Coronavirus:Patiala ready to face any situation

July 25, 2020 - PatialaPolitics


ਪਟਿਆਲਾ ਜ਼ਿਲ੍ਹੇ ‘ਚ ਵੱਧ ਰਹੇ ਕੋਵਿਡ ਕੇਸਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਸਮੱਰਥਾ ਨਾਲ ਕੰਮ ਕਰ ਰਿਹਾ ਹੈ ਅਤੇ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਮਰੀਜ਼ਾਂ ਲਈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚ 3640 ਬਿਸਤਰਿਆਂ ਦੀ ਵਿਵਸਥਾ ਕੀਤੀ ਗਈ ਹੈ।
ਪੰਜਾਬ ਭਰ ‘ਚ ਕੋਵਿਡ ਨਾਲ ਨਜਿੱਠਣ ਲਈ ਮੈਡੀਕਲ ਸਹੂਲਤਾਂ ਤੇ ਹਸਪਤਾਲਾਂ ‘ਚ ਪ੍ਰਬੰਧਾਂ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਵੱਲੋਂ ਕੀਤੀ ਗਈ ਵੀਡੀਓ ਕਾਨਫਰੰਸਿੰਗ ਦੌਰਾਨ, ਮੁੱਖ ਸਕੱਤਰ ਨੂੰ ਪਟਿਆਲਾ ਦੀ ਸਥਿਤੀ ਤੋਂ ਜਾਣੂ ਕਰਵਾਉਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਵੱਧਦੇ ਕੋਵਿਡ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਹਸਪਤਾਲਾਂ ‘ਚ ਮਰੀਜਾਂ ਲਈ ਬੈਡਾਂ ਤੇ ਲੋੜੀਂਦੇ ਵੈਟੀਲੇਟਰਾਂ ਸਮੇਤ ਪੀ.ਪੀ.ਈ. ਕਿੱਟਾਂ, ਮਾਸਕ ਅਤੇ ਟੈਸਟਿੰਗ ਕਿੱਟਾਂ ਅਤੇ ਹਰੇਕ ਜ਼ਰੂਰੀ ਸਮਾਨ ਉਪਲਬਧ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਸਥਿਤੀ ਨਿਯੰਤਰਣ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਰੰਤੂ ਸਰਕਾਰ ਵੱਲੋਂ ਕੋਵਿਡ-19 ਤੋਂ ਬਚਣ ਲਈ ਜਾਰੀ ਸੁਰੱਖਿਆ ਨੇਮਾਂ ਤੇ ਹਦਾਇਤਾਂ, ਆਪਸੀ ਦੂਰੀ, ਮਾਸਕ ਦੀ ਵਰਤੋਂ, ਹੱਥ ਧੋਣ ਆਦਿ ਸਾਵਧਾਨੀਆਂ ਦੀ ਵਰਤੋਂ ਦੀ ਪਾਲਣਾ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨੂੰ ਵੱਧਦੇ ਕੇਸਾਂ ‘ਤੇ ਨਿਗਰਾਨੀ ਰੱਖਣ ਅਤੇ ਹੋਰ ਮੈਡੀਕਲ ਸਬੰਧੀ ਲੋੜੀਂਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਨੋਡਲ ਅਫ਼ਸਰ ਲਗਾਇਆ ਗਿਆ ਹੈ। ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਸਥਾਪਤ ਪੰਜਾਬ ਦੇ ਪਹਿਲੇ ਪਲਾਜ਼ਮਾ ਬੈਂਕ ਬਾਰੇ ਜਾਣੂ ਕਰਵਾਉਂਦਿਆਂ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ‘ਚ 543 ਐਕਟਿਵ ਕੇਸ ਹਨ (ਕੇਵਲ 268 ਆਈਸੋਲੇਸ਼ਨ ਵਾਰਡ ‘ਚ ਹਨ) ਜਦੋਂਕਿ ਬਿਸਤਰਿਆਂ ਦੀ ਸਮਰੱਥਾ 3640 ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਤੱਕ ਕੋਵਿਡ ਪਾਜੀਟਿਵ 1266 ਕੇਸਾਂ ਵਿਚੋਂ 653 ਮਰੀਜ਼ ਹੁਣ ਤੱਕ ਠੀਕ ਹੋਕੇ ਆਪਣੇ ਘਰਾਂ ਵਿੱਚ ਜਾ ਚੁੱਕੇ ਹਨ ਅਤੇ ਹੋਰ ਕੋਵਿਡ ਮਾਮਲਿਆਂ ਦੀ ਭਾਲ ਲਈ ਜ਼ਿਲ੍ਹੇ ਵਿੱਚ ਟੈਸਟਿੰਗ ਦਾ ਕੰਮ ਵੀ ਲਗਾਤਾਰ ਜਾਰੀ ਹੈ।
ਜ਼ਿਲ੍ਹੇ ‘ਚ ਕੋਵਿਡ ਕੇਅਰ ਸੈਂਟਰਾਂ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ‘ਚ 3640 ਬਿਸਤਰਿਆਂ ਨੂੰ ਵਿਸ਼ੇਸ਼ ਤੌਰ ‘ਤੇ ਕੋਵਿਡ ਦੇ ਮਰੀਜ਼ਾਂ ਲਈ ਰੱਖਿਆ ਗਿਆ ਹੈ, ਜਿਨ੍ਹਾਂ ‘ਚ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ 650, ਨਾਭਾ, ਰਾਜਪੁਰਾ ਅਤੇ ਸਮਾਣਾ ਦੇ ਸਿਵਲ ਹਸਪਤਾਲਾਂ ‘ਚ 50 ਬਿਸਤਰੇ ਪ੍ਰਤੀ ਹਸਪਤਾਲ, ਆਰਮੀ ਹਸਪਤਾਲ ‘ਚ 240, ਜੇਲ ਅਤੇ ਗਾਇਨੀ ਵਾਰਡ ‘ਚ ਵੀ 20 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜਦੋਂ ਕਿ ਬਾਕੀ ਬਿਸਤਰਿਆਂ ਦਾ ਪ੍ਰਬੰਧ ਮੈਰੀਟੋਰੀਅਸ ਸਕੂਲ, ਪੰਜਾਬੀ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਲਾਅ ਯੂਨੀਵਰਸਿਟੀ ਵਿਖੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਫ਼ਸਰਾਂ ਦੇ ਗੈਸਟ ਹਾਊਸ ਸਮੇਤ ਐਮ.ਓ.ਯੂ. ਰਾਹੀਂ ਪ੍ਰਾਈਵੇਟ ਹਸਪਤਾਲਾਂ ‘ਚ ਵੀ 91 ਬਿਸਤਰੇ ਉਪਲਬਧ ਹਨ।
ਡਿਪਟੀ ਕਮਿਸ਼ਨਰ ਨੇ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੂੰ ਭਰੋਸਾ ਦਿਵਾਇਆ ਕਿ ਪਟਿਆਲਾ ਵਿੱਚ ਕੋਵਿਡ ਦੇ ਲੈਵਲ-1, ਲੈਵਲ-2 ਅਤੇ ਲੈਵਲ-3 ਕੇਸਾਂ ਨਾਲ ਨਜਿੱਠਣ ਲਈ ਪੁੱਖਤਾ ਪ੍ਰਬੰਧ ਹਨ।