀਤੇ ਹਨ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਵੱਲੋਂ ਪ੍ਰਸਾਸ਼ਨ ਨੂੰ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਅੱਗੇ ਵੀ ਕਰਫਿਊ ਦੌਰਾਨ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।