Rehdi Market in Patiala to begin soon

August 11, 2020 - PatialaPolitics


ਵੇੈਂਡਰ ਪਾਲਿਸੀ ਦੇ ਲਾਗੂ ਹੋਣ ਦਾ ਇੰਤਜਾਰ ਹੁਣ ਖਤਮ ਹੋਣ ਜਾ ਰਿਹਾ ਹੈ। ਪਟਿਆਲਾ ਨਗਰ ਨਿਗਮ ਇਸੇ ਮਹੀਨੇ ਇਸ ਪਾਲਿਸੀ ਨੂੰ ਲਾਗੂ ਕਰਕੇ ਘਲੋੜੀ ਗੇਟ ਦੇ ਨੇੜੇ ਸ਼ਹੀਦ ਭਗਤ ਸਿੰਘ ਚੌਂਕ ਦੇ ਨਾਲ ਤਿਆਰ ਕੀਤੀ ਗਈ ਨਵੀਂ ਰੇਹੜੀ ਮਾਰਕੀਟ ਵਿੱਚ 600 ਰੇਹੜੀਆਂ ਨੂੰ ਤਬਦੀਲ ਕਰਨ ਜਾ ਰਿਹਾ ਹੈ। ਇਸ ਨੀਤੀ ਦੇ ਲਾਗੂ ਹੋਣ ਨਾਲ ਸ਼ਹਿਰ ਦੇ ਹਰੇਕ ਰੇਹੜੀ ਵਾਲੇ ਨੂੰ ਰੇਹੜੀ ਖੜ੍ਹੀ ਕਰਨ ਲਈ ਨਿਗਮ ਵਲੋਂ ਜਗ੍ਹਾ ਦਿੱਤੀ ਜਾਵੇਗੀ, ਤਾਂ ਕਿ ਹਰੇਕ ਰੇਹੜੀ ਵਾਲਾ ਚੰਗੀ ਜਗ੍ਹਾ ‘ਤੇ ਆਪਣੀ ਰੇਹੜੀ ਖੜੀ ਕਰਕੇ ਆਪਣੀ ਆਰਥਿਕ ਹਾਲਤ ‘ਚ ਸੁਧਾਰ ਲਿਆ ਸਕੇ।
ਇਸ ਨੀਤੀ ਦੇ ਲਾਗੂ ਹੋਣ ਨਾਲ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਚੰਡੀਗੜ੍ਹ ਵਰਗਾ ਬਣਾਉਣ ਲਈ ਵੱਡੀ ਸਹਾਇਤਾ ਮਿਲੇਗੀ ਅਤੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਮੁਕਤੀ ਮਿਲੇਗੀ। ਕਰੋਨਾ ਮਹਾਮਾਰੀ ਦੌਰਾਨ ਐਂਬੂਲੈਂਸ ਹੁਣ ਸ਼ਹਿਰ ਦੇ ਕਿਸੇ ਹੀ ਪ੍ਰਮੁੱਖ ਚੌਰਾਹੇ ‘ਚ ਨਹੀਂ ਫਸੇਗੀ। ਵੈਂਡਰ ਪਾਲਿਸੀ ਦੇ ਲਾਗੂ ਹੋਣ ਨਾਲ ਰੇਹੜੀ ਵਾਲਿਆਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਸਾਮਾਜਿਕ ਦੂਰੀ ਬਣਾਈ ਰਖਣ ‘ਚ ਵੀ ਸਹਾਇਕ ਹੋਵੇਗੀ ਅਤੇ ਇਸ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕਰਵਾਏ ਮਿਸ਼ਨ ਫਤਹਿ ਨੂੰ ਸਫ਼ਲ ਬਣਾਉਣਾ ਆਸਾਨ ਹੋ ਸਕੇਗਾ।
ਮੇਅਰ ਸੰਜੀਵ ਸ਼ਰਮਾ ਨੇ ਪਟਿਆਲਾ ਨਿਗਮ ਨੂੰ ਵੈਂਡਰ ਪਾਲਿਸੀ ਲਾਗੂ ਕਰਨ ਵਿੱਚ ਪੰਜਾਬ ਦਾ ਪਹਿਲਾ ਨਿਗਮ ਬਣਨ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਪ੍ਰਨੀਤ ਕੌਰ, ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਤੇ ਬੀਬਾ ਜੈਇੰਦਰ ਕੌਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਮੀਨ ਸਮੇਤ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਰੇਹੜੀ ਮਾਰਕੀਟ ਵਿੱਚ ਆਉਣ ਵਾਲੇ ਹਰੇਕ ਵੈਂਡਰ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹਈਆ ਕਰਵਾਉਣ ਦਾ ਖਾਸ ਇੰਤਜਾਮ ਨਿਗਮ ਵਲੋਂ ਕੀਤਾ ਗਿਆ ਹੈ।
ਮੇਅਰ ਨੇ ਕਿਹਾ ਕਿ ਪੰਜਾਬ ਦੀਆਂ ਹੋਰ ਨਿਗਮਾਂ ਲਈ ਪਟਿਆਲਾ ਦੀ ਵੈਂਡਰ ਪਾਲਿਸੀ ਇੱਕ ਮਾਡਲ ਵਜੋਂ ਜਾਣੀ ਜਾਵੇਗੀ। ਉਨ੍ਹਾਂ ਕਿਹਾ ਕਿ ਤਕਰੀਬਨ 257 ਸਾਲ ਪੁਰਾਣੇ ਸ਼ਾਹੀ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਵੈਂਡਰ ਨੀਤੀ ਲਾਗੂ ਕਰਕੇ ਚੰਡੀਗੜ੍ਹ ਵਰਗਾ ਬਣਾਇਆ ਜਾ ਸਕੇਗਾ। ਮੇਅਰ ਮੁਤਾਬਿਕ ਵਿਰਾਸਤੀ ਸ਼ਹਿਰ ਦੀਆਂ ਜਰੂਰਤਾਂ ਨੂੰ ਨੇੜੇ ਤੋਂ ਸਮਝਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਲਈ ਵੈਂਡਰ ਪਲਿਸੀ ਪਾਸ ਕਰਕੇ ਪੰਜਾਬ ਦੇ ਇਤਿਹਾਸਿਕ ਸ਼ਹਿਰ ਪਟਿਆਲਾ ਨੂੰ ਸਮਾਰਟ ਸਿਟੀ ਵੱਲ ਵਧਾ ਦਿੱਤਾ ਹੈ।
ਨਿਗਮ ਕਮਿਸ਼ਨਰ ਪੂਨਮਦੀਪ ਕੌਰ ਦਾ ਕਹਿਣਾ ਹੈ ਕਿ ਪਟਿਆਲਾ ਨਗਰ ਨਿਗਮ ਵੱਲੋਂ ਸ਼ਹਿਰ ਲਈ ਵੈਂਡਰ ਪਾਲਿਸੀ ਦੇ ਇਤਿਹਾਸਕ ਫੈਸਲੇ ਨੂੰ ਲਾਗੂ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਭ ਤੋਂ ਪਹਿਲਾਂ, ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਅਤੇ ਰਾਘੋਮਜਾਰਾ ਦੀ ਸਬਜ਼ੀਮੰਡੀ ਤੋਂ ਲਗਭਗ 600 ਰੇਹੜੀਆਂ ਸਨੌਰੀ ਅੱਡਾ ਦੀ ਨਵੀਂ ਰੇਹੜੀ ਮਾਰਕੀਟ ਵਿੱਚ ਭੇਜੀਆ ਜਾਣਗੀਆਂ। ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਬੇਹਦ ਖੁਸ਼ ਹਨ ਕਿ ਪਟਿਆਲਾ ਵੈਂਡਰ ਪਾਲੀਸੀ ਵਿੱਚ ਪੰਜਾਬ ਦੇ ਹੋਰ ਸ਼ਹਿਰਾਂ ਲਈ ਰੋਲ ਮਾਡਲ ਵਜੋਂ ਜਾਣਿਆ ਜਾਵੇਗਾ।
-28 ਨਾਨ ਵੈਂਡਰ ਜੋਨ, 28 ਵੈਂਡਰ ਜੋਨ
ਵੈਂਡਰ ਨੀਤੀ ਤਿਆਰ ਕਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਸੁਪਰਡੈਂਟ ਸੁਨੀਲ ਮਹਿਤਾ ਨੇ ਦੱਸਿਆ ਕਿ ਨਾਨ ਵੈਂਡਰ ਜੋਨ ਵਿੱਚ ਕੋਈ ਵੀ ਰੇਹੜੀ ਖੜ੍ਹਾ ਨਹੀਂ ਹੋਣ ਦਿੱਤੀ ਜਾਵੇਗੀ। ਨਿਗਮ ਵਲੋਂ ਕਰਵਾਏ ਸਰਵੇ ਦੇ ਆਧਾਰ ‘ਤੇ ਸ਼ਹਿਰ ਦੇ 28 ਇਲਾਕਿਆਂ ਨੂੰ ਨਾਨ ਵੈਂਡਰ ਜੋਨ ਅਤੇ 28 ਇਲਾਕਿਆਂ ਨੂੰ ਵੈਂਡਰ ਜੋਨ ਅਧੀਨ ਰੱਖਿਆ ਗਿਆ ਹੈ।
-ਖੇਤਰਾਂ ਦੇ ਅਨੁਸਾਰ ਤਿੰਨ ਸ਼੍ਰੇਣੀਆਂ
ਵੈਂਡਰ ਨੀਤੀ ਦੇ ਤਹਿਤ, ਕਾਰਪੋਰੇਸ਼ਨ ਨੇ ਵੈਂਡਰ ਜੋਨਾਂ ਨੂੰ ਪ੍ਰਾਪਰਟੀ ਟੈਕਸ ਦੀ ਦਰਜ ਤੇ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਰੱਖਿਆ ਹੈ ਜਿਸ ਵਿੱਚ ਸ਼ਹਿਰ ਦੇ ਅਵਲ ਖੇਤਰ, ਮੱਧ ਅਤੇ ਨੀਵੇਂ ਖੇਤਰਾਂ ਨੂੰ ਏ, ਬੀ ਅਤੇ ਸੀ ਸ਼੍ਰੇਣੀ ਦਿੱਤੀ ਗਈ ਹੈ। ਏ-ਸ਼੍ਰੇਣੀ ਵਿਚ 373, ਬੀ-ਸ਼੍ਰੇਣੀ ਵਿੱਚ 416 ਵਿਚ ਅਤੇ 890 ਵੈਂਡਰਾਂ ਨੂੰ ਸੀ-ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸਬਜ਼ੀ ਵਪਾਰੀਆਂ ਨੂੰ ਵਾਧੂ ਲਾਭ ਦਿੰਦਿਆਂ ਸਨੋਰੀ ਅੱਡਾ ਦੀ ਰੇਹੜੀ ਮਾਰਕੀਟ ਨੂੰ ਸੀ-ਸ਼੍ਰੇਣੀ ਵਿੱਚ ਰੱਖਿਆ ਹੈ ਤਾਂ ਜੋ ਇਸ ਮਾਰਕੀਟ ਦੇ ਲੋਕਾਂ ਨੂੰ ਵਾਧੂ ਵਿੱਤੀ ਬੋਝ ਨਾ ਝੱਲਣਾ ਪਵੇ।
-ਸ਼ਹਿਰ ‘ਚ ਵੈਂਡਰਾਂ ਦੀ ਕੁੱਲ ਸੰਖਿਆ 4025
ਵੈਂਡਰ ਕਮੇਟੀ ਦੇ ਪ੍ਰਮੁੱਖ ਮੈਂਬਰ ਅਤੇ ਕੌਂਸਲਰ ਵਿਜੈ ਕੂਕਾ ਅਨੁਸਾਰ ਵੈਂਡਰ ਨੀਤੀ ਬਾਰੇ ਕਾਰਪੋਰੇਸ਼ਨ ਦੁਆਰਾ ਕਰਵਾਏ ਗਏ ਸਰਵੇਖਣ ਅਨੁਸਾਰ ਸ਼ਹਿਰ ਵਿਚ ਕੁਲ ਵਿਕਰੇਤਾਵਾਂ ਦੀ ਗਿਣਤੀ 4025 ਹੈ। ਇਨ੍ਹਾਂ ਵਿਚੋਂ ਮੋਬਾਈਲ ਵਿਕਰੇਤਾ 510, ਹਫ਼ਤਾਵਾਰੀ ਵਿਕਰੇਤਾ 833, ਰੋਜ਼ਾਨਾ ਮਾਰਕੀਟ ਵਿਕਰੇਤਾ 606, ਸਥਾਈ ਵਿਕਰੇਤਾ 2076 ਹਨ। ਸਥਾਈ ਵਿਕਰੇਤਾਵਾਂ ਵਿੱਚੋਂ, ਨਿਗਮ ਨੇ 900 ਤੋਂ ਵੱਧ ਨੂੰ ਵੈਂਡਰ ਕਾਰਡ ਜਾਰੀ ਕਰ ਦਿੱਤਾ ਹੈ ਅਤੇ ਬਾਕੀ ਨੂੰ ਛੇਤੀ ਵੈਂਡਰ ਕਾਰਡ ਜਾਰੀ ਕਰ ਦਿੱਤਾ ਜਾਵੇਗਾ।