New orders by Patiala DC to open various shops in relaxation

May 13, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ‘ਚ ਅੱਜ ਸ਼ਾਮ ਵੀ ਕੁਝ ਹੋਰ ਛੋਟਾਂ ਦੇਣ ਦੀ ਇਜ਼ਾਜਤ ਦਿੱਤੀ ਹੈ। ਇਸ ਤੋਂ ਇਲਾਵਾ ਦਰਜਨ ਦੇ ਕਰੀਬ ਵਸਤਾਂ ਤੇ ਸੇਵਾਵਾਂ ਨੂੰ ਜਰੂਰੀ ਵਸਤਾਂ ਕਰਾਰ ਦਿੰਦਿਆਂ ਇਸ ਨਾਲ ਸਬੰਧਤ ਦੁਕਾਨਾਂ ਨੂੰ ਨਿਰਧਾਰਤ ਸਮੇਂ ਲਈ ਖੋਲ੍ਹਣ ਦੀ ਆਗਿਆ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਆਪਣੇ 1 ਮਈ ਨੂੰ ਜਾਰੀ ਕੀਤੇ ਕੁਝ ਛੋਟਾਂ ਦੇਣ ਵਾਲੇ ਹੁਕਮਾਂ ਦੀ ਲਗਾਤਾਰਤਾ ਵਿੱਚ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਮੌਜੂਦ ਹਾਲਾਤ ਦੇ ਮੱਦੇਨਜ਼ਰ ਖੁਰਾਕ ਤੇ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਵੱਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੁਝ ਹੋਰ ਸੇਵਾਵਾਂ ਅਤੇ ਵਸਤਾਂ ਨੂੰ ਵੀ ਜਰੂਰੀ ਵਸਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ‘ਚ ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਦੁਕਾਨਾਂ, ਬਿਜਲੀ ਦੇ ਪੱਖੇ, ਕੂਲਰ, ਏਸੀ ਮੁਰੰਮਤ, ਵਹੀਕਲ ਮੁਰੰਮਤ ਤੇ ਸਪੇਅਰ ਪਾਰਟਸ, ਇਲੈਕਟ੍ਰੀਕਲ ਸਰਵਿਸ, ਇਲੈਕਟਰੀਕਲ ਤੇ ਸੈਨਟਰੀ ਵਸਤਾਂ ਦੀ ਸਪਲਾਈ, ਉਸਾਰੀ ਕਾਰਜਾਂ ਵਾਲੀਆਂ ਵਸਤਾਂ, ਸੀਮੇਂਟ, ਇੱਟਾਂ, ਰੇਤਾ, ਪਲਾਈਵੁਡ, ਲੱਕੜ ਤੇ ਸ਼ੀਸ਼ਾ ਆਦਿ, ਆਈ.ਟੀ. ਰਿਪੇਅਰ, ਇਨਵਰਟਰ ਸਪਲਾਈ, ਪਲੰਬਰ ਸੇਵਾਵਾਂ, ਕਾਰਪੇਂਟਰ ਤੇ ਹਾਰਡਵੇਅਰ ਤੇ ਪੇਂਟ ਦੀ ਸਪਲਾਈ ਸ਼ਾਮਲ ਹਨ। ਇਨ੍ਹਾਂ ਨਾਲ ਸਬੰਧਤ ਵਸਤਾਂ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸ ਸਮੇਂ ਤੋਂ ਬਾਅਦ ਸ਼ਾਮ 7 ਵਜੇ ਤੱਕ ਘਰ-ਘਰ ਸਪਲਾਈ ਹੋਵੇਗੀ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਸ਼ਹਿਰੀ ਖੇਤਰਾਂ ਵਿੱਚ ਮਾਰਕੀਟ ਅਤੇ ਮਾਰਕੀਟ ਕੰਪਲੈਕਸ ਕੇਵਲ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਜਿਨ੍ਹਾਂ ਵਿੱਚ ਜਨਰਲ ਸਟੋਰ, ਗਰੌਸਰੀ, ਕਰਿਆਨਾ, ਪੰਸਾਰੀ, ਹੋਮਿਉਪੈਥਿਕ ਅਤੇ ਆਯੁਰਵੈਦਿਕ ਦਵਾਈਆਂ, ਦਵਾਈਆਂ ਦੀਆਂ ਦੁਕਾਨਾਂ, ਫ਼ਲਾਂ ਤੇ ਸਬਜ਼ੀਆਂ, ਆਂਡੇ, ਪੋਲਟਰੀ, ਮੀਟ, ਡੇਅਰੀ ਉਤਪਾਦਨ ਵਸਤਾਂ ਤੇ ਦਵਾਈਆਂ ਅਤੇ ਖੇਤੀਬਾੜੀ ਨਾਲ ਸਬੰਧਤ ਵਸਤਾਂ ਦੀਆਂ ਦੁਕਾਨਾਂ ਸ਼ਾਮਲ ਹਨ, ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਇਸ ਤੋਂ ਜਦੋਂਕਿ ਪਹਿਲੇ ਹੁਕਮਾਂ ਮੁਤਾਬਕ ਸ਼ਹਿਰੀ ਖੇਤਰਾਂ ‘ਚ ਇਕੱਲੀਆਂ-ਇਕੱਲੀਆਂ ਦੁਕਾਨਾਂ ਸਮੇਤ ਦਿਹਾਤੀ ਖੇਤਰਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਪਹਿਲਾਂ ਹੀ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲਾਗੂ ਹੈ। ਪਰੰਤੂ ਇਹ ਹੁਕਮ ਹਾਟ ਸਪਾਟ ਅਤੇ ਕੰਟੇਨਮੈਂਟ ਜੋਨ ਵਿੱਚ ਲਾਗੂ ਨਹੀਂ ਹੋਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ‘ਚ ਕੁਝ ਢਿੱਲ ਦਿੱਤੇ ਜਾਣ ਸਬੰਧੀਂ ਕੀਤੇ ਐਲਾਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਸਨਮੁੱਖ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਸ ਦੌਰਾਨ ਕੋਵਿਡ-19 ਸਬੰਧੀਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕੀਤੀ ਜਾਵੇ। ਇਨ੍ਹਾਂ ਹੁਕਮਾਂ ਤੇ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਆਪਦਾ ਪ੍ਰਬੰਧਨ ਐਕਟ 2005 ਤੇ ਭਾਰਤੀ ਦੰਡਾਵਲੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।