Divisional Commissioner Patiala visited Ghaggar River

July 9, 2020 - PatialaPolitics


ਪਟਿਆਲਾ ਡਵੀਜਨ ਦੇ ਡਵੀਜਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਅੱਜ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਦਰਿਆ ਦਾ ਦੌਰਾ ਕਰਕੇ ਹੜ੍ਹ ਰੋਕੂ ਕੰਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ ਸਮੇਤ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਰਮਨਦੀਪ ਸਿੰਘ ਬੈਂਸ ਤੇ ਐਸ.ਡੀ.ਓ. ਸ. ਨਿਰਮਲ ਸਿੰਘ ਮੌਜੂਦ ਸਨ।
ਅੱਜ ਘੱਗਰ ਦਰਿਆ ਉਪਰ ਬਣੇ ਪਿੰਡ ਮਾੜੂ ਦੇ ਪੁਲ ਸਮੇਤ ਸਰਕੱਪੜਾ, ਪੁਰ ਤੇ ਹਡਾਨਾ ਦੇ ਪੁਲਾਂ ਹੇਠਾਂ ਜਲ ਨਿਕਾਸ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਚੰਦਰ ਗੈਂਦ ਨੇ ਹੜ੍ਹ ਰੋਕੂ ਕੰਮਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡ ਪੁਰ ਦੇ ਪੁਲ ‘ਤੇ ਪੱਥਰਾਂ ਦੇ ਕੀਤੇ ਜਾ ਰਹੇ ਕੰਮਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇ। ਸ੍ਰੀ ਗੈਂਦ ਨੇ ਕਿਹਾ ਕਿ ਪ੍ਰਸ਼ਾਸਨ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ, ਜਿਸ ਲਈ ਸਬੰਧਤ ਵਿਭਾਗਾਂ ਨੂੰ 24 ਘੰਟੇ ਚੌਕਸ ਰਹਿਣ ਸਮੇਤ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਿਆਰੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਡਵੀਜਨਲ ਕਮਿਸ਼ਨਰ ਨੂੰ ਹੜ੍ਹਾਂ ਦੀ ਰੋਕਥਾਮ ਸਬੰਧੀਂ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਤਿਆਰੀਆਂ ਜੋਰਾਂ ‘ਤੇ ਹਨ ਅਤੇ ਹੜ੍ਹਾਂ ਦੀ ਰੋਕਥਾਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਹੜ੍ਹਾਂ ਦੇ ਮੱਦੇਨਜ਼ਰ ਪਿੰਡ ਹਡਾਨਾ ਦੇ ਨੇੜੇ ਦਰਿਆ ਘੱਗਰ ਦੇ ਪੁਲ ‘ਤੇ ਮਨਰੇਗਾ ਸਕੀਮ ਤਹਿਤ ਮਿੱਟੀ ਨਾਲ ਭਰੇ ਥੈਲੇ ਰੱਖੇ ਜਾ ਰਹੇ ਹਨ ਤਾਂ ਕਿ ਇਨ੍ਹਾਂ ਨੂੰ ਲੋੜ ਪੈਣ ‘ਤੇ ਵਰਤਿਆ ਜਾ ਸਕੇ।