New relaxation in Patiala Curfew

May 10, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਰਫਿਊ ‘ਚ ਕੁਝ ਹੋਰ ਛੋਟਾਂ ਦੇਣ ਦਾ ਐਲਾਨ
-ਪਹਿਲਾਂ ਖੁੱਲ੍ਹ ਰਹੀਆਂ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੀਆਂ ਇਕੱਲੀਆਂ-ਇਕੱਲੀਆਂ ਦੁਕਾਨਾਂ ਦਾ ਸਮਾਂ ਬਾਅਦ ਦੁਪਹਿਰ 3 ਵਜੇ ਤੱਕ ਵਧਾਇਆ
-ਉਸਾਰੀ ਕਾਰਜਾਂ ਲਈ ਲੋੜੀਂਦੇ ਸਮਾਨ ਸਮੇਤ ਖੇਤੀਬਾੜੀ ਪਾਇਪਾਂ ਆਦਿ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਆਗਿਆ
-ਮਾਲ੍ਹ ਢੋਹਣ ਵਾਲੇ ਵਾਹਨਾਂ ਦੀ ਆਵਾਜਾਈ ਵੀ ਬਹਾਲ ਕੀਤੀ
-ਵੇਅਰ ਹਾਊਸ ਤੇ ਕੋਲਡ ਸਟੋਰੇਜ ਖੋਲ੍ਹਣ ਦੀ ਵੀ ਪ੍ਰਵਾਨਗੀ, ਮਾਲਕਾਂ ਤੇ ਕਾਮਿਆਂ ਨੂੰ ਪਾਸ ਦੀ ਲੋੜ ਨਹੀਂ
-ਮਨਰੇਗਾ ਅਧੀਨ ਵੀ ਕੰਮ ਕਰਨ ਦੀ ਆਗਿਆ, ਬੀਮਾ ਕੰਪਨੀਆਂ ਤੇ ਸੀ.ਏਜ ਆਦਿ ਦੇ ਦਫ਼ਤਰ ਵੀ ਖੋਲ੍ਹਣ ਦੀ ਇਜ਼ਾਜਤ
-ਕੰਟੇਨਮੈਂਟ ਜੋਨਾਂ ‘ਚ ਲਾਗੂ ਨਹੀਂ ਹੋਣਗੀਆਂ ਛੋਟਾਂ-ਜ਼ਿਲ੍ਹਾ ਮੈਜਿਸਟਰੇਟ
ਪਟਿਆਲਾ, 10 ਮਈ:
ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਆਪਣੇ 1 ਮਈ ਨੂੰ ਜਾਰੀ ਕੀਤੇ ਕੁਝ ਛੋਟਾਂ ਦੇਣ ਵਾਲੇ ਹੁਕਮਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹੇ ਅੰਦਰ ਅੱਜ ਸ਼ਾਮ ਕੁਝ ਹੋਰ ਛੋਟਾਂ ਦਿੱਤੀਆਂ ਹਨ।
ਤਾਜਾ ਹੁਕਮਾਂ ਮੁਤਾਬਕ ਪਹਿਲਾਂ ਖੁੱਲ੍ਹ ਰਹੀਆਂ ਸ਼ਹਿਰੀ ਖੇਤਰਾਂ ਵਿੱਚ ਇਕੱਲੀਆਂ-ਇਕੱਲੀਆਂ ਦੁਕਾਨਾਂ ਸਮੇਤ ਦਿਹਾਤੀ ਖੇਤਰਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਕੇਵਲ ਸਮਾਂ ਵਧਾ ਕੇ ਬਾਅਦ ਦੁਪਹਿਰ 3 ਵਜੇ ਤੱਕ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਦੁਕਾਨਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲ੍ਹ ਰਹੀਆਂ ਸਨ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ‘ਚ ਕੁਝ ਢਿੱਲ ਦਿੱਤੇ ਜਾਣ ਸਬੰਧੀਂ ਕੀਤੇ ਐਲਾਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਸਨਮੁੱਖ ਜਾਰੀ ਕੀਤੇ ਹਨ।
ਇਸੇ ਤਰ੍ਹਾਂ ਹੀ 1 ਮਈ ਨੂੰ ਜ਼ਿਲ੍ਹੇ ਅੰਦਰ ਕੁਝ ਇਮਾਰਤ ਉਸਾਰੀ ਕਾਰਜਾਂ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ ਸੀ, ਇਨ੍ਹਾਂ ਹੁਕਮਾਂ ਦੀ ਲਗਾਤਾਰਤਾ ਵਿੱਚ ਹੀ ਅੱਜ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਹੁਣ ਇਨ੍ਹਾਂ ਉਸਾਰੀ ਕਾਰਜਾਂ ਲਈ ਲੋੜੀਂਦੇ ਸਾਜੋ ਸਮਾਨ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਮੁਤਾਬਕ ਉਸਾਰੀ ਕਾਰਜਾਂ ਨਾਲ ਸਬੰਧਤ ਸੀਮਿੰਟ, ਪੇਂਟ, ਬਿਜਲੀ ਉਪਕਰਨ, ਟਾਇਲਾਂ, ਸਰੀਆ, ਹਾਰਡਵੇਅਰ, ਸ਼ਟਰਿੰਗ, ਸੈਨੇਟਰੀ ਅਤੇ ਖੇਤੀਬਾੜੀ ਪਾਇਪਾਂ ਆਦਿ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਛੋਟ ਦਿੱਤੀ ਜਾਂਦੀ ਹੈ।
ਕੋਰੋਨਾਵਾਇਰਸ ਨੂੰ ਰੋਕਣ ਲਈ ਲਗਾਏ ਕਰਫਿਊ ‘ਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸੀ.ਆਰ.ਪੀ.ਸੀ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਿੱਤੀਆਂ ਇਹ ਛੋਟਾਂ ਕੰਟੇਨਮੈਂਟ ਜੋਨਾਂ ਵਿੱਚ ਲਾਗੂ ਨਹੀਂ ਹੋਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ 1 ਮਈ ਨੂੰ ਜਾਰੀ ਹੁਕਮਾਂ ਮੁਤਾਬਕ ਪੇਂਡੂ ਖੇਤਰਾਂ ਵਿੱਚ ਐਸਟਬਲਿਸ਼ਮੈਂਟ ਤਹਿਤ ਰਜਿਸਟਰਡ ਅਤੇ ਕੇਵਲ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ 50 ਫੀਸਦੀ ਕਾਮਿਆਂ ਨਾਲ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹਣ ਦੀ ਆਗਿਆ ਦਿੱਤੀ ਸੀ। ਜਦੋਂਕਿ ਮਲਟੀ ਬ੍ਰਾਂਡ ਤੇ ਸਿੰਗਲ ਬ੍ਰਾਂਡ ਮਾਲ ਨਹੀਂ ਖੁੱਲ੍ਹਣਗੇ। ਸ਼ਹਿਰੀ ਖੇਤਰਾਂ ਵਿੱਚ ਕਿਸੇ ਵੀ ਮਾਲ ਜਾਂ ਮਲਟੀਪਲੈਕਸ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ।
ਸ਼ਹਿਰੀ ਖੇਤਰਾਂ ਵਿੱਚ ਕਿਸੇ ਵੀ ਮਾਰਕੀਟ ਜਾਂ ਬਾਜ਼ਾਰ ਜਾਂ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਪਰੰਤੂ ਇਕੱਲੀਆਂ ਦੁਕਾਨਾਂ (ਸਟੈਂਡ ਅਲੋਨ) ਭਾਵ ਜਿਨ੍ਹਾਂ ਦੇ ਆਲੇ-ਦੁਆਲੇ ਜਾਂ ਨਾਲ ਲੱਗਦੀ ਕੋਈ ਦੁਕਾਨ ਨਾ ਹੋਵੇ ਸਮੇਤ ਕਲੋਨੀਆਂ ਦੇ ਵੇਹੜਿਆਂ ‘ਚ ਇਕੱਲੀਆਂ ਦੁਕਾਨਾਂ ਜਾਂ ਬੰਦ ਗੇਟਾਂ ਵਾਲੀਆਂ ਕਲੋਨੀਆਂ ‘ਚ ਦੁਕਾਨਾਂ ਹੁਣ ਸਵੇਰੇ 7 ਵਜੇ ਤੋਂ ਹੁਣ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਮਾਲਕ ਹੋਮ ਡਿਲਿਵਰੀ ਦਾ ਕੰਮ ਪਹਿਲਾਂ ਵਾਂਗ ਜਾਰੀ ਰਹੇਗਾ।
ਹੁਕਮਾਂ ਮੁਤਾਬਕ ਸ਼ਰਾਬ ਦੇ ਠੇਕੇ ਤੇ ਦੁਕਾਨਾਂ ਖੋਲ੍ਹਣ ਦੇ ਹੁਕਮਾਂ ‘ਚ ਤਬਦੀਲੀ ਕਰਦਿਆਂ ਸਵੇਰੇ 7 ਵਜੇ ਤੋਂ 3 ਵਜੇ ਤੱਕ ਕਾਊਂਟਰ ਸੇਲ ਅਤੇ ਹੋਮ ਡਿਲਿਵਰੀ ਸ਼ਾਮ 6 ਵਜੇ ਤੱਕ ਕੀਤੀ ਜਾ ਸਕੇਗੀ ਪਰੰਤੂ ਕੰਟੇਨਮੈਂਟ ਜੋਨ ਜਾਂ ਹਾਟ ਸਪਾਟ ਖੇਤਰ ਵਿੱਚ ਠੇਕੇ ਨਹੀਂ ਖੋਲ੍ਹੇ ਜਾ ਸਕਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਅੱਜ ਵੇਅਰਹਾਊਸ ਅਤੇ ਕੋਲਡ ਸਟੋਰਜ ਖੋਲ੍ਹਣ ਦੀ ਵੀ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਦੇ ਮਾਲਕਾਂ, ਉਦਯੋਗਪਤੀਆਂ, ਪ੍ਰਬੰਧਕਾਂ, ਮਜ਼ਦੂਰਾਂ ਤੇ ਕਾਮਿਆਂ ਲਈ ਕੋਈ ਵੱਖਰੇ ਪਾਸ ਨਹੀਂ ਜਾਰੀ ਕੀਤੇ ਜਾਣਗੇ ਪਰ ਉਨ੍ਹਾਂ ਕੋਲ ਫਰਮ ਦਾ ਅਧਿਕਾਰਤ ਪਛਾਣ ਪੱਤਰ ਹੋਣਾ ਲਾਜਮੀ ਹੈ।
ਇਸ ਤੋਂ ਇਲਾਵਾ ਮਾਲ, ਕਾਰਗੋ ਦੀ ਆਵਾਜਾਈ, ਭਰਾਈ, ਲਹਾਈ (ਅੰਤਰ-ਇੰਟਰ ਸਟੇਟ) ਦੀ ਇਜ਼ਾਜਤ ਹੈ, ਜਿਵੇਂ ਕਿ ਸਾਰੇ ਮਾਲ ਵਾਹਨ ਦੀ ਆਵਾਜਾਈ ਦੀ ਆਗਿਆ ਹੋਵੋਗੀ। ਸਾਰੇ ਟਰੱਕਾਂ ਦੀ ਆਵਾਜਾਈ ਤੇ ਹੋਰ ਸਮਾਨ ਲਿਜਾਣ ਵਾਲੇ ਵਾਹਨਾਂ ਦੀ ਆਵਾਜਾਈ, ਦੋ ਵਾਹਨ ਚਾਲਕਾਂ ਅਤੇ 1 ਸਹਾਇਕ ਦੇ ਨਾਲ ਵੈਧ ਡਰਾਇਵਿੰਗ ਲਾਇਸੈਂਸ ਅਧੀਨ ਹੋਵੇਗੀ। ਇਸ ਲਈ ਵੱਖਰੇ ਪਾਸ ਦੀ ਜਰੂਰਤ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਮਗਨਰੇਗਾ ਕੰਮਾਂ ਨੂੰ ਕਰਨ ਦੀ ਆਗਿਆ ਦਿੰਦਿਆਂ ਸਮਾਜਿਕ ਦੂਰੀ ਤੇ ਫੇਸ ਮਾਸਕ ਪਾਉਣ ਦੇ ਨੇਮਾਂ ਦੀ ਸਖ਼ਤੀ ਨਾਲ ਪਾਲਣਾਂ ਕਰਨ ਦੇ ਹੁਕਮ ਦਿੱਤੇ ਗਏ ਹਨ। ਸਿੰਚਾਈ ਅਤੇ ਜਲ ਸੰਭਾਲ ਕਾਰਜਾਂ ਨੂੰ ਪਹਿਲ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਛੋਟਾਂ ਦੇਣ ਦੇ ਹੁਕਮਾਂ ਮੁਤਾਬਕ ਜ਼ਿਲ੍ਹੇ ਅੰਦਰ ਪ੍ਰਾਈਵੇਟ ਟਰਾਂਸਪੋਰਟ ਦਫ਼ਤਰ, ਬ੍ਰੋਕੇਜ ਅਤੇ ਸਪਲਾਈਜ ਏਜੰਸੀਆਂ ਦੇ ਕੇਵਲ ਦਫ਼ਤਰ, ਬੀਮਾ ਕੰਪਨੀਆਂ, ਸਟਾਕ ਬ੍ਰਾਕਰ, ਚਾਰਟਰਡ ਅਕਾਊਂਟੈਂਟ, ਕੰਪਨੀ ਸੈਕਟਰੀ, ਇੰਡਸਟ੍ਰੀਅਲ ਐਸੋਸੀਏਸ਼ਨ ਦਫ਼ਤਰ ਵੀ 33 ਫ਼ੀਸਦੀ ਸਟਾਫ਼ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਲਈ ਕੋਈ ਵੱਖਰੇ ਪਾਸ ਜਾਰੀ ਨਹੀਂ ਹੋਣਗੇ। ਬਾਕੀ ਦੇ ਸਟਾਫ਼ ਮੈਂਬਰ ਘਰ ਤੋਂ ਕੰਮ ਕਰਗੇ ਅਤੇ ਦਫ਼ਤਰੀ ਅਮਲੇ ਦੀ ਮੂਵਮੈਂਟ ਦਫ਼ਤਰੀ ਸਮੇਂ ਹੀ ਹੋ ਸਕੇਗੀ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਸ ਦੌਰਾਨ ਕੋਵਿਡ-19 ਸਬੰਧੀਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕੀਤੀ ਜਾਵੇ। ਇਨ੍ਹਾਂ ਹੁਕਮਾਂ ਤੇ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਆਪਦਾ ਪ੍ਰਬੰਧਨ ਐਕਟ 2005 ਤੇ ਭਾਰਤੀ ਦੰਡਾਵਲੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।