Coronavirus:24*7 Patiala Helpline

March 30, 2020 - PatialaPolitics


ਕੋਵਿਡ-19 ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਦੀ ਸਹੂਲਤ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ ਅਤੇ ਜ਼ਿਲ੍ਹਾ ਪੱਧਰ ‘ਤੇ ਸਥਾਪਤ ਕੀਤਾ ਗਿਆ ਮੁੱਖ ਕੰਟਰੋਲ ਰੂਮ ਸਫ਼ਲਤਾ ਪੂਰਵਕ ਕੰਮ ਕਰਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰ ਰਿਹਾ ਹੈ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਿੰਦਿਆਂ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਅਤੇ ਹਫ਼ਤੇ ਦੇ ਸੱਤੋ ਦਿਨ ਕਾਰਜਸ਼ੀਲ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਜ਼ਿਲ੍ਹਾ ਮੁੱਖ ਕੰਟਰੋਲ ਰੂਮ ਦਾ ਇੰਚਾਰਜ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ ਨੂੰ ਲਗਾਇਆ ਗਿਆ ਹੈ ਤੇ ਉਨ੍ਹਾਂ ਦੇ ਨਾਲ ਪੀ.ਸੀ.ਐਸ. ਟ੍ਰੇਨੀ ਸ. ਜਗਨੂਰ ਸਿੰਘ ਗਰੇਵਾਲ ਸੇਵਾ ਨਿਭਾ ਰਹੇ ਹਨ ਅਤੇ ਵੱਖ-ਵੱਖ ਵਿਭਾਗਾਂ ਦੇ 40 ਦੇ ਕਰੀਬ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਕੋਰੋਨਾਵਾਇਰਸ ਦੀ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਕਰਫਿਊ ਜਨਤਕ ਹਿੱਤਾਂ ਦੇ ਮੱਦੇਨਜ਼ਰ ਹੀ ਲਗਾਇਆ ਗਿਆ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਨਾਗਰਿਕ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੰਟਰੋਲ ਰੂਮ ‘ਤੇ ਰੋਜ਼ਾਨਾ 600 ਤੋਂ 700 ਤੱਕ ਕਾਲਾਂ ਆ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਲੋਕਾਂ ਵੱਲੋਂ ਕੋਰੋਨਾਵਾਇਰਸ ਬਾਰੇ, ਅਮਨ ਕਾਨੂੰਨ ਬਾਰੇ, ਸਾਫ਼-ਸਫ਼ਾਈ, ਸਿਹਤ ਸੇਵਾਵਾਂ, ਦਵਾਈਆਂ, ਕਰਿਆਨਾ, ਐਲ.ਪੀ.ਜੀ. ਗੈਸ, ਸਬਜ਼ੀਆਂ ਤੇ ਫ਼ਲਾਂ, ਮੁਫ਼ਤ ਰਾਸ਼ਨ ਜਾਂ ਭੋਜਨ ਦੀ ਲੋੜ, ਸਮੇਤ ਹੋਰ ਜ਼ਰੂਰੀ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਹੱਲ ਮੌਕੇ ‘ਤੇ ਹੀ ਕਰਵਾਉਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੰਟਰੋਲ ਰੂਮ ਵਿਖੇ ਪੁਲਿਸ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ ਦਫ਼ਤਰ, ਨਗਰ ਨਿਗਮ, ਮੰਡੀ ਬੋਰਡ, ਡਰੱਗ ਕੰਟਰੋਲਰ ਸਮੇਤ ਹੋਰ ਵਿਭਾਗਾਂ ਦੇ ਕਰਮਚਾਰੀ ਤਾਇਨਾਤ ਹਨ ਜੋ ਕਿ ਹੈਲਪ ਲਾਈਨ ‘ਤੇ ਆਈ ਲੋਕਾਂ ਦੀ ਕਿਸੇ ਵੀ ਮੁਸ਼ਕਿਲ ਦਾ ਤੁਰੰਤ ਨਿਪਟਾਰਾ ਕਰਵਾਉਂਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਨਾਗਰਿਕ ਲੋੜ ਪੈਣ ‘ਤੇ ਜ਼ਿਲ੍ਹੇ ਦੇ ਮੁੱਖ ਕੰਟਰੋਲ ਰੂਮ ਦੇ ਨੰਬਰ 0175-2350550 ਅਤੇ 62843-57500 ਹੈ ‘ਤੇ ਸੰਪਰਕ ਕਰ ਸਕਦਾ ਹੈ। ਕੋਵਿਡ-19 ਸਬੰਧੀ ਡਾ. ਕੁਸ਼ਲਦੀਪ ਕੌਰ ਮੋਬ. ਨੰ. 98558-71822 ਤੇ ਡਾ. ਗੁਰਪ੍ਰੀਤ ਸਿੰਘ ਨਾਗਰਾ ਮੋਬ. ਨੰ. 98556-86398 ਅਤੇ ਪਿਛਲੇ 15 ਦਿਨਾਂ ਦੌਰਾਨ ਵਿਦੇਸ਼ ਤੋਂ ਲੋਕਾਂ ਨੂੰ ਘਰ ‘ਚ ਕੁਆਰੰਟਾਈਨ ਕਰਨ ਸਬੰਧੀ ਜਾਣਕਾਰੀ ਦੇਣ ਲਈ ਫ਼ੋਨ ਨੰ. 0175-5128793 ਅਤੇ 0175-5127793 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ-ਡਵੀਜ਼ਨ ਪੱਧਰ ‘ਤੇ ਸਥਾਪਤ ਕੰਟਰੋਲ ਰੂਮ ਸਬ-ਡਵੀਜ਼ਨ ਦੂਧਨ ਸਾਧਾਂ ਦੇ ਵਸਨੀਕਾਂ ਲਈ ਫ਼ੋਨ ਨੰਬਰ 0175-2632615, ਰਾਜਪੁਰਾ ਲਈ ਫ਼ੋਨ ਨੰਬਰ 01762-224132, ਨਾਭਾ ਲਈ ਨੰਬਰ 01765-220654, ਸਮਾਣਾ ਲਈ 01764-221190 ਅਤੇ ਪਾਤੜਾਂ ਲਈ 01764-243403 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਿਵਲ ਸਰਜਨ ਪਟਿਆਲਾ ਦਫ਼ਤਰ ਦਾ ਨੰਬਰ 0175-5128793 ਤੇ 0175-5127793 ਅਤੇ ਪੁਲਿਸ ਕੰਟਰੋਲ ਰੂਮ ਨੰਬਰ 95929-12500 ਜਾਰੀ ਕੀਤਾ ਗਿਆ ਹੈ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕਾਲਾਂ ਦਾ ਡਾਟਾ ਸਾਂਭ ਕੇ ਰੱਖਿਆ ਜਾਂਦਾ ਹੈ ਅਤੇ ਕੰਟਰੋਲ ਰੂਮ ਨੰਬਰਾਂ ‘ਤੇ ਆਈਆਂ ਫੋਨ ਕਾਲਾਂ ਦਾ ਫਾਲੋਅਪ ਵੀ ਲਿਆ ਜਾਂਦਾ ਹੈ ਅਤੇ ਹੁਣ ਤੱਕ ਲੋਕਾਂ ਤੋਂ ਉਨ੍ਹਾਂ ਨੂੰ ਚੰਗੀ ਫੀਡਬੈਕ ਹੀ ਮਿਲੀ ਹੈ।