Quarantined coronavirus patient booked for escaping isolation ward in Patiala

March 31, 2020 - PatialaPolitics


ਪਟਿਆਲਾ ਪੁਲਿਸ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਰੋਨਾਵਾਇਰਸ ਬਾਰੇ ਨੋਡਲ ਅਫ਼ਸਰ ਡਾ. ਸਚਿਨ ਕੌਸ਼ਲ ਦੀ ਸ਼ਿਕਾਇਤ ‘ਤੇ ਮਨਦੀਪ ਸਿੰਘ ਪੁੱਤਰ ਲਕਸ਼ਣ ਸਿੰਘ ਵਾਸੀ ਅਨੰਦ ਨਗਰ, ਪਟਿਆਲਾ ਵਿਰੁੱਧ ਕੋਵਿਡ-19 ਦੇ ਪ੍ਰੋਟੋਕਾਲ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਪੁਲਿਸ ਕੇਸ ਦਰਜ ਕੀਤਾ ਹੈ। ਇਸ ਨੂੰ ਆਈ.ਪੀ.ਸੀ ਦੀਆਂ ਧਾਰਾਵਾਂ 353, 186, 188, 269, 279 ਤਹਿਤ ਥਾਣਾਂ ਸਿਵਲ ਲਾਇਨ ਵਿਖੇ ਦਰਜ ਪੁਲਿਸ ਕੇਸ ‘ਚ ਨਾਮਜਦ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਮਨਦੀਪ ਸਿੰਘ ਨੂੰ ਕੋਰੋਨਵਾਇਰਸ ਦੇ ਲੱਛਣਾਂ ਸਬੰਧੀਂ ਸ਼ੱਕੀ ਮਾਮਲਾ ਦੇਖਦਿਆਂ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਖੇ 30 ਮਾਰਚ 2020 ਨੂੰ ਦਾਖਲ ਕੀਤਾ ਗਿਆ ਸੀ। ਮਨਦੀਪ ਸਿੰਘ ਦੀ ਕੋਰੋਨਾਵਾਇਰਸ ਸਬੰਧੀਂ ਲਏ ਗਏ ਸੈਂਪਲਾਂ ਦੀ ਰਿਪੋਰਟ ਦੀ ਅਜੇ ਉਡੀਕ ਕੀਤੀ ਜਾ ਰਹੀ ਸੀ ਪਰੰਤੂ ਉਕਤ ਵਿਅਕਤੀ ਬੀਤੀ ਰਾਤ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚੋਂ ਡਾਕਟਰਾਂ ਦੀ ਸਲਾਹ ਦੇ ਉਲਟ ਕੋਵਿਡ-19 ਪ੍ਰੋਟੋਕਾਲ ਨੇਮਾਂ ਦੀ ਉਲੰਘਣਾ ਕਰਦੇ ਹੋਏ ਫਰਾਰ ਹੋ ਗਿਆ ਸੀ ਅਤੇ ਅੱਜ ਸਵੇਰੇ ਇਹ ਵਾਪਸ ਪਰਤ ਆਇਆ। ਇਸ ਦੌਰਾਨ ਉਸਨੇ ਡਿਊਟੀ ‘ਤੇ ਤਾਇਨਾਤ ਡਾਕਟਰੀ ਅਮਲੇ ਨਾਲ ਦੁਰਵਿਵਹਾਰ ਵੀ ਕੀਤਾ।
ਸ. ਸਿੱਧੂ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਡਾਕਟਰਾਂ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹਤਿਆਤ ਵਜੋਂ ਆਈਸੋਲੇਸ਼ਨ ਵਾਰਡ ਵਿੱਚ ਰਹਿਣ ਦੀ ਸਲਾਹ ਦਿੱਤੀ ਸੀ ਤਾਂ ਕਿ ਜੇਕਰ ਇਸ ਵਿਅਕਤੀ ਵਿੱਚ ਕੋਰੋਨਾਵਾਇਰਸ ਦੇ ਲੱਛਣ ਪੈਦਾ ਹੁੰਦੇ ਹਨ ਤਾਂ ਇਹ ਇਸ ਵਾਇਰਸ ਨੂੰ ਅੱਗੇ ਨਾ ਫੈਲਾ ਸਕੇ। ਪਰੰਤੂ ਮਨਦੀਪ ਸਿੰਘ ਡਾਕਟਰਾਂ ਦੀ ਸਲਾਹ ਦੇ ਵਿਰੁੱਧ ਜਾਂਦਿਆਂ ਆਈਸੋਲੇਸ਼ਨ ਵਾਰਡ ਵਿੱਚੋਂ ਭੱਜ ਗਿਆ, ਜਿਸ ਲਈ ਇਸ ਵਿਰੁੱਧ ਪੁਲਿਸ ਕੇਸ ਦਰਜ ਕੀਤਾ ਗਿਆ ਹੈ।