First death in Patiala due to coronavirus

April 27, 2020 - PatialaPolitics


ਰਾਜਪੁਰਾ ਦੀ ਕੋਰੋਨਾ ਪਾਜ਼ਿਟਿਵ 62 ਸਾਲਾ ਮਹਿਲਾ ਕਮਲੇਸ਼ ਰਾਣੀ ਪਤਨੀ ਸ੍ਰੀ ਨਰੈਣ ਦਾਸ ਦਾ ਅੱਜ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਦੇ ਇਸਲਾਮਪੁਰ (ਅਨੰਦ ਨਗਰ) ਦੇ ਸਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਿਕ ਰਹੁਰੀਤਾਂ ਮੁਤਾਬਕ ਕਰਵਾਇਆ ਗਿਆ।
ਮ੍ਰਿਤਕਾ ਦੇ ਬਾਕੀ ਪਰਿਵਾਰਕ ਮੈਂਬਰ ਕੋਵਿਡ-19 ਪਾਜ਼ਿਟਿਵ ਹੋਣ ਕਰਕੇ ਉਹ ਵੀ ਸਰਕਾਰੀ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ ਜੇਰੇ ਇਲਾਜ ਹਨ, ਜਿਸ ਕਰਕੇ ਮਹਿਲਾ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਭਾਣਜੇ ਸ੍ਰੀ ਸੁਨੀਲ ਕੁਮਾਰ ਨੇ ਦਿਖਾਈ।
ਕਮਲੇਸ਼ ਰਾਣੀ ਦੇ ਸਸਕਾਰ ਮੌਕੇ ਅੰਤਿਮ ਰਸਮਾਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਤਰਫ਼ੋਂ ਪੁੱਜੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਇਸ਼ਵਿੰਦਰ ਸਿੰਘ ਗਰੇਵਾਲ, ਐਸ.ਡੀ.ਐਮ. ਰਾਜਪੁਰਾ ਸ੍ਰੀ ਟੀ ਬੈਨਿਥ ਦੀ ਤਰਫ਼ੋਂ ਤਹਿਸੀਲਦਾਰ ਸ੍ਰੀ ਹਰਸਿਮਰਨ ਸਿੰਘ, ਡੀ.ਐਸ.ਪੀ. ਰਾਜਪੁਰਾ ਸ੍ਰੀ ਅਕਾਸ਼ਦੀਪ ਸਿੰਘ ਔਲਖ, ਏ.ਪੀ.ਆਰ.ਓ. ਸ. ਹਰਦੀਪ ਸਿੰਘ, ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਟਵਾਰੀ ਸ੍ਰੀ ਗੁਰਮੁੱਖ ਸਿੰਘ, ਪਟਵਾਰੀ ਹਰਪਾਲ ਸਿੰਘ ਸਮੇਤ ਥਾਣਾ ਸਿਟੀ ਰਾਜਪੁਰਾ ਦੇ ਇੰਚਾਰਜ ਐਸ.ਆਈ. ਸ. ਬਲਵਿੰਦਰ ਸਿੰਘ ਅਤੇ ਏ.ਪੀ. ਜੈਨ ਹਸਪਤਾਲ ਦੀ ਮੌਰਚਰੀ ‘ਚ ਸੇਵਾ ਨਿਭਾ ਰਹੇ ਕਰਮਚਾਰੀ ਸ੍ਰੀ ਕੁਲਵਿੰਦਰ ਸਿੰਘ ਸਮੇਤ ਰਜਿੰਦਰਾ ਹਸਪਤਾਲ ਦੀ ਮੌਰਚਰੀ ਦੇ ਮਾਰਸ਼ਲਾਂ ਭਰਪੂਰ ਸਿੰਘ ਅਤੇ ਬਲਵਿੰਦਰ, ਜੋ ਕਿ ਮ੍ਰਿਤਕ ਦੇਹ ਪਟਿਆਲਾ ਤੋਂ ਲੈਕੇ ਪੁੱਜੇ ਸਨ, ਨੇ ਪੂਰੀਆਂ ਕਰਵਾਈਆਂ। ਇਸ ਦੌਰਾਨ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ, ਐਸ.ਐਮ.ਓ. ਡਾ. ਜਗਪਾਲ ਇੰਦਰ ਸਿੰਘ ਤੇ ਡਾ. ਨਰੇਸ਼ ਬਾਂਸਲ ਵੀ ਮੌਜੂਦ ਸਨ।