Unlock orders by Patiala DC 2 October

October 2, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਕੋਵਿਡ-19 ਕਰਕੇ ਲਾਗੂ ਹਫ਼ਤੇ ਦੇ ਆਖ਼ਰੀ ਦਿਨ, ਐਤਵਾਰ ਅਤੇ ਰਾਤ ਦਾ ਕਰਫਿਊ ਖ਼ਤਮ ਕਰ ਦਿੱਤਾ ਗਿਆ ਹੈ। ਪਰੰਤੂ ਕੰਟੇਨਮੈਂਟ ਜ਼ੋਨ ਐਲਾਨੇ ਜਾਣ ਵਾਲੇ ਖੇਤਰਾਂ ‘ਚ ਲਾਕਡਾਊਨ ਸਬੰਧੀ ਪਾਬੰਦੀਆਂ ਜਾਰੀ ਰਹਿਣਗੀਆਂ। ਜਦੋਂਕਿ ਕੰਟੇਨਮੈਂਟ ਜ਼ੋਨਾਂ ਦੇ ਬਾਹਰਲੇ ਇਲਾਕਿਆਂ ਵਿੱਚ ਦੁਕਾਨਾਂ, ਰੈਸਟੋਰੈਂਟਾਂ, ਹੋਟਲਾਂ, ਸ਼ਰਾਬ ਦੇ ਠੇਕਿਆਂ ਆਦਿ ਬਾਰੇ ਕੋਵਿਡ-19 ਕਰਕੇ ਲਾਗੂ ਸਮੇਂ ਦੀ ਪਾਬੰਦੀ ਵੀ ਖ਼ਤਮ ਕਰ ਦਿੱਤੀ ਗਈ ਹੈ।
ਇਸ ਤੋਂ ਬਿਨ੍ਹਾਂ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਸਮਾਜਿਕ, ਅਕਾਦਮਿਕ, ਖੇਡਾਂ, ਮਨਪ੍ਰਚਾਵੇ ਲਈ, ਸੱਭਿਆਚਾਰਕ ਤੇ ਸਿਆਸੀ ਪ੍ਰੋਗਰਾਮਾਂ ਵਿੱਚ 100 ਵਿਅਕਤੀਆਂ ਦੇ ਇਕੱਠ ਦੀ ਵੀ ਆਗਿਆ ਹੋਵੇਗੀ। ਪਰੰਤੂ ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾਂ ਲਾਜਮੀ ਹੋਵੇਗੀ। ਜਦੋਂਕਿ ਵਿਆਹਾਂ ਅਤੇ ਮਰਗ ਆਦਿ ਸਮਾਗਮਾਂ ਲਈ ਵੀ 100 ਵਿਅਕਤੀਆਂ ਤੱਕ ਇਕੱਠ ਕਰਨ ਦੀ ਆਗਿਆ ਹੋਵੇਗੀ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਾਗੂ ਨਵੇਂ ਹੁਕਮਾਂ ਮੁਤਾਬਕ ਬੱਸਾਂ ਸਮੇਤ ਸਾਰੇ ਨਿਜੀ ਵਾਹਨਾਂ ‘ਚ ਤਾਕੀਆਂ/ਸ਼ੀਸੇ ਖੁੱਲ੍ਹੇ ਰੱਖਦੇ ਹੋਏ ਸਵਾਰੀਆਂ ਬਿਠਾਉਣ ਬਾਰੇ ਕੋਈ ਪਾਬੰਦੀ ਨਹੀਂ ਬਸ਼ਰਤੇ ਕਿ ਸਵਾਰੀਆਂ ਨੇ ਮਾਸਕ ਪਹਿਨੇ ਹੋਏ ਹੋਣ। ਜਦੋਂਕਿ ਕੋਵਿਡ-19 ਬਾਬਤ 30 ਸਤੰਬਰ 2020 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਹਦਾਇਤਾਂ ਦੀ ਜ਼ਿਲ੍ਹੇ ਵਿੱਚ ਅੰਦਰ ਪਾਲਣਾ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਰੇਲਾਂ, ਘਰੇਲੂ ਯਾਤਰੀ ਉਡਾਣਾ, ਵੰਦੇ ਭਾਰਤ ਤੇ ਹਵਾਈ ਆਵਾਜਾਈ, ਬਬਲ ਫਲਾਇਟਸ ਅਤੇ ਸਾਇਨ ਇਨ ਅਤੇ ਸਾਇਨ ਆਊਟ ਇੰਡੀਅਨ ਸੀਫੇਅਰਰਜ਼ ਨੂੰ ਵੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਤਹਿਤ ਆਗਿਆ ਹੋਵੇਗੀ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤਣ ਲਈ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ 65 ਸਾਲ ਦੀ ਉਮਰ ਤੋਂ ਵਧੇਰੇ ਵਿਅਕਤੀਆਂ, ਗੰਭੀਰ ਬਿਮਾਰੀਆਂ ਤੋਂ ਪੀੜਤ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਨੂੰ ਆਪਣੇ ਘਰਾਂ ‘ਚ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਬਸ਼ਰਤੇ ਕਿ ਘਰੋਂ ਬਾਹਰ ਨਿਕਲਣ ਲਈ ਕੋਈ ਜ਼ਰੂਰੀ ਕੰਮ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਨਿਰਧਾਤ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਆਫ਼ਤ ਪ੍ਰਬੰਧਨ ਐਕਟ 2005 ਦੀਆਂ ਧਾਰਾਵਾਂ 51 ਤੋਂ 60 ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।