Punjab allows langar prasad at religious places

June 10, 2020 - PatialaPolitics

ਪੰਜਾਬ ਸਰਕਾਰ ਨੇ ਸੂਬੇ ਅੰਦਰ ਸਥਿਤ ਧਾਰਮਿਕ ਅਸਥਾਨਾਂ ’ਤੇ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸੰਬੰਧੀ ਹੁਕਮ ਰਾਜ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ। ਪ੍ਰਸ਼ਾਦ ਅਤੇ ਲੰਗਰ ਬਣਾਉਣ ਅਤੇ ਵਰਤਾਉਣ ਸਮੇਂ ਕੋਵਿਡ ਨਿਯਮਾਂ ਦੀ ਪਾਲਣਾ ਜ਼ਰੂਰੀ ਹੋਵੇਗੀ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ‘ਅਨਲਾਕ-1’ ਲਈ ਜਾਰੀ ਹੁਕਮਾਂ ਤਹਿਤ 8 ਜੂਨ ਤੋਂ ਧਾਰਮਿਕ ਅਸਥਾਨ ਖੋਲ੍ਹਣ ਦੀ ਪ੍ਰਵਾਨਗੀ ਤਾਂ ਦਿੱਤੀ ਗਈ ਸੀ ਪਰ ਨਾਲ ਹੀ ਹੋਰਨਾਂ ਪਾਬੰਦੀਆਂ ਦੇ ਨਾਲ ਨਾਲ ਇਹ ਸ਼ਰਤ ਰੱਖ਼ੀ ਗਈ ਸੀ ਕਿ ਇਨ੍ਹਾਂ ਅਸਥਾਨਾਂ ਵਿਚ ਪ੍ਰਸ਼ਾਦ ਜਾਂਲੰਗਰ ਨਹੀਂ ਵਰਤਾਇਆ ਜਾਵੇਗਾ।

ਇਸ ਫ਼ੈਸਲੇ ਦਾ ਵਿਰੋਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰਨਾਂ ਧਾਰਮਿਕ ਨੇਤਾਵਾਂ ਤੋਂ ਇਲਾਵਾ ਅਕਾਲੀ ਦਲ ਦੇ ਕੁਝ ਆਗੂਆਂ ਨੇ ਵੀ ਕੀਤਾ ਸੀ ਜਿਸ ਤੇ ਮੁੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਇਹ ਗੱਲ ਆਖ਼ੀ ਸੀ ਕਿ ਇਹ ਪਾਬੰਦੀ ਉਨ੍ਹਾਂ ਦੀ ਸਰਕਾਰ ਨੇ ਨਹੀਂ ਸਗੋਂ ਕੇਂਦਰ ਸਰਕਾਰ ਨੇ ਲਗਾਈ ਹੈ।

ਜਿੱਥੇ ਸ:ਲੌਂਗੋਵਾਲ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੂੰ ਚਿੱਠੀ ਲਿਖ਼ਣ ਦੀ ਗੱਲ ਆਖ਼ੀ ਸੀ ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਉਹ ਇਸ ਸੰਬੰਧੀ ਸ੍ਰੀ ਮੋਦੀ ਨੂੰ ਪੱਤਰ ਲਿਖ਼ਣਗੇ।

ਇਸ ਸੰਬੰਧੀ ਵਿਰੋਧ ਉਦੋਂ ਹੋਰ ਤਿੱਖੇ ਰੂਪ ਵਿਚ ਸਾਹਮਣੇ ਆਇਆ ਜਦ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਨਾ ਇਸ ਫ਼ੈਸਲੇ ਦੀ ਵਿਰੋਧਤਾ ਕਰਦਿਆਂ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਸਰਕਾਰ ਨੇ ਰੈਸਟੋਰੈਂਟਾਂ ਵਿਚ ਖ਼ਾਣਾ ਤਿਆਰ ਕਰਕੇ ਵੇਚੇ ਜਾਣ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ ਪਰ ਗੁਰਦੁਆਰਿਆਂ ਵਿਚ ਪ੍ਰਸ਼ਾਦ ਅਤੇ ਲੰਗਰ ਦੀ ਇਜਾਜ਼ਤ ਨਾ ਦੇਣ ਦਾ ਫ਼ੈਸਲਾ ਲਿਆ ਹੈ ਜੋ ਕਿ ਸਰਾਸਰ ਗ਼ਲਤ ਹੈ।

ਇੱਥੇ ਹੀ ਬਸ ਨਹੀਂ, ਬੀਬੀ ਕਿਰਨਜੋਤ ਕੌਰ ਨੇ ਇਸ ਸੰਬੰਧੀ ਸ: ਲੌਂਗੋਵਾਲ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ’ਤੇ ਵੀ ਤਨਜ਼ ਕੱਸਦਿਆਂ ਕਿਹਾ ਸੀ ਕਿ ‘‘ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਦੁਆਰਿਆਂ ਵਿਚ ਪ੍ਰਸ਼ਾਦ ਵਰਤਾਉਣ ਲਈ ਮੋਦੀ ਨੂੰ ਬੇਨਤੀ ਪੱਤਰ ਲਿਖ਼ ਰਿਹੈ! ਕੋਈ ਅਣਖ, ਕੋਈ ਸਿੱਖੀ ਦਾ ਬੀਜ ਰਹਿ ਗਿਐ? ਅਕਾਲੀ ਮੰਤਰੀ ਬੈਠੀ ਹੈ ਮੋਦੀ ਸਰਕਾਰ ਵਿਚ….. .. .. .. ਕਿਉਂ ਆਪਣੀ ਗੁਲਾਮ ਜ਼ਿਹਨੀਅਤ ਨਾਲ ਸਿੱਖ ਹਿਰਦੇ ਵਲੂੰਧਰ ਰਹੇ ਹੋ।’’

ਪ੍ਰਸ਼ਾਦ ਅਤੇ ਲੰਗਰ ਵਰਤਾਉਣ ਦੇ ਮਸਲੇ ’ਤੇ ਤਿੱਖੇ ਹੋ ਰਹੇ ਵਿਵਾਦ ਨੂੰ ਵੇਖ਼ਦਿਆਂ 9 ਜੂਨ ਦੇਰ ਸ਼ਾਮ ਨੂੰ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਜਿਸ ਨਾਲ ਧਾਰਮਿਕ ਅਸਥਾਨਾਂ ’ਤੇ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਦੀ ਸੇਵਾ ਬੁੱਧਵਾਰ ਤੋਂ ਹੀ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ।