Patiala Police goes strict in Coronavirus curfew

April 9, 2020 - PatialaPolitics


ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕੋਰੋਨਾ ਵਾਇਰਸ (ਕੋਵਿਡ-19) ਦੇ ਫੈਲਾਂ ਨੂੰ ਰੋਕਣ ਲਈ ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦਿਆ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪਟਿਆਲਾ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ ਜਿਸ ਤਹਿਤ ਹੁਣ ਤੱਕ ਕੁਲ 239 ਮਾਮਲੇ ਦਰਜ ਕੀਤੇ ਹਨ ਅਤੇ 314 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿੱਚ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ‘ਚ 231 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 3 ਮਾਮਲੇ ਕੋਵਿਡ-19 ਸਬੰਧੀ ਗਲਤ ਮੈਸੇਜ ਕਰਨ ਦੇ ਅਤੇ 6 ਮਾਮਲੇ ਕੁਆਰਨਟਾਈਨ ਦੀ ਉਲਘੰਣਾ ਕਰਨ ‘ਤੇ ਕੀਤੇ ਗਏ ਹਨ।
ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ 23 ਮਾਰਚ ਤੋਂ ਪਟਿਆਲਾ ਜ਼ਿਲ੍ਹੇ ‘ਚ ਲੱਗੇ ਕਰਫਿਊ ਦੌਰਾਨ ਨਿਯਮਾਂ ਦੀ ਉਲੰਘਣਾ ਕਰਕੇ ਘਰਾਂ ਤੋਂ ਬਾਹਰ ਆਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹੁਣ ਤੱਕ 2382 ਟਰੈਫ਼ਿਕ ਚਲਾਨ ਕੱਟਕੇ 279 ਵਾਹਨਾਂ ਨੂੰ ਜ਼ਬਤ ਕੀਤਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਇਸ ਸੰਕਟ ਦੀ ਘੜੀ ਵਿੱਚ ਜ਼ਿਲ੍ਹੇ ਦੇ ਲੋਕਾਂ ਦੀ ਹਿਫਾਜ਼ਤ ਲਈ 24 ਘੰਟੇ ਡਿਊਟੀ ‘ਤੇ ਤਾਇਨਾਤ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ। ਜਿਸ ਤਹਿਤ ਕੰਟਰੋਲ ਰੂਮ ਨੰਬਰ 112 ‘ਤੇ ਆਈਆਂ 1649 ਕਾਲਾਂ ‘ਤੇ ਵੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਰਫ਼ਿਊ ਦੌਰਾਨ ਲੋੜਵੰਦਾਂ ਦੀ ਮਦਦ ਲਈ ਵੀ ਪਹਿਲਕਦਮੀ ਕਰਦਿਆ 29 ਹਜ਼ਾਰ 390 ਸੁੱਕੇ ਖਾਣੇ ਦੇ ਪੈਕਟ ਅਤੇ 64 ਹਜ਼ਾਰ ਦੇ ਕਰੀਬ ਬਣਿਆ ਹੋਇਆ ਖਾਣਾ ਲੋੜਵੰਦਾਂ ਤੱਕ ਪੁੱਜਦਾ ਕੀਤਾ ਹੈ।
ਐਸ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਕਰਫ਼ਿਊ ਦੌਰਾਨ ਆਪਣੇ ਘਰਾਂ ਵਿੱਚ ਹੀ ਰਿਹਾ ਜਾਵੇ ਕਿਉਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਕਰਫ਼ਿਊ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਲਗਾਇਆ ਗਿਆ ਹੈ ਜੇਕਰ ਅਸੀਂ ਕਰਫ਼ਿਊ ਦੌਰਾਨ ਨਿਯਮਾਂ ਦੀ ਪਾਲਣਾ ਨਹੀਂ ਕਰਾਗੇ ਤਾਂ ਅਸੀ ਆਪਣੇ ਪਰਿਵਾਰ ਅਤੇ ਸਮਾਜ ਲਈ ਵੱਡਾ ਖਤਰਾ ਬਣਾਂਗੇ। ਉਨ੍ਹਾਂ ਕਿਹਾ ਕਿ ਪੁਲਿਸ ਕੇਸ ਦਰਜ ਹੋਣ ਨਾਲ ਵਿਅਕਤੀ ਨੂੰ ਭਵਿੱਖ ਵਿੱਚ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ ਜਿਸ ਵਿੱਚ ਵਿਅਕਤੀ ਨੂੰ ਪਾਸਪੋਰਟ ਇਨਕੁਆਰੀ, ਪੁਲਿਸ ਇਨਕੁਆਰੀ, ਸਰਕਾਰੀ ਨੌਕਰੀ ਲੈਣ ਸਮੇਂ ਪੁਲਿਸ ਇਨਕੁਆਰੀ ਆਦਿ ਪ੍ਰਭਾਵਤ ਹੋਵੇਗੀ। ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ, ਆਪਣੇ ਪਰਿਵਾਰ ਅਤੇ ਦੂਜਿਆਂ ਦੀ ਜਾਨ ਦੀ ਹਿਫ਼ਾਜ਼ਤ ਲਈ ਨਿਰਧਾਰਤ ਨੇਮਾਂ ਦੀ ਪਾਲਣਾ ਹਰ ਹਾਲ ‘ਚ ਯਕੀਨੀ ਬਣਾਉਣ ਅਤੇ ਕਰਫ਼ਿਊ ਦੀ ਉਲੰਘਣਾ ਕਰਕੇ ਘਰ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਕਰਫ਼ਿਊ ਦੀ ਉਲਘੰਣਾ ਕਰਨ ਵਾਲਿਆਂ ਖਿਲਾਫ਼ ਸਖਤੀ ਨਾਲ ਨਿਪਟਿਆ ਜਾਵੇਗਾ।